ਇਟਲੀ ਦਾ ਰੋਮ ਫਿਊਮੀਚੀਨੋ ਕੌਮਾਂਤਰੀ ਹਵਾਈ ਅੱਡਾ 8ਵੇਂ ਸਾਲ ਵੀ ਯੂਰਪ ‘ਚ ਅੱਵਲ
ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰਸਿੱਧ ਅੰਤਰਰਾਸ਼ਟਰੀ ਹਵਾਈ ਅੱਡਾ 'ਲਿਓਨਾਰਦੋ ਦਾ ਵਿੰਚੀ ' ਫਿਊਮੀਚੀਨੋ ਪਿਛਲੇ ਸੱਤ ਸਾਲਾਂ ਤੋਂ ਯੂਰਪੀਅਨ ਦੇਸ਼ਾਂ ਦੇ ਹਵਾਈ ਅੱਡਿਆਂ ਨੂੰ ਪਛਾੜ ਕੇ ਦੁਨੀਆਂ ਭਰ ਵਿੱਚ ਯਾਤਰੀਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਵਧੀਆ ਸੇਵਾਵਾਂ ਦੇਣ ਵਾਲਾ ਯੂਰਪ ਦਾ ਪਹਿਲੇ ਦਰਜੇ ਦਾ ਹਵਾਈਂ ਅੱਡਾ ਹੋਣ ਦਾ “ ਸਰਬੋਤਮ ਹਵਾਈ ਅੱਡਾ “ ਮਾਣਮੱਤਾ ਖਿਤਾਬ 7ਵੀ ਵਾਰ ਆਪਣੀ ਝੋਲੀ ਪੁਆ ਚੁੱਕਾ ਹੈ।;
ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) : ਇਸ ਵਿੱਚ ਕੋਈ ਦੋ ਰਾਏ ਨਹੀ ਕਿ ਯੂਰਪ ਦਾ ਬੇਹੱਦ ਖੂਬਸੂਰਤ ਦੇਸ਼ ਇਟਲੀ ਜਿਹੜਾ ਕਿ ਆਪਣੀਆਂ ਅਨੇਕਾਂ ਖੂਬੀਆਂ ਲਈ ਦੁਨੀਆ ਵਿੱਚ ਵਿਲੱਖਣ ਸਥਾਨ ਰੱਖਦਾ ਹੈ ਤੇ ਹੁਣ ਵੀ ਇਟਲੀ ਦਾ ਨਾਮ ਕਿਸੇ ਨਾ ਕਿਸੇ ਖੇਤਰ ਵਿੱਚ ਆਏ ਦਿਨ ਧੂਮ ਮਚਾ ਰਿਹਾ ਹੈ। ਜਿਨ੍ਹਾਂ ਲੋਕਾਂ ਦਾ ਮਹਿਬੂਬ ਦੇਸ਼ ਇਟਲੀ ਹੈ ਉਨ੍ਹਾ ਲੋਕਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰਸਿੱਧ ਅੰਤਰਰਾਸ਼ਟਰੀ ਹਵਾਈ ਅੱਡਾ 'ਲਿਓਨਾਰਦੋ ਦਾ ਵਿੰਚੀ ' ਫਿਊਮੀਚੀਨੋ ਪਿਛਲੇ ਸੱਤ ਸਾਲਾਂ ਤੋਂ ਯੂਰਪੀਅਨ ਦੇਸ਼ਾਂ ਦੇ ਹਵਾਈ ਅੱਡਿਆਂ ਨੂੰ ਪਛਾੜ ਕੇ ਦੁਨੀਆਂ ਭਰ ਵਿੱਚ ਯਾਤਰੀਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਵਧੀਆ ਸੇਵਾਵਾਂ ਦੇਣ ਵਾਲਾ ਯੂਰਪ ਦਾ ਪਹਿਲੇ ਦਰਜੇ ਦਾ ਹਵਾਈਂ ਅੱਡਾ ਹੋਣ ਦਾ “ ਸਰਬੋਤਮ ਹਵਾਈ ਅੱਡਾ “ ਮਾਣਮੱਤਾ ਖਿਤਾਬ 7ਵੀ ਵਾਰ ਆਪਣੀ ਝੋਲੀ ਪੁਆ ਚੁੱਕਾ ਹੈ।
ਹਾਲ ਵਿੱਚ ਹੀ (ਏ ਸੀ ਆਈ) ਏਅਰਪੋਰਟ ਕੌਂਸਲ ਇੰਟਰਨੈਸ਼ਨਲ ਜੋ ਕਿ ਅੰਤਰਰਾਸ਼ਟਰੀ ਹਵਾਈ ਅੱਡਿਆਂ ਦੀ ਐਸੋਸੀਏਸ਼ਨ ਹੈ ਵਲੋ ਜਾਰੀ ਕੀਤੇ ਗਏ ਸਾਲ 2025 ਦੇ ਸਰਵੇਖਣ ਵਿੱਚ ਦੱਸਿਆ ਹੈ ਕਿ ਸਾਲ 2024 ਦੌਰਾਨ ਰੋਮ ਹਵਾਈ ਅੱਡੇ ਤੇ ਯਾਤਰੀਆਂ ਨੂੰ ਵਧੀਆ ਸਹੂਲਤਾਂ ਤੇ ਸੁਰੱਖਿਆ ਪ੍ਰਤੀ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।ਜਿਸ ਕਰਕੇ ਉਹਨਾਂ ਲਗਾਤਾਰ ਅੱਠਵੀਂ ਵਾਰ ਫਿਊਮੀਚੀਨੋ ਹਵਾਈ ਅੱਡੇ ਨੂੰ ਇਸ ਖਿਤਾਬ ਨਾਲ ਨਿਵਾਜਿਆ ਹੈ। ਦੂਜੇ ਪਾਸੇ ਹਵਾਈ ਅੱਡੇ ਦੇ ਸੀ,ਈ,ਓ ਮਾਰਕੋ ਤਰੋਨਕੋਨੇ ਨੇ ਹਰ ਵਾਰ ਦੀ ਤਰ੍ਹਾ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹਨਾਂ ਨੂੰ ਉਚੇਚੇ ਤੌਰ ਤੇ ਮਾਣ ਹੈ ਕਿ ਸਾਲ 2025 ਵਿੱਚ ਵੀ ਰੋਮ ਹਵਾਈ ਅੱਡੇ ਨੂੰ ਸਰਵਉੱਤਮ ਹਵਾਈ ਸੇਵਾਵਾਂ ਤੇ ਸੁਰੱਖਿਆ ਪ੍ਰਬੰਧਕਾਂ ਕਰਕੇ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।
ਸਾਲ 2024 ਦੇ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 119 ਯੂਰਪੀਅਨ ਹਵਾਈ ਅੱਡਿਆਂ ਵਿੱਚੋਂ ਇਟਲੀ ਦਾ ਹਵਾਈ ਅੱਡਾ ਪਹਿਲੇ ਸਥਾਨ 'ਤੇ ਸੀ । ਲਿਓਨਾਰਦੋ ਦਾ ਵਿੰਚੀ ‘ ਹਵਾਈ ਅੱਡਾ ਸਾਰੇ ਹਵਾਈ ਅੱਡਿਆਂ ਵਿੱਚੋਂ ਯਾਤਰੀਆਂ ਦੀ ਸੰਤੁਸ਼ਟੀ ਦੇ ਸਭ ਤੋਂ ਉੱਚੇ ਪੱਧਰ ਵਾਲਾ ਹਵਾਈ ਅੱਡਾ ਵੀ ਹੈ, ਜਿੱਥੇ ਪ੍ਰਤੀ ਸਾਲ ਔਸਤਨ 25 ਮਿਲੀਅਨ ਤੋਂ ਵੱਧ ਆਵਾਜਾਈ ਹੁੰਦੀ ਹੈ। ਪਰ ਸਾਲ 2024 ਵਿੱਚ ਯਾਤਰੀਆਂ ਦੀ ਗਿਣਤੀ 40 ਮਿਲੀਅਨ ਤੋ ਉੱਪਰ ਦਰਜ ਕੀਤੀ ਗਈ ਹੈ। ਇਸ ਹਵਾਈ ਅੱਡੇ ਨੂੰ "ਸਰਬੋਤਮ ਹਵਾਈ ਅੱਡਾ" ਪੁਰਸਕਾਰ ਤੋਂ ਇਲਾਵਾ, ਰੋਮ ਫਿਊਮੀਚੀਨੋ ਨੂੰ ਹੇਠ ਲਿਖੇ ਪੁਰਸਕਾਰ ਵੀ ਮਿਲੇ: ਯੂਰਪ ਵਿੱਚ ਸਭ ਤੋਂ ਸਮਰਪਿਤ ਸਟਾਫ ਵਾਲਾ ਹਵਾਈ ਅੱਡਾ; ਯੂਰਪ ਵਿੱਚ ਸਭ ਤੋਂ ਆਸਾਨ ਹਵਾਈ ਅੱਡੇ ਦੀ ਯਾਤਰਾ; ਯੂਰਪ ਦਾ ਸਭ ਤੋਂ ਮਨੋਰੰਜਕ ਹਵਾਈ ਅੱਡਾ ਅਤੇ ਯੂਰਪ ਦਾ ਸਭ ਤੋਂ ਸਾਫ਼ ਸੁਥਰਾ ਹਵਾਈ ਅੱਡਾ ਹੋਣ ਦੇ ਸਨਮਾਨ ਪ੍ਰਾਪਤ ਹੋਏ ਹਨ।
ਦੱਸਿਆ ਜਾ ਰਿਹਾ ਹੈ ਕਿ ਦੁਨੀਆ ਭਰ ਦੇ 360 ਤੋਂ ਵੱਧ ਹਵਾਈ ਅੱਡਿਆਂ ਤੇ 700.000 ਯਾਤਰੀਆਂ ਤੋ ਉਨ੍ਹਾਂ ਦੀ ਰਾਏ ਲਈ ਗਈ ਸੀ। ਜਿਸ ਤੋ ਬਾਅਦ ਇਹ ਪੁਰਸਕਾਰ ਇਟਲੀ ਦੇ ਹਿੱਸੇ ਆਇਆ ਹੈ। ਦੱਸਣਯੋਗ ਹੈ ਕਿ ਫਿਊਮੀਚੀਨੋ ਹਵਾਈ ਅੱਡੇ ਨੂੰ ਸਾਲ 2020 ਸਤੰਬਰ ਮਹੀਨੇ ਵਿੱਚ ਕੋਵਿਡ ਸਮੇਂ ਦੌਰਾਨ ਯਾਤਰੀ ਦੀ ਸਿਹਤ ਸੰਬੰਧੀ ਵਧੀਆ ਸਹੂਲਤਾਂ ਦੇਣ ਵਾਲਾ ਖਿਤਾਬ ਵੀ ਮਿਲ ਚੁੱਕਾ ਹੈ ਤੇ ਨਾਲ ਹੀ ਸਕਾਈਟਰੈਕਸ ਵਲੋਂ ਇਸ ਹਵਾਈ ਅੱਡੇ ਨੂੰ ਪੰਜ ਸਿਤਾਰਾ ਐਂਟੀ ਕੋਵਿਡ ਹਵਾਈ ਅੱਡੇ ਦਾ ਖਿਤਾਬ ਹਾਸਲ ਹੋਇਆ ਸੀ। ਰੋਮ ਹਵਾਈ ਅੱਡੇ ਨੂੰ 8ਵੀਂ ਵਾਰ ਯੂਰਪ ਦਾ ਸਰਬੋਤਮ ਹਵਾਈੱ ਅੱਡੇ ਦਾ ਤੇ “ ਚਮਪੀਨੋ ਜੋਵਨ ਬਤੀਸਤਾ ਪਸਤੀਨੇ “ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਪਹਿਲੀ ਵਾਰ "ਯੂਰਪ ਵਿੱਚ ਸਭ ਤੋਂ ਸਮਰਪਿਤ ਸਟਾਫ ਵਾਲਾ ਹਵਾਈ ਅੱਡਾ" ਦਾ ਖਿਤਾਬ ਮਿਲਣਾ ਇਟਲੀ ਵਾਸੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
ਜਿਕਰਯੋਗ ਹੈ ਇਹ ਦੋਵੇ ਹਵਾਈ ਅੱਡੇ ਰਾਜਧਾਨੀ ਰੋਮ ਦੀ ਗੋਦ ਵਿੱਚ ਸਥਿਤ ਹਨ। ਭਾਵੇ ਚਮਪੀਨੋ ਹਵਾਈ ਅੱਡਾ ਬਹੁਤਾ ਵੱਡਾ ਨਹੀਂ ਹੈ ਪਰ ਫਿਰ ਵੀ ਘਰੇਲੂ, ਯੂਰਪੀਅਨ ਤੇ ਇੰਗਲੈਂਡ ਵਰਗੇ ਦੇਸ਼ਾਂ ਨੂੰ ਹਵਾਈ ਸੇਵਾਵਾਂ ਪ੍ਰਦਾਨ ਕਰ ਰਿਹਾ। ਦੂਜੇ ਏ ਡੀ ਆਰ (ਏਅਰਪੋਰਟ ਡੀ ਰੋਮਾ) ਵਲੋ ਵੀ ਆਪਣੇ ਸੋਸ਼ਲ ਮੀਡੀਆ ਅਕਾਊਟ ਤੇ ਇਸ ਖੁਸ਼ੀ ਨੂੰ ਬਹੁਤ ਹੀ ਮਾਣ ਨਾਲ ਸਾਝਾਂ ਕੀਤਾ ਹੈ।