ਪਹਿਲੇ ਦਿਨ ਨਾ ਹੋ ਸਕੀ ਨਵੇਂ ਪੋਪ ਦੀ ਚੋਣ

ਪੇਪਲ ਕੌਨਕਲੇਵ ਦੇ ਪਹਿਲੇ ਦਿਨ ਚਿਮਨੀ ਵਿਚੋਂ ਕਾਲਾ ਧੂੰਆਂ ਨਿਕਲਿਆ ਜਿਸ ਤੋਂ ਸਪੱਸ਼ਟ ਹੋ ਗਿਆ ਕਿ ਫਿਲਹਾਲ ਨਵੇਂ ਪੋਪ ਦੀ ਚੋਣ ਨਹੀਂ ਕੀਤੀ ਜਾ ਸਕੀ।

Update: 2025-05-08 12:19 GMT

ਵੈਟੀਕਨ ਸਿਟੀ : ਪੇਪਲ ਕੌਨਕਲੇਵ ਦੇ ਪਹਿਲੇ ਦਿਨ ਚਿਮਨੀ ਵਿਚੋਂ ਕਾਲਾ ਧੂੰਆਂ ਨਿਕਲਿਆ ਜਿਸ ਤੋਂ ਸਪੱਸ਼ਟ ਹੋ ਗਿਆ ਕਿ ਫਿਲਹਾਲ ਨਵੇਂ ਪੋਪ ਦੀ ਚੋਣ ਨਹੀਂ ਕੀਤੀ ਜਾ ਸਕੀ। ਪਹਿਲੇ ਗੇੜ ਵਿਚ 133 ਕਾਰਡੀਨਲਜ਼ ਨੇ ਵੋਟ ਪਾਈ ਪਰ ਕਿਸੇ ਉਮੀਦਵਾਰ ਨੂੰ ਦੋ-ਤਿਹਾਈ ਬਹੁਮਤ ਨਾ ਮਿਲ ਸਕਿਆ। 89 ਵੋਟਾਂ ਹਾਸਲ ਕਰਨ ਵਾਲੇ ਨੂੰ ਹੀ ਅਗਲਾ ਪੋਪ ਐਲਾਨਿਆ ਜਾਵੇਗਾ ਅਤੇ ਚਿਮਨੀ ਵਿਚੋਂ ਚਿੱਟਾ ਧੂੰਆਂ ਉਦੋਂ ਹੀ ਨਿਕਲ ਸਕਦਾ ਹੈ। ਬੁੱਧਵਾਰ ਰਾਤ ਤਕਰੀਬਨ 9.15 ਵਜੇ ਵੋਟਿੰਗ ਦਾ ਪਹਿਲਾ ਗੇੜ ਆਰੰਭ ਹੋਇਆ ਅਤੇ ਨਤੀਜਾ ਜਾਣਨ ਲਈ 45 ਹਜ਼ਾਰ ਤੋਂ ਵੱਧ ਲੋਕ ਵੈਟੀਕਨ ਵਿਚ ਇਕੱਤਰ ਹੋਏ। ਇਕ ਵੱਡੇ ਹਾਲ ਵਿਚ ਬੰਦ ਕਾਰਡੀਨਲਜ਼ ਨੂੰ ਗੁਪਤ ਤਰੀਕੇ ਨਾਲ ਵੋਟ ਪਾਉਣ ਲਈ ਇਕ ਵੋਟਰ ਪਰਚੀ ਦਿਤੀ ਗਈ ਜਿਸ ਉਤੇ ਨਵੇਂ ਪੋਪ ਦਾ ਨਾਂ ਲਿਖਿਆ ਗਿਆ।

ਵੈਟੀਕਨ ਸਿਟੀ ਦੀ ਚਿਮਨੀ ਵਿਚੋਂ ਨਿਕਲਿਆ ਕਾਲਾ ਧੂੰਆਂ

ਫਿਰ ਇਹ ਪਰਚੀਆਂ ਇਕ ਥਾਲ ਵਿਚ ਰੱਖ ਕੇ ਤਿੰਨ ਅਧਿਕਾਰੀਆਂ ਕੋਲ ਲਿਜਾਈਆਂ ਗਈਆਂ ਜਿਨ੍ਹਾਂ ਵੱਲੋਂ ਗਿਣਤੀ ਕੀਤੀ ਗਈ। ਦੱਸ ਦੇਈਏ ਕਿ ਵੈਟੀਕਨ ਦੇ ਸੰਵਿਧਾਨ ਮੁਤਾਬਕ ਪੋਪ ਦੇ ਅਕਾਲ ਚਲਾਣੇ ਤੋਂ 15-20 ਦਿਨ ਦੇ ਅੰਦਰ ਕੌਨਕਲੇਵ ਸ਼ੁਰੂ ਹੋ ਜਾਣੀ ਚਾਹੀਦੀ ਹੈ। ਕੌਨਕਲੇਵ ਸ਼ੁਰੂ ਹੋਣ ਤੋਂ ਪਹਿਲਾਂ ਵੈਟੀਕਨ ਦੇ ਮੁਲਾਜ਼ਮਾਂ ਨੇ ਕੋਈ ਭੇਤ ਜਗ ਜ਼ਾਹਰ ਨਾ ਕਰਨ ਦੀ ਸਹੁੰ ਚੁੱਕੀ ਤਾਂਕਿ ਕੋਈ ਵੀ ਗੱਲ ਸਮੇਂ ਤੋਂ ਪਹਿਲਾਂ ਜਨਤਕ ਨਾ ਹੋ ਸਕੇ। ਕਾਰਡੀਨਲਜ਼ ਈਸਾਈ ਧਰਮ ਦੇ ਵੱਡੇ ਪਾਦਰੀਆਂ ਦਾ ਇਕ ਗਰੁੱਪ ਹੈ ਜਿਸ ਦਾ ਕੰਮ ਪੋਪ ਨੂੰ ਸਲਾਹ ਦੇਣਾ ਹੁੰਦਾ ਹੈ ਅਤੇ ਇਨ੍ਹਾਂ ਵਿਚ ਚਾਰ ਭਾਰਤੀ ਵੀ ਸ਼ਾਮਲ ਹਨ। ਕੌਨਕਲੇਵ ਵਿਚ ਸ਼ਾਮਲ ਜ਼ਿਆਦਾਤਰ ਕਾਰਡੀਨਲਜ਼ ਦੀ ਨਿਯੁਕਤ ਪੋਪ ਫਰਾਂਸਿਸ ਨੇ ਕੀਤੀ ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਨਵਾਂ ਪੋਪ ਵੀ ਤਬਦੀਲੀਆਂ ਪ੍ਰਵਾਨ ਕਰਨ ਵਾਲਾ ਅਤੇ ਜ਼ਿਆਦਾ ਆਜ਼ਦਾ ਖਿਆਲ ਹੋ ਸਕਦਾ ਹੈ।

Tags:    

Similar News