ਅਮਰੀਕਾ ਵਿਚ 2 ਸੰਸਦ ਮੈਂਬਰਾਂ ਦਾ ਕਾਤਲ ਗ੍ਰਿਫ਼ਤਾਰ

ਅਮਰੀਕਾ ਦੇ ਮਿਨੇਸੋਟਾ ਸੂਬੇ ਵਿਚ ਡੈਮੋਕ੍ਰੈਟਿਕ ਪਾਰਟੀ ਦੇ 2 ਸੰਸਦ ਮੈਂਬਰਾਂ ਦਾ ਕਤਲ ਕਰਨ ਵਾਲਾ ਸ਼ੱਕੀ ਪੁਲਿਸ ਨੇ ਕਾਬੂ ਕਰ ਲਿਆ ਹੈ।

Update: 2025-06-16 12:37 GMT

ਸੇਂਟ ਪੌਲ : ਅਮਰੀਕਾ ਦੇ ਮਿਨੇਸੋਟਾ ਸੂਬੇ ਵਿਚ ਡੈਮੋਕ੍ਰੈਟਿਕ ਪਾਰਟੀ ਦੇ 2 ਸੰਸਦ ਮੈਂਬਰਾਂ ਦਾ ਕਤਲ ਕਰਨ ਵਾਲਾ ਸ਼ੱਕੀ ਪੁਲਿਸ ਨੇ ਕਾਬੂ ਕਰ ਲਿਆ ਹੈ। 57 ਸਾਲ ਦੇ ਵੈਂਸ ਬੋਇਲਟਰ ਨੂੰ ਐਤਵਾਰ ਰਾਤ ਸਿਬਲੀ ਕਾਊਂਟੀ ਦੇ ਪੇਂਡੂ ਇਲਾਕੇ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ। ਸ਼ੈਰਿਫ਼ ਬੌਬ ਫਲੈਚਰ ਨੇ ਦੱਸਿਆ ਕਿ ਸ਼ੱਕੀ ਦੀ ਭਾਲ ਵਿਚ ਜ਼ਿਆਦਾਤਰ ਇਲਾਕਾ ਛਾਣਿਆ ਜਾ ਚੁੱਕਾ ਸੀ ਪਰ ਇਸੇ ਦੌਰਾਨ ਇਕ ਟ੍ਰੇਲ ਕੈਮ ਰਾਹੀਂ ਉਸ ਦੀ ਮੌਜੂਦਗੀ ਬਾਰੇ ਪਤਾ ਲੱਗਾ। ਸਵੈਟ ਟੀਮਾਂ ਨੇ ਡਰੋਨਜ਼ ਦੀ ਮਦਦ ਨਾਲ ਉਸ ਦੀ ਪੈੜ ਨੱਪ ਲਈ ਅਤੇ ਜੰਗਲੀ ਇਲਾਕੇ ਵੱਲ ਫਰਾਰ ਹੋਣ ਦੇ ਯਤਨ ਨਾਕਾਮ ਕਰ ਦਿਤੇ।

57 ਸਾਲ ਦੇ ਵੈਂਸ ਬੋਇਲਟਰ ਵਜੋਂ ਹੋਈ ਸ਼ਨਾਖਤ

ਸਿਬਲੀ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਮੁਤਾਬਕ ਬੋਇਲਟਰ ਨੇ ਖੁਦ ਆਪਣਾ ਨਾਂ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਅਤੇ ਗ੍ਰਿਫ਼ਤਾਰੀ ਦੌਰਾਨ ਤਾਕਤ ਵਰਤਣ ਦੀ ਜ਼ਰੂਰਤ ਨਾ ਪਈ। ਬੋਇਲਟਰ ਦੀ ਗੱਡੀ ਵਿਚੋਂ ਤਿੰਨ ਏ.ਕੇ. 47 ਅਸਾਲਟ ਰਾਈਫ਼ਲਾਂ, ਇਕ 9 ਐਮ.ਐਮ. ਵਾਲੀ ਹੈਂਡਗੰਨ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰਾਂ ਦੀ ਹਿਟ ਲਿਸਟ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਇਲਾਕੇ ਦੀ ਤਲਾਸ਼ੀ ਦੌਰਾਨ ਪੁਲਿਸ ਦਾ ਇਕ ਬੈਜ ਅਤੇ ਬੈਲਿਸਟਿਕ ਵੈਸਟ ਬਰਾਮਦ ਕੀਤੇ ਗਏ। ਬੋਇਲਟਰ ਵਿਰੁੱਧ ਕਤਲ ਦੇ ਦੋ ਅਤੇ ਇਰਾਦਾ ਕਤਲ ਦਾ ਇਕ ਦੋਸ਼ ਆਇਦ ਕੀਤਾ ਗਿਆ ਹੈ। ਮਿਨੇਸੋਟਾ ਸੂਬਾ ਅਸੈਂਬਲੀ ਦੀ ਸਪੀਕਰ ਲਿਜ਼ਾ ਡੈਮੂਥ ਨੇ ਬੋਇਲਟਰ ਦੀ ਗ੍ਰਿਫ਼ਤਾਰੀ ਮਗਰੋਂ ਰੱਬ ਦਾ ਸ਼ੁਕਰ ਕੀਤਾ ਕਿ ਕਾਤਲ ਆਖਰਕਾਰ ਫੜਿਆ ਗਿਆ।

3 ਏ.ਕੇ. 47 ਅਸਾਲਟ ਰਾਈਫ਼ਲਾਂ ਬਰਾਮਦ

ਉਨ੍ਹਾਂ ਕਿਹਾ ਕਿ ਸੂਬੇ ਦੇ ਪੁਲਿਸ ਅਫ਼ਸਰਾਂ ਨੇ ਕਾਤਲ ਦੀ ਗ੍ਰਿਫ਼ਤਾਰੀ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਲਗਾਤਾਰ ਡਟੇ ਰਹੇ। ਹੁਣ ਸੂਬੇ ਦਾ ਹਰ ਵਸਨੀਕ ਚੈਨ ਦੀ ਨੀਂਦ ਸੌਂ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਵੈਂਸ ਬੋਇਲਟਰ ਨੇ ਫੌਜੀ ਵਰਦੀ ਵਿਚ ਵਾਰਦਾਤ ਨੂੰ ਅੰਜਾਮ ਦਿਤਾ ਅਤੇ ਲੋਕਾਂ ਨੂੰ ਹਥਿਆਰਬੰਦ ਸ਼ੱਕੀ ਤੋਂ ਸੁਚੇਤ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਗਈ। ਬੋਇਲਟਰ ਨੇ ਮਿਨਸੋਟਾ ਸੂਬਾ ਅਸੈਂਬਲੀ ਦੀ ਮੈਂਬਰ ਮੈਲਿਜ਼ਾ ਹੌਰਟਮੈਨ ਅਤੇ ਉਨ੍ਹਾਂ ਦੇ ਪਤੀ ਮਾਰਕ ਚੈਂਪਲਿਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਜਦਕਿ ਸੂਬਾ ਸੈਨੇਟ ਦੇ ਮੈਂਬਰ ਜੌਹਨ ਹੌਫ਼ਮੈਨ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ। ਬੋਇਲਟਰ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਪੁਲਿਸ ਨੇ ਉਸ ਦੀ ਪਤਨੀ ਜੈਨੀ ਦੀ ਕਾਰ ਵਿਚੋਂ ਸ਼ੱਕੀ ਚੀਜ਼ਾਂ ਬਰਾਮਦ ਕੀਤੀਆਂ ਪਰ ਉਸ ਨੂੰ ਹਿਰਾਸਤ ਵਿਚ ਨਾ ਲਿਆ ਗਿਆ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦਾ ਮੰਨਣਾ ਹੈ ਕਿ ਸਿਆਸਤਦਾਨਾਂ ਉਤੇ ਹੋਏ ਹਮਲੇ ਸਿਆਸੀ ਨਫ਼ਰਤ ਤੋਂ ਪ੍ਰੇਰਿਤ ਸਨ। ਬੋਇਲਟਰ ਦੇ ਰੂਮਮੇਟ ਮੁਤਾਬਕ ਉਹ ਟਰੰਪ ਦਾ ਕੱਟੜ ਹਮਾਇਤੀ ਹੈ ਅਤੇ ਪੂਰੇ ਅਮਰੀਕਾ ਵਿਚ ਟਰੰਪ ਵਿਰੁੱਧ ਮੁਜ਼ਾਹਰਿਆਂ ਕਰ ਕੇ ਉਸ ਨੇ ਡੈਮੋਕ੍ਰੈਟਿਕ ਪਾਰਟੀ ਨਾਲ ਸਬੰਧਤ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਇਆ। ਬੋਇਲਟਰ ਦੀ ਹਿਟਲਿਸਟ ਵਿਚ ਡੈਮੋਕ੍ਰੈਟਿਕ ਪਾਰਟੀ ਦੇ ਕਈ ਸੂਬਾਈ ਸਿਆਸਤਦਾਨਾਂ ਤੋਂ ਇਲਾਵਾ ਅਬੌਰਸ਼ਨ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀਆਂ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਸਨ।

Tags:    

Similar News