ਹੁਣ ਟਰੰਪ ਵੱਲੋਂ ਭਾਰਤੀਆਂ ਨੂੰ ਵੱਡੀ ਰਾਹਤ

ਅਮਰੀਕਾ ਵਿਚ ਮੌਜੂਦ ਭਾਰਤੀ ਕਾਮਿਆਂ ਨੂੰ ਵੱਡੀ ਰਾਹਤ ਮਿਲੀ ਜਦੋਂ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੇ ਸਪੱਸ਼ਟ ਕਰ ਦਿਤਾ ਕਿ ਐਚ-1ਬੀ ਵੀਜ਼ਾ ਉਤੇ ਲੱਗਣ ਵਾਲੀ ਇਕ ਲੱਖ ਡਾਲਰ ਫੀਸ ਸਿਰਫ਼ ਨਵੀਆਂ ਅਰਜ਼ੀਆਂ ’ਤੇ ਵਸੂਲ ਕੀਤੀ ਜਾਵੇਗੀ

Update: 2025-09-22 12:43 GMT

ਵਾਸ਼ਿੰਗਟਨ : ਅਮਰੀਕਾ ਵਿਚ ਮੌਜੂਦ ਭਾਰਤੀ ਕਾਮਿਆਂ ਨੂੰ ਵੱਡੀ ਰਾਹਤ ਮਿਲੀ ਜਦੋਂ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੇ ਸਪੱਸ਼ਟ ਕਰ ਦਿਤਾ ਕਿ ਐਚ-1ਬੀ ਵੀਜ਼ਾ ਉਤੇ ਲੱਗਣ ਵਾਲੀ ਇਕ ਲੱਖ ਡਾਲਰ ਫੀਸ ਸਿਰਫ਼ ਨਵੀਆਂ ਅਰਜ਼ੀਆਂ ’ਤੇ ਵਸੂਲ ਕੀਤੀ ਜਾਵੇਗੀ ਅਤੇ 21 ਸਤੰਬਰ ਤੋਂ ਪਹਿਲਾਂ ਦਾਖਲ ਅਰਜ਼ੀਆਂ ਰਾਸ਼ਟਰਪਤੀ ਡੌਨਲਡ ਟਰੰਪ ਦੇ ਐਲਾਨਨਾਮੇ ਨਾਲ ਪ੍ਰਭਾਵਤ ਨਹੀਂ ਹੋਣਗੀਆਂ। ਦੂਜੇ ਪਾਸੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਾਈਨ ਲੈਵਿਟ ਨੇ ਸੋਸ਼ਲ ਮੀਡੀਆ ਰਾਹੀਂ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ ਇਕ ਲੱਖ ਡਾਲਰ ਦੀ ਫੀਸ ਹਰ ਸਾਲ ਵਸੂਲ ਨਹੀਂ ਕੀਤੀ ਜਾਵੇਗੀ ਅਤੇ ਸਿਰਫ਼ ਪਹਿਲੀ ਵਾਰ ਅਦਾਇਗੀ ਯੋਗ ਹੈ।

ਸਿਰਫ਼ ਨਵੀਆਂ ਅਰਜ਼ੀਆਂ ’ਤੇ ਲੱਗੇਗੀ ਇਕ ਲੱਖ ਡਾਲਰ ਫੀਸ

ਉਨ੍ਹਾਂ ਨਾਲ ਹੀ ਕਿਹਾ ਕਿ ਐਚ-1 ਬੀ ਵੀਜ਼ਾ ’ਤੇ ਅਮਰੀਕਾ ਪੁੱਜੇ ਪਰ ਇਸ ਵੇਲੇ ਭਾਰਤ ਗੇੜਾ ਲਾਉਣ ਗਏ ਪ੍ਰਵਾਸੀਆਂ ਤੋਂ ਇਕ ਲੱਖ ਡਾਲਰ ਦੀ ਫੀਸ ਵਸੂਲ ਨਹੀਂ ਕੀਤੀ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ ਡੌਨਲਡ ਟਰੰਪ ਵੱਲੋਂ ਨਵੇਂ ਨਿਯਮਾਂ ਦਾ ਐਲਾਨ ਕੀਤੇ ਜਾਣ ਮਗਰੋਂ ਪ੍ਰਵਾਸੀ ਭਾਰਤੀਆਂ ਵਿਚ ਭਾਜੜਾਂ ਪੈ ਗਈਆਂ ਅਤੇ ਲੋਕ ਭਾਰਤ ਜਾਣ ਵਾਲੇ ਜਹਾਜ਼ ਦੀ ਸੀਟ ਛੱਡ ਕੇ ਦੌੜੇ। ਸੋਸ਼ਲ ਮੀਡੀਆ ’ਤੇ ਕਈ ਵੀਡੀਓਜ਼ ਵੀ ਵਾਇਰਲ ਹੋਣ ਲੱਗੀਆਂ ਜਿਨ੍ਹਾਂ ਵਿਚ ਭਾਰਤੀ ਲੋਕਾਂ ਨੂੰ ਅਮਰੀਕਾ ਤੋਂ ਦਿੱਲੀ ਰਵਾਨਾ ਹੋਏ ਜਹਾਜ਼ ਵਿਚ ਬੇਚੈਨੀ ਦੀ ਹਾਲਤ ਵਿਚ ਦਿਖਾਇਆ ਗਿਆ। ਲੋਕਾਂ ਨੂੰ ਡਰ ਸਤਾਉਣ ਲੱਗਾ ਕਿ ਹੁਣ ਇਕ ਲੱਖ ਡਾਲਰ ਦੀ ਫੀਸ ਅਦਾ ਕੀਤੇ ਬਗੈਰ ਅਮਰੀਕਾ ਵਿਚ ਦਾਖਲਾ ਨਹੀਂ ਮਿਲੇਗਾ ਪਰ ਟਰੰਪ ਸਰਕਾਰ ਦੇ ਸਪੱਸ਼ਟੀਕਰਨ ਮਗਰੋਂ ਸਾਹ ਵਿਚ ਸਾਹ ਆਇਆ।

ਹਰ ਸਾਲ ਇਕ ਲੱਖ ਡਾਲਰ ਵਸੂਲ ਨਹੀਂ ਕੀਤੇ ਜਾਣਗੇ

ਦੱਸਿਆ ਜਾ ਰਿਹਾ ਹੈ ਕਿ ਸੈਨ ਫਰਾਂਸਿਸਕੋ ਹਵਾਈ ਅੱਡੇ ’ਤੇ ਦੁਬਈ ਜਾਣ ਵਾਲੇ ਜਹਾਜ਼ ਵਿਚੋਂ ਘੱਟੋ ਘੱਟ ਪੰਜ ਜਣੇ ਉਤਰਨ ਦੀ ਇਜਾਜ਼ਤ ਦੇ ਦਿਤੀ ਗਈ। ਦੂਜੇ ਪਾਸੇ ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਟਰੰਪ ਦੇ ਨਵੇਂ ਨਿਯਮਾਂ ਦਾ ਅਸਰ ਅਗਲੇ ਸਾਲ ਦਾਖਲ ਹੋਣ ਵਾਲੀਆਂ ਅਰਜ਼ੀਆਂ ’ਤੇ ਦੇਖਣ ਨੂੰ ਮਿਲੇਗਾ ਕਿਉਂਕਿ ਜ਼ਿਆਦਾਤਰ ਕੰਪਨੀਆਂ ਵੱਲੋਂ ਐਚ-1ਬੀ ਵੀਜ਼ਾ ਅਰਜ਼ੀਆਂ ਦਾਖਲ ਕੀਤੀਆਂ ਜਾ ਚੁੱਕੀਆਂ ਹਨ। ਜੇ.ਐਸ.ਏ. ਐਡਵੋਕੇਟਸ ਦੇ ਭਾਈਵਾਲ ਸਜਾਈ ਸਿੰਘ ਦਾ ਕਹਿਣਾ ਸੀ ਕਿ ਸ਼ੁਰੂਆਤੀ ਝਟਕੇ ਮਗਰੋਂ ਕੁਝ ਰਾਹਤ ਮਿਲ ਚੁੱਕੀ ਹੈ ਅਤੇ ਦੀਵਾਲੀ ਮਨਾਉਣ ਭਾਰਤ ਗਏ ਲੋਕਾਂ ਨੂੰ ਹੁਣ ਘਬਰਾਉਣ ਦੀ ਜ਼ਰੂਰਤ ਨਹੀਂ। ਜੀ.ਟੀ.ਟੀ. ਡਾਟਾ ਸਲਿਊਸ਼ਨਜ਼ ਦੇ ਗਣੇਸ ਨਟਰਾਜਨ ਨੇ ਕਿਹਾ ਕਿ ਹੁਣ ਅਮਰੀਕਾ ਦਾ ਸੁਪਨਾ ਦੂਰ ਦੀ ਕੌਡੀ ਬਣ ਚੁੱਕਾ ਹੈ।

ਭਾਰਤ ਗਏ ਕਿਰਤੀਆਂ ਤੋਂ ਐਂਟਰੀ ਫੀਸ ਵਸੂਲ ਨਹੀਂ ਕੀਤੀ ਜਾਵੇਗੀ

ਸਟੱਡੀ ਵੀਜ਼ਾ ’ਤੇ ਅਮਰੀਕਾ ਆਉਣ ਵਾਲਿਆਂ ਦੀ ਗਿਣਤੀ ਵਿਚ ਵੱਡੀ ਕਮੀ ਆਵੇਗੀ ਕਿਉਂਕਿ ਕਿਸੇ ਕੋਲ ਵੀ ਪੜ੍ਹਾਈ ਮੁਕੰਮਲ ਹੋਣ ਮਗਰੋਂ ਇਕ ਲੱਖ ਡਾਲਰ ਨਹੀਂ ਹੋਣਗੇ ਜਿਨ੍ਹਾਂ ਰਾਹੀਂ ਵਰਕ ਪਰਮਿਟ ਹਾਸਲ ਕੀਤਾ ਜਾ ਸਕੇ। ਨਟਰਾਜਨ ਦਾ ਕਹਿਣਾ ਸੀ ਕਿ ਹਰ ਮੁਲਕ ਆਪਣੇ ਲੋਕਾਂ ਦੀ ਬਿਹਤਰੀ ਵਾਸਤੇ ਕੰਮ ਕਰਨ ਦਾ ਯਤਨ ਕਰਦਾ ਹੈ ਅਤੇ ਅਜਿਹਾ ਹੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੀਤਾ। ਇਕ ਨਜ਼ਰੀਏ ਤੋਂ ਇਹ ਬਿਲਕੁਲ ਦਰੁਸਤ ਹੈ ਪਰ ਭਾਰਤੀਆਂ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਉਨ੍ਹਾਂ ਵਾਸਤੇ ਅਮਰੀਕਾ ਦੇ ਦਰਵਾਜ਼ੇ ਬੰਦ ਕੀਤੇ ਜਾ ਚੁੱਕੇ ਹਨ।

Tags:    

Similar News