ਫਰਾਂਸ ਵਿਚ ਲੱਖਾਂ ਲੋਕ ਸੜਕਾਂ ’ਤੇ ਉਤਰੇ, ਹਿੰਸਕ ਰੋਸ ਵਿਖਾਵੇ
ਨੇਪਾਲ ਮਗਰੋਂ ਫਰਾਂਸ ਦੀਆਂ ਸੜਕਾਂ ’ਤੇ ਸਰਕਾਰ ਵਿਰੁੱਧ ਹਿੰਸਕ ਰੋਸ ਵਿਖਾਵੇ ਸ਼ੁਰੂ ਹੋ ਚੁੱਕੇ ਹਨ ਅਤੇ ਹੁਣ ਤੱਕ 200 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਰਿਪੋਰਟ ਹੈ
ਪੈਰਿਸ : ਨੇਪਾਲ ਮਗਰੋਂ ਫਰਾਂਸ ਦੀਆਂ ਸੜਕਾਂ ’ਤੇ ਸਰਕਾਰ ਵਿਰੁੱਧ ਹਿੰਸਕ ਰੋਸ ਵਿਖਾਵੇ ਸ਼ੁਰੂ ਹੋ ਚੁੱਕੇ ਹਨ ਅਤੇ ਹੁਣ ਤੱਕ 200 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਰਿਪੋਰਟ ਹੈ। ਬਜਟ ਕਟੌਤੀਆਂ ਵਿਰੁੱਧ ਰਾਸ਼ਟਰਪਤੀ ਇਮੈਨੁਅਲ ਮੈਕ੍ਰੌਂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਇਕ ਲੱਖ ਤੋਂ ਵੱਧ ਲੋਕ ਬੁੱਧਵਾਰ ਨੂੰ ਸੜਕਾਂ ’ਤੇ ਉਤਰ ਆਏ। ਗ੍ਰਹਿ ਮੰਤਰਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਮੁਜ਼ਾਹਰਾਕਾਰੀਆਂ ਨੇ ਰੈਨ ਸ਼ਹਿਰ ਵਿਚ ਇਕ ਬੱਸ ਫੂਕ ਦਿਤੀ ਜਦਕਿ ਕਈ ਸਰਕਾਰੀ ਇਮਾਰਤਾਂ ਦੀ ਭੰਨ-ਤੋੜ ਕੀਤੀ।
ਸਰਕਾਰ ਦੀਆਂ ਸਰਫ਼ਾ ਨੀਤੀਆਂ ਵਿਰੁੱਧ ਲੋਕਾਂ ਵਿਚ ਗੁੱਸਾ
ਦੱਖਣ ਪੱਛਮੀ ਇਲਾਕਿਆਂ ਵਿਚ ਬਿਜਲੀ ਸਪਲਾਈ ਨੂੰ ਨੁਕਸਾਨ ਪਹੁੰਚਾਏ ਜਾਣ ਮਗਰੋਂ ਰੇਲ ਸੇਵਾਵਾਂ ਰੋਕ ਦਿਤੀਆਂ ਗਈਆਂ। ਫਰਾਂਸ ਬੰਦ ਦਾ ਸੱਦਾ ਖੱਬੇ ਪੱਖੀ ਪਾਰਟੀਆਂ ਨੇ ਦਿਤਾ ਸੀ ਪਰ ਇਸ ਨੂੰ ਬਗਾਵਤ ਵਿਚ ਤਬਦੀਲ ਕਰਨ ਦੇ ਯਤਨ ਕੀਤੇ ਗਏ। ਬਲੌਕ ਐਵਰੀਥਿੰਗ ਸੁਨੇਹਾ ਦਿੰਦਿਆਂ ਸ਼ੁਰੂ ਹੋਏ ਮੁਜ਼ਾਹਰਿਆਂ ਦੇ ਮੱਦੇਨਜ਼ਰ ਫਰਾਂਸ ਸਰਕਾਰ ਵੱਲੋਂ ਪੈਰਿਸ ਅਤੇ ਹੋਰਨਾਂ ਸ਼ਹਿਰਾਂਵਿਚ 80 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਰਾਂਸ ਦੇ ਲੋਕਾਂ ਨੂੰ ਮੈਕ੍ਰੌਂ ਦੀਆਂ ਨੀਤੀਆਂ ਆਪਣੇ ਹਿਤਾਂ ਵਿਰੁੱਧ ਮਹਿਸੂਸ ਹੋ ਰਹੀਆਂ ਹਨ ਅਤੇ ਖੱਬੇ ਪੱਖੀਆਂ ਦਾ ਦਾਅਵਾ ਹੈ ਕਿ ਸਿਰਫ਼ ਅਮੀਰਾਂ ਦੇ ਫਾਇਦੇ ਵਾਸਤੇ ਇਨ੍ਹਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ।
ਪੁਲਿਸ ਨੇ 200 ਤੋਂ ਵੱਧ ਮੁਜ਼ਾਹਰਾਕਾਰੀ ਕੀਤੇ ਗ੍ਰਿਫ਼ਤਾਰ
ਸਰਕਾਰ ਨੇ ਖਰਚਿਆਂ ਵਿਚ ਕਟੌਤੀ ਕਰਦਿਆਂ ਆਰਥਿਕ ਸੁਧਾਰ ਲਾਗੂ ਕਰਨ ਦਾ ਯਤਨ ਕੀਤਾ ਹੈ ਪਰ ਆਮ ਲੋਕਾਂ ਉਤੇ ਦਬਾਅ ਵਧ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਫਰਾਂਸ ਵਿਚ ਪਿਛਲੇ 2 ਸਾਲ ਦੌਰਾਨ 5 ਪ੍ਰਧਾਨ ਮੰਤਰੀ ਬਦਲੇ ਜਾ ਚੁੱਕੇ ਹਨ। ਪਿਛਲੇ ਦਿਨੀਂ ਸੈਬਸਟੀਅਨ ਲੈਕੌਰਨ ਨੂੰ ਪ੍ਰਧਾਨ ਮੰਤਰੀ ਥਾਪਿਆ ਗਿਆ ਅਤੇ ਉਨ੍ਹਾਂ ਨੇ ਰੌਲੇ ਰੱਪੇ ਦਰਮਿਆਨ ਹੀ ਬੁੱਧਵਾਰ ਨੂੰ ਆਪਣਾ ਅਹੁਦਾ ਸੰਭਾਲਿਆ। ਅਹੁਦਾ ਸੰਭਾਲਣ ਮਗਰੋਂ ਉਹ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਪੁੱਜੇ ਅਤੇ ਸਾਬਕਾ ਪ੍ਰਧਾਨ ਮੰਤਰੀ ਫਰਾਂਸਵਾ ਬਾਇਰੂ ਨਾਲ ਮੁਲਾਕਾਤ ਕੀਤੀ। ਬਾਇਰੂ ਵੱਲੋਂ ਹੀ ਖਰਚੇ ਘਟਾਉਣ ਵਾਲਾ ਬਜਟ ਪੇਸ਼ ਕੀਤਾ ਗਿਆ ਜਿਸ ਮਗਰੋਂ ਸੰਸਦ ਵਿਚ ਅਸਹਿਮਤੀ ਪੈਦਾ ਹੋਣ ਕਰ ਕੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ।