ਨਿਊਜ਼ੀਲੈਂਡ ’ਚੋਂ ਵੀ ਡਿਪੋਰਟ ਹੋਣਗੇ ਭਾਰਤੀ
ਅਮਰੀਕਾ ਵਿਚ ਬਰਥਰਾਈਟ ਸਿਟੀਜ਼ਨਿਸ਼ਪ ਬਾਰੇ ਚੱਲ ਰਹੀ ਮੁਕੱਦਮੇਬਾਜ਼ੀ ਦਰਮਿਆਨ ਨਿਊਜ਼ੀਲੈਂਡ ਵਿਚ ਭਾਰਤੀ ਪਰਵਾਰ ਵੱਡੀਆਂ ਇੰਮੀਗ੍ਰੇਸ਼ਨ ਮੁਸ਼ਕਲਾਂ ਵਿਚ ਘਿਰ ਗਿਆ ਹੈ।
ਔਕਲੈਂਡ : ਅਮਰੀਕਾ ਵਿਚ ਬਰਥਰਾਈਟ ਸਿਟੀਜ਼ਨਿਸ਼ਪ ਬਾਰੇ ਚੱਲ ਰਹੀ ਮੁਕੱਦਮੇਬਾਜ਼ੀ ਦਰਮਿਆਨ ਨਿਊਜ਼ੀਲੈਂਡ ਵਿਚ ਭਾਰਤੀ ਪਰਵਾਰ ਵੱਡੀਆਂ ਇੰਮੀਗ੍ਰੇਸ਼ਨ ਮੁਸ਼ਕਲਾਂ ਵਿਚ ਘਿਰ ਗਿਆ ਹੈ। ਨਿਊਜ਼ੀਲੈਂਡ ਵਿਚ ਜੰਮੇ ਦਮਨ ਕੁਮਾਰ ਉਤੇ ਡਿਪੋਰਟੇਸ਼ਨ ਦਾ ਖਤਰਾ ਮੰਡਰਾਅ ਰਿਹਾ ਹੈ ਜਦਕਿ ਦਮਨ ਤੋਂ ਚਾਰ ਸਾਲ ਪਹਿਲਾਂ ਜੰਮੀ ਰਾਧਿਕਾ ਨੂੰ ਨਿਊਜ਼ੀਲੈਂਡ ਦੀ ਸਿਟੀਜ਼ਨਸ਼ਿਪ ਮਿਲ ਚੁੱਕੀ ਹੈ। ‘ਸਟੱਫ਼ ਨਿਊਜ਼’ ਦੀ ਰਿਪੋਰਟ ਮੁਤਾਬਕ ਦਮਨ ਕੁਮਾਰ ਦੇ ਪਿਤਾ ਨਰੇਸ਼ ਕੁਮਾਰ ਮਾਰਚ 2001 ਵਿਚ ਵਰਕ ਵੀਜ਼ਾ ’ਤੇ ਨਿਊਜ਼ੀਲੈਂਡ ਪੁੱਜੇ ਜਦਕਿ ਮਾਤਾ ਸੁਨੀਤਾ ਦੇਵੀ ਉਸੇ ਸਾਲ ਸਤੰਬਰ ਵਿਚ ਨਿਊਜ਼ੀਲੈਂਡ ਆ ਗਏ। ਇੰਮੀਗ੍ਰੇਸ਼ਨ ਵਾਲਿਆਂ ਮੁਤਾਬਕ ਸੁਨੀਤਾ ਦੇਵੀ ਦੀ ਵੀਜ਼ਾ ਮਿਆਦ 2004 ਤੱਕ ਸੀ ਅਤੇ ਇਸੇ ਦੌਰਾਨ ਨਿਊਜ਼ੀਲੈਂਡ ਵਿਚ ਨਵਾਂ ਕਾਨੂੰਨ ਲਾਗੂ ਹੋ ਗਿਆ ਜੋ ਮੁਲਕ ਵਿਚ ਜੰਮਣ ਵਾਲੇ ਹਰ ਬੱਚੇ ਨੂੰ ਨਾਗਰਿਕਤਾ ਦਾ ਹੱਕ ਨਹੀਂ ਸੀ ਦਿੰਦਾ। ਦਮਨ ਦੀ ਭੈਣ ਰਾਧਿਕਾ ਦਾ ਜਨਮ ਨਵਾਂ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਹੋਇਆ ਅਤੇ ਉਸ ਦਾ ਬਾਅਦ ਵਿਚ। ਜੂਨ 2024 ਵਿਚ ਦਮਨ ਕੁਮਾਰ 18 ਸਾਲ ਦਾ ਹੋਇਆ ਤਾਂ ਡਿਪੋਰਟੇਸ਼ਨ ਦਾ ਜਿੰਨ ਬੋਤਲ ਵਿਚੋਂ ਬਾਹਰ ਆ ਗਿਆ।
ਇੰਮੀਗ੍ਰੇਸ਼ਨ ਵਾਲਿਆਂ ਨੇ ਜਾਰੀ ਕੀਤੇ ਨੋਟਿਸ
ਨਿਊਜ਼ੀਲੈਂਡ ਦੇ ਇੰਮੀਗ੍ਰੇਸ਼ਨ ਮੰਤਰੀ ਕ੍ਰਿਸ ਪੈਂਕ ਦਮਨ ਕੁਮਾਰ ਅਤੇ ਉਸ ਦੇ ਮਾਪਿਆਂ ਨੂੰ ਕੋਈ ਰਾਹਤ ਦੇਣ ਤੋਂ ਸਾਫ਼ ਨਾਂਹ ਕਰ ਚੁੱਕੇ ਹਨ ਅਤੇ 17 ਫ਼ਰਵਰੀ ਤੱਕ ਆਪਣੀ ਮਰਜ਼ੀ ਨਾਲ ਮੁਲਕ ਛੱਡ ਦੇਣ ਜਾਂ ਜ਼ਬਰਦਸਤੀ ਕੱਢੇ ਜਾਣ ਦਾ ਨੋਟਿਸ ਜਾਰੀ ਹੋ ਚੁੱਕਾ ਹੈ। ਕੋਈ ਇੰਮੀਗ੍ਰੇਸ਼ਨ ਸਟੇਟਸ ਨਾ ਹੋਣ ਕਾਰਨ ਦਮਨ ਕੁਮਾਰ ਕੋਲ ਡਰਾਈਵਿੰਗ ਲਾਇਸੰਸ ਨਹੀਂ ਅਤੇ ਨਾ ਹੀ ਉਹ ਬੈਂਕ ਖਾਤਾ ਖੁਲ੍ਹਵਾ ਸਕਦਾ ਹੈ। ਉਚੇਰੀ ਸਿੱਖਿਆ ਹਾਸਲ ਕਰਨ ਦੇ ਰਾਹ ਵਿਚ ਵੀ ਦਿੱਕਤਾਂ ਆ ਰਹੀਆਂ ਹਨ। ਹਾਈ ਸਕੂਲ ਮੁਕੰਮਲ ਕਰਨ ਮਗਰੋਂ ਉਹ ਜ਼ਿਆਦਾਤਰ ਸਮਾਂ ਘਰ ਵਿਚ ਹੀ ਰਹਿੰਦਾ ਹੈ ਅਤੇ ਸਮਾਜ ਤੋਂ ਬਿਲਕੁਲ ਟੁੱਟ ਚੁੱਕਾ ਹੈ। ਦੂਜੇ ਪਾਸੇ ਉਸ ਦੀ ਵੱਡੀ ਭੈਣ ਅਪਰਾਧ ਵਿਗਿਆਨ ਵਿਚ ਡਿਗਰੀ ਹਾਸਲ ਕਰ ਚੁੱਕੀ ਹੈ। ਰਾਧਿਕਾ ਨੂੰ ਇਹ ਬਿਲਕੁਲ ਚੰਗਾ ਨਹੀਂ ਲਗਦਾ ਕਿ ਉਹ ਨਿਊਜ਼ੀਲੈਂਡ ਦੀ ਨਾਗਰਿਕ ਹੈ ਜਦਕਿ ਉਸ ਦੇ ਭਰਾ ਤੋਂ ਸਿਟੀਜ਼ਨਸ਼ਿਪ ਦਾ ਹੱਕ ਖੋਹ ਲਿਆ ਗਿਆ।
ਮੁਲਕ ਵਿਚ ਜੰਮਿਆ ਨੌਜਵਾਨ ਸਿਟੀਜ਼ਨਸ਼ਿਪ ਤੋਂ ਵਾਂਝਾ
ਇਸੇ ਦੌਰਾਨ ਦਮਨ ਦੀ ਮਾਤਾ ਸੁਨੀਤਾ ਦੇਵੀ ਨੇ ਦੱਸਿਆ ਕਿ ਉਹ ਖੇਤਾਂ ਵਿਚ ਕੰਮ ਕਰ ਕੇ ਗੁਜ਼ਾਰਾ ਚਲਾਉਂਦੇ ਹਨ ਅਤੇ ਪਿਛਲੇ ਤਿੰਨ ਸਾਲ ਤੋਂ ਟੈਕਸ ਵੀ ਅਦਾ ਕਰ ਰਹੇ ਹਨ। ਦੂਜੇ ਪਾਸੇ ਮਾਇਗ੍ਰੈਂਟ ਵਰਕਰਜ਼ ਐਸੋਸੀਏਸ਼ਨ ਦੀ ਪ੍ਰਧਾਨ ਅਨੁ ਕਾਲੋਟੀ ਦਾ ਕਹਿਣਾ ਸੀ ਕਿ ਉਹ ਪਰਵਾਰ ਨੂੰ ਕਾਨੂੰਨੀ ਦਰਜਾ ਦਿਵਾਉਣ ਲਈ ਪਿਛਲੇ ਤਿੰਨ ਸਾਲ ਤੋਂ ਕੰਮ ਕਰ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਸੁਨੀਤਾ ਦੇਵੀ ਵੱਲੋਂ ਸਾਲ 2010 ਵਿਚ ਇੰਮੀਗ੍ਰੇਸ਼ਨ ਮੰਤਰੀ ਨੂੰ ਮਾਮਲੇ ਵਿਚ ਦਖਲ ਦੇਣ ਦੀ ਗੁਜ਼ਾਰਿਸ਼ ਕੀਤੀ ਗਈ ਪਰ 2011 ਵਿਚ ਨਾਂਹ ਹੋ ਗਈ। 2024 ਵਿਚ ਨਿਊਜ਼ੀਲੈਂਡ ਦੇ ਇੰਮੀਗ੍ਰੇਸ਼ਨ ਮੰਤਰਾਲੇ ਨੇ ਪਰਵਾਰ ਨੂੰ ਵੀਜ਼ੇ ਦੇ ਅਪੀਲ ਮੁੜ ਰੱਦ ਕਰ ਦਿਤੀ ਅਤੇ 31 ਜਨਵਰੀ 2025 ਤੱਕ ਮੁਲਕ ਛੱਡਣ ਦੇ ਹੁਕਮ ਦਿਤੇ ਗਏ। ਇਸ ਮਗਰੋਂ ਮੁਲਕ ਛੱਡ ਕੇ ਜਾਣ ਦੀ ਸਮਾਂ ਹੱਦ 17 ਫ਼ਰਵਰੀ ਤੱਕ ਵਧਾ ਦਿਤੀ ਗਈ। ਅਨੁ ਕਾਲੋਟੀ ਨੇ ਦਲੀਲ ਦਿਤੀ ਕਿ ਦਮਨ ਕੁਮਾਰ ਕਦੇ ਵੀ ਭਾਰਤ ਨਹੀਂ ਗਿਆ ਅਤੇ ਉਥੇ ਰਹਿੰਦੇ ਰਿਸ਼ਤੇਦਾਰਾਂ ਨਾਲ ਉਸ ਦਾ ਕੋਈ ਮੋਹ-ਪਿਆਰ ਨਹੀਂ। ਉਹ ਭਾਰਤੀ ਬੋਲੀ ਵੀ ਨਹੀਂ ਜਾਣਦਾ ਅਤੇ ਦਲਿਤ ਪਰਵਾਰ ਨਾਲ ਸਬੰਧਤ ਹੋਣ ਕਾਰਨ ਭਾਰਤ ਵਿਚ ਵਿਤਕਰੇ ਦਾ ਟਾਕਰਾ ਵੀ ਕਰਨਾ ਪੈ ਸਕਦਾ ਹੈ।