ਅਮਰੀਕਾ ਦੇ ਚੋਣ ਸਰਵੇਖਣਾਂ ਵਿਚ ਬਰਾਬਰ ਹੋਏ ਕਮਲਾ ਹੈਰਿਸ ਅਤੇ ਟਰੰਪ

ਅਮਰੀਕਾ ਚੋਣਾਂ ਵਿਚ ਭਾਰਤੀ ਮੂਲ ਦੇ ਲੋਕ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿਚੋਂ ਕੁਝ ਕਮਲਾ ਹੈਰਿਸ ਅਤੇ ਕੁਝ ਟਰੰਪ ਦੀ ਹਮਾਇਤ ਵਿਚ ਖੜ੍ਹੇ ਨਜ਼ਰ ਆ ਰਹੇ ਹਨ।

Update: 2024-09-09 12:06 GMT

ਵਾਸ਼ਿੰਗਟਨ : ਅਮਰੀਕਾ ਚੋਣਾਂ ਵਿਚ ਭਾਰਤੀ ਮੂਲ ਦੇ ਲੋਕ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿਚੋਂ ਕੁਝ ਕਮਲਾ ਹੈਰਿਸ ਅਤੇ ਕੁਝ ਟਰੰਪ ਦੀ ਹਮਾਇਤ ਵਿਚ ਖੜ੍ਹੇ ਨਜ਼ਰ ਆ ਰਹੇ ਹਨ। ਕਮਲਾ ਹੈਰਿਸ ਦੇ ਹਮਾਇਤੀਆਂ ਵੱਲੋਂ ਹਿੰਦੀ ਵਿਚ ਇਕ ਖਾਸ ਗੀਤ ਵੀ ਤਿਆਰ ਕੀਤਾ ਗਿਆ ਹੈ ਜਿਸ ਰਾਹੀਂ ਅਮਰੀਕਾ ਵਿਚ ਭਾਰਤੀ ਮੂਲ ਦੀ ਪਹਿਲੀ ਰਾਸ਼ਟਰਪਤੀ ਬਣਾਉਣ ਦਾ ਸੱਦਾ ਦਿਤਾ ਜਾ ਰਿਹਾ ਹੈ। ਡੈਮੋਕ੍ਰੈਟਿਕ ਪਾਰਟੀ ਵੱਲੋਂ ਸਾਊਥ ਏਸ਼ੀਅਨ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ ‘ਨੱਚੋ ਨੱਚੋ’ ਗੀਤ ਦੀ ਵੀਡੀਓ ਬੀਤੇ ਦਿਨ ਜਾਰੀ ਕਰ ਦਿਤੀ ਗਈ ਜਿਸ ਵਿਚ ਆਵਾਜ਼ ਸ਼ਿਬਾਨੀ ਕਸ਼ਯਪ ਦੀ ਹੈ ਅਤੇ ਨਿਰਮਾਤਾ ਰਿਤੇਸ਼ ਪਾਰਿਖ ਦੱਸੇ ਜਾ ਰਹੇ ਹਨ। ਦੱਸ ਦੇਈਏ ਕਿ ਅਮਰੀਕਾ ਵਿਚ ਭਾਰਤੀ ਮੂਲ ਦੇ 45 ਲੱਖ ਵੋਟਰ ਹਨ ਅਤੇ ਸਾਊਥ ਏਸ਼ੀਅਨ ਵੋਟਰਾਂ ਦੀ ਕੁਲ ਗਿਣਤੀ 60 ਲੱਖ ਹੈ।

ਕਮਲਾ ਹੈਰਿਸ ਦੀ ਜਿੱਤ ਲਈ ਭਾਰਤੀਆਂ ਨੇ ਬਣਾਇਆ ਗੀਤ

ਗੀਤ ਦੀ ਵੀਡੀਓ ਵਿਚ ਹਿੰਦੀ, ਪੰਜਾਬੀ, ਤਾਮਿਲ, ਤੇਲਗੂ ਅਤੇ ਗੁਜਰਾਤੀ ਤੋਂ ਇਲਾਵਾ ਬੰਗਾਲੀ ਭਾਸ਼ਾਵਾਂ ਨਾਲ ਸਬੰਧਤ ਸ਼ਬਦ ਵੀ ਸ਼ਾਮਲ ਕੀਤੇ ਗਏ ਹਨ। ਕਮਲਾ ਹੈਰਿਸ ਦੀ ਕੌਮੀ ਵਿੱਤ ਕਮੇਟੀ ਦੇ ਮੈਂਬਰ ਅਜੇ ਜੈਨ ਭੂਟੋਰੀਆ ਨੇ ਦੱਸਿਆ ਕਿ 2020 ਦੀਆਂ ਚੋਣਾਂ ਦੌਰਾਨ ਵੀ ਬੌਲੀਵੁੱਡ ਥੀਮ ਵਾਲੇ ਗੀਤ ਬੇਹੱਦ ਮਕਬੂਲ ਹੋਏ ਅਤੇ ਸਾਊਥ ਏਸ਼ੀਅਨ ਵੋਟਰਾਂ ਨੂੰ ਆਕਰਸ਼ਤ ਕਰਨ ਵਿਚ ਮਦਦ ਮਿਲੀ। ਉਧਰ ਚੋਣਾਂ ਸਰਵੇਖਣਾਂ ਵਿਚ ਉਤਾਰ ਚੜ੍ਹਾਅ ਦਾ ਸਿਲਸਿਲਾ ਵੀ ਜਾਰੀ ਹੈ। ਇਕ ਸਰਵੇਖਣ ਕਮਲਾ ਹੈਰਿਸ ਦੇ ਪੱਖ ਵਿਚ ਜਾ ਰਿਹਾ ਹੈ ਤਾਂ ਦੂਜਾ ਡੌਨਲਡ ਟਰੰਪ ਦੇ ਜੇਤੂ ਰਹਿਣ ਵੱਲ ਇਸ਼ਾਰਾ ਕਰ ਰਿਹਾ ਹੈ। ਸਿਲਵਰ ਬੁਲੇਟਿਨ ਨਾਂ ਦੇ ਬਲੌਗ ਰਾਹੀਂ ਪੇਸ਼ ਕੀਤੇ ਅੰਕੜਿਆਂ ਮੁਤਾਬਕ ਟਰੰਪ ਨੂੰ 312 ਇਲੈਕਟੋਰਲ ਕਾਲਜ ਵੋਟਾਂ ਮਿਲ ਸਕਦੀਆਂ ਹਨ ਜਦਕਿ ਕਮਲਾ ਹੈਰਿਸ 226 ਵੋਟਾਂ ਤੱਕੀ ਸੀਮਤ ਹੋ ਸਕਦੀ ਹੈ। ਟਰੰਪ ਨੂੰ ਜੋਅ ਬਾਇਡਨ ਵਿਰੁੱਧ ਸਿਰਫ 227 ਵੋਟਾਂ ਮਿਲੀਆਂ ਸਨ ਅਤੇ ਤਾਜ਼ਾ ਅੰਕੜਾ ਕਾਫੀ ਉਚਾ ਮਹਿਸੂਸ ਹੋ ਰਿਹਾ ਹੈ। ਉਧਰ ਰੀਅਲ ਕਲੀਅਰ ਦੇ ਅੰਕੜੇ ਕਹਿੰਦੇ ਹਨ ਕਿ ਕਮਲਾ ਹੈਰਿਸ ਨੂੰ 273 ਇਲੈਕਟੋਰਲ ਕਾਲਜ ਵੋਟਾਂ ਮਿਲ ਸਕਦੀਆਂ ਹਨ ਜਦਕਿ ਟਰੰਪ 265 ਦੇ ਅੰਕੜੇ ’ਤੇ ਸੀਮਤ ਹੋ ਸਕਦੇ ਹਨ। 

Tags:    

Similar News