ਅਮਰੀਕਾ ਵਿਚ ਭਾਰਤੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
ਅਮਰੀਕਾ ਵਿਚ ਇਕ ਗੈਸ ਸਟੇਸ਼ਨ ’ਤੇ ਲੁੱਟ ਦੀ ਵਾਰਦਾਤ ਦੌਰਾਨ ਭਾਰਤੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ। ਟੈਕਸਸ ਦੇ ਡੈਲਸ ਸ਼ਹਿਰ ਵਿਚ ਵਾਪਰੀ ਵਾਰਦਾਤ ਦੌਰਾਨ ਮਾਰੇ ਗਏ 32 ਸਾਲਾ ਭਾਰਤੀ ਦੀ ਸ਼ਨਾਖਤ ਦਾਸਾਰੀ ਗੋਪੀਕ੍ਰਿਸ਼ਨਾ ਵਜੋਂ ਕੀਤੀ ਗਈ ਹੈ।;
ਹਿਊਸਟਨ : ਅਮਰੀਕਾ ਵਿਚ ਇਕ ਗੈਸ ਸਟੇਸ਼ਨ ’ਤੇ ਲੁੱਟ ਦੀ ਵਾਰਦਾਤ ਦੌਰਾਨ ਭਾਰਤੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ। ਟੈਕਸਸ ਦੇ ਡੈਲਸ ਸ਼ਹਿਰ ਵਿਚ ਵਾਪਰੀ ਵਾਰਦਾਤ ਦੌਰਾਨ ਮਾਰੇ ਗਏ 32 ਸਾਲਾ ਭਾਰਤੀ ਦੀ ਸ਼ਨਾਖਤ ਦਾਸਾਰੀ ਗੋਪੀਕ੍ਰਿਸ਼ਨਾ ਵਜੋਂ ਕੀਤੀ ਗਈ ਹੈ। ਹਿਊਸਟਨ ਵਿਖੇ ਭਾਰਤ ਦੇ ਕੌਂਸਲ ਜਨਰਲ ਡੀ.ਸੀ. ਮੰਜੂਨਾਥ ਜੋ ਯੋਗ ਦਿਹਾੜੇ ਦੇ ਸਬੰਧ ਵਿਚ ਐਤਵਾਰ ਨੂੰ ਡੈਲਸ ਪੁੱਜੇ ਹੋਏ ਸਨ, ਵੱਲੋਂ ਭਾਰਤੀ ਨੌਜਵਾਨ ਦੀ ਮੌਤ ਬਾਰੇ ਤਸਦੀਕ ਕਰ ਦਿਤੀ ਗਈ ਹੈ।
ਡੈਲਸ ਦੇ ਗੈਸ ਸਟੇਸ਼ਨ ’ਤੇ ਹਥਿਆਰਬੰਦ ਲੁਟੇਰੇ ਨੇ ਕੀਤੀ ਵਾਰਦਾਤ
ਉਨ੍ਹਾਂ ਨੇ ਕਿਹਾ ਕਿ ਇਸ ਵਾਰਦਾਤ ਦਾ ਅਰਕੰਸਾ ਵਿਖੇ ਹੋਈ ਗੋਲੀਬਾਰੀ ਨਾਲ ਕੋਈ ਸਬੰਧ ਨਹੀਂ ਜਿਵੇਂ ਕਿ ਕੁਝ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਸੀ। ਗੋਪੀਕ੍ਰਿਸ਼ਨਾ ਦੇ ਪਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਕੌਂਸਲ ਜਨਰਲ ਨੇ ਕਿਹਾ ਕਿ ਡੈਲਸ ਦੇ ਪਲੈਜ਼ੈਂਟ ਗਰੋਵ ਇਲਾਕੇ ਵਿਚ ਹੋਈ ਵਾਰਦਾਤ ਬਾਰੇ ਸੁਣ ਕੇ ਮਨ ਬੇਹੱਦ ਉਦਾਸ ਹੈ। ਭਾਰਤੀ ਕੌਂਸਲੇਟ ਗੋਪੀਕ੍ਰਿਸ਼ਨਾ ਦੇ ਪਰਵਾਰਕ ਮੈਂਬਰਾਂ ਦੇ ਲਗਾਤਾਰ ਸੰਪਰਕ ਵਿਚ ਹੈ ਅਤੇ ਹਰ ਸੰਭਵ ਮਦਦ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਗੋਪੀਕ੍ਰਿਸ਼ਨਾ ਅਮਰੀਕਾ ਵਿਚ ਪੜ੍ਹ ਰਿਹਾ ਸੀ ਅਤੇ ਆਪਣਾ ਗੁਜ਼ਾਰਾ ਚਲਾਉਣ ਲਈ ਇਕ ਗੈਸ ਸਟੇਸ਼ਨ ’ਤੇ ਬਣੇ ਕਨਵੀਨੀਐਂਸ ਸਟੋਰ ਵਿਚ ਕੰਮ ਕਰਨ ਲੱਗਾ। ਡੈਲਸ ਪੁਲਿਸ ਨੇ ਦੱਸਿਆ ਕਿ ਇਕ ਹਥਿਆਰਬੰਦ ਲੁਟੇਰਾ ਸ਼ਨਿੱਚਰਵਾਰ ਵੱਡੇ ਤੜਕੇ ਪਲੈਜ਼ੈਂਟ ਗਰੋਵ ਇਲਾਕੇ ਦੀ ਲੇਕ ਜੂਨ ਰੋਡ ’ਤੇ ਸਥਿਤ ਕਨਵੀਨੀਐਂਸ ਸਟੋਰ ਵਿਚ ਦਾਖਲ ਹੋਇਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਲੱਗਾ। ਵਾਰਦਾਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋ ਰਹੀ ਹੈ ਜਿਸ ਵਿਚ ਹਥਿਆਰਬੰਦ ਲੁਟੇਰੇ ਨੂੰ ਗੋਲੀਆਂ ਚਲਾਉਣ ਮਗਰੋਂ ਚੀਜ਼ਾਂ ਚੁੱਕੇ ਕੇ ਫਰਾਰ ਹੁੰਦੇ ਦੇਖਿਆ ਜਾ ਸਕਦਾ ਹੈ।
ਭਾਰਤੀ ਕੌਂਸਲ ਜਨਰਲ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਦੂਜੇ ਪਾਸੇ ਗੋਪੀਕ੍ਰਿਸ਼ਨਾ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਗੋਪੀਕ੍ਰਿਸ਼ਨਾ, ਭਾਰਤ ਦੇ ਆਂਧਰਾ ਪ੍ਰਦੇਸ਼ ਸੂਬੇ ਨਾਲ ਸਬੰਧਤ ਸੀ ਅਤੇ ਉਸ ਦਾ ਪਰਵਾਰ ਬਾਪਤਲਾ ਇਲਾਕੇ ਵਿਚ ਰਹਿੰਦਾ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਵੱਲੋਂ ਗੋਪੀਕ੍ਰਿਸ਼ਨਾ ਦੇ ਪਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਸ ਦੇ ਦੇਹ ਭਾਰਤ ਲਿਆਉਣ ਦੇ ਪ੍ਰਬੰਧ ਕਰਨ ਦਾ ਭਰੋਸਾ ਦਿਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਵਿਚ ਪਿਛਲੇ ਕੁਝ ਸਮੇਂ ਦੌਰਾਨ ਕਈ ਭਾਰਤੀ ਵਿਦਿਆਰਥੀ ਵੱਖ ਵੱਖ ਵਾਰਦਾਤਾਂ ਦਾ ਨਿਸ਼ਾਨਾ ਬਣ ਚੁੱਕੇ ਹਨ।