ਫਰਾਂਸ ਵਿਚ ਭਾਰਤੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ

ਵਿਦੇਸ਼ਾਂ ਵਿਚ ਭਾਰਤੀ ਨੌਜਵਾਨਾਂ ਨਾਲ ਅਣਹੋਣੀ ਦੀਆਂ ਘਟਨਾਵਾਂ ਦਰਮਿਆਨ ਫਰਾਂਸ ਵਿਚ 28 ਸਾਲ ਦੇ ਸੁਸ਼ੀਲ ਕੁਮਾਰ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ।;

Update: 2025-02-25 13:34 GMT

ਪੈਰਿਸ : ਵਿਦੇਸ਼ਾਂ ਵਿਚ ਭਾਰਤੀ ਨੌਜਵਾਨਾਂ ਨਾਲ ਅਣਹੋਣੀ ਦੀਆਂ ਘਟਨਾਵਾਂ ਦਰਮਿਆਨ ਫਰਾਂਸ ਵਿਚ 28 ਸਾਲ ਦੇ ਸੁਸ਼ੀਲ ਕੁਮਾਰ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ। ਹਰਿਆਣਾ ਦੇ ਪਿਹੋਵਾ ਕਸਬੇ ਨਾਲ ਸਬੰਧਤ ਸੁਸ਼ੀਲ ਕੁਮਾਰ ਜਨਵਰੀ 2024 ਵਿਚ ਫਰਾਂਸ ਪੁੱਜਾ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਸੁਸ਼ੀਲ ਕੁਮਾਰ ਨਾਲ ਤਿੰਨ ਪੰਜਾਬੀ ਨੌਜਵਾਨ ਰਹਿ ਰਹੇ ਸਨ ਜਿਨ੍ਹਾਂ ਵਿਚੋਂ 2 ਪੰਜਾਬ ਪਰਤ ਗਏ ਜਦਕਿ ਤੀਜਾ ਨੌਜਵਾਨ 2 ਫ਼ਰਵਰੀ ਨੂੰ ਪੋਲੈਂਡ ਚਲਾ ਗਿਆ। ਸੁਸ਼ੀਲ ਕੁਮਾਰ ਦੇ ਭਰਾ ਸੌਰਵ ਨੇ ਦੱਸਿਆ ਕਿ 8 ਫ਼ਰਵਰੀ ਨੂੰ ਆਖਰੀ ਵਾਰ ਫੋਨ ’ਤੇ ਗੱਲ ਹੋਈ ਅਤੇ ਚਿੰਤਾ ਵਾਲਾ ਕੋਈ ਸੰਕੇਤ ਨਾ ਮਿਲਿਆ। ਇਸ ਮਗਰੋਂ 11 ਫ਼ਰਵਰੀ ਨੂੰ ਸੁਸ਼ੀਲ ਨੇ ਆਪਣੇ ਭਰਾ ਦੇ ਜਨਮ ਦਿਨ ਦੀ ਸਟੋਰੀ ਵੀ ਸ਼ੇਅਰ ਕੀਤੀ ਪਰ ਮੁੜ ਸੰਪਰਕ ਨਾ ਹੋ ਸਕਿਆ।

ਇਕ ਸਾਲ ਪਹਿਲਾਂ ਹੀ ਪੈਰਿਸ ਪੁੱਜਾ ਸੀ ਸੁਸ਼ੀਲ ਕੁਮਾਰ

ਸੁਸ਼ੀਲ ਦਾ ਫੋਨ ਬੰਦ ਆਉਣ ’ਤੇ ਸੌਰਵ ਨੇ ਉਸ ਦੇ ਸਾਥੀਆਂ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਪਰ ਸਫ਼ਲ ਨਾ ਹੋ ਸਕਿਆ। ਇਸੇ ਦੌਰਾਨ 15 ਫਰਵਰੀ ਨੂੰ ਮਕਾਨ ਮਾਲਕ ਨੇ ਫੋਨ ਕਰ ਕੇ ਪਰਵਾਰ ਨੂੰ ਅਣਹੋਣੀ ਬਾਰੇ ਦੱਸਿਆ। ਮਕਾਨ ਮਾਲਕ ਮੁਤਾਬਕ ਸੁਸ਼ੀਲ ਕੁਮਾਰ ਨੇ ਖੁਦਕੁਸ਼ੀ ਕੀਤੀ ਪਰ ਉਸ ਦਾ ਪਰਵਾਰ ਯਕੀਨ ਨਹੀਂ ਕਰ ਰਿਹਾ। ਸੌਰਵ ਦਾ ਕਹਿਣਾ ਹੈ ਕਿ ਕੋਈ ਸੁਸਾਇਡ ਨੋਟ ਵੀ ਨਹੀਂ ਮਿਲਿਆ ਅਤੇ ਸੁਸ਼ੀਲ ਵੱਲੋਂ ਪਹਿਲਾਂ ਕਦੇ ਕਿਸੇ ਪ੍ਰੇਸ਼ਾਨੀ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ। ਹੁਣ ਮਕਾਨ ਮਾਲਕ ਵੀ ਪੀੜਤ ਪਰਵਾਰ ਦੀਆਂ ਫੋਨ ਕਾਲਜ਼ ਦਾ ਜਵਾਬ ਨਹੀਂ ਦੇ ਰਿਹਾ ਜੋ ਮੌਰੀਸ਼ਸ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਸੁਸ਼ੀਲ ਕੁਮਾਰ ਪੈਰਿਸ ਵਿਖੇ ਕੱਪੜਿਆਂ ਦੇ ਇਕ ਸ਼ੋਅਰੂਮ ਵਿਚ ਕੰਮ ਕਰਦਾ ਸੀ ਜੋ ਪਾਕਿਸਾਤਨੀ ਮੂਲ ਦੇ ਇਕ ਕਾਰੋਬਾਰੀ ਦਾ ਦੱਸਿਆ ਜਾ ਰਿਹਾ ਹੈ।

ਮਕਾਨ ਮਾਲਕ ਨੇ ਪਰਵਾਰ ਨੂੰ ਅਣਹੋਣੀ ਬਾਰੇ ਦੱਸਿਆ

ਸ਼ੋਅਰੂਮ ਮਾਲਕ ਵਿਚ ਸੁਸ਼ੀਲ ਬਾਰੇ ਜ਼ਿਆਦਾ ਜਾਣਕਾਰੀ ਨਾ ਦੇ ਸਕਿਆ। ਸੁਸ਼ੀਲ ਦੇ ਪਿਤਾ ਹਰਿਆਣੇ ਦੇ ਰੋਡਵੇਜ਼ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਅਤੇ ਕਰਜ਼ਾ ਲੈ ਕੇ ਪੁੱਤ ਨੂੰ ਵਿਦੇਸ਼ ਭੇਜਿਆ। ਪਿਤਾ ਜਗਦੀਸ਼ ਚੰਦ ਮੁਤਾਬਕ ਸੁਸ਼ੀਲ ਦੀ ਦੇਹ ਵਾਪਸ ਮੰਗਵਾਉਣ ’ਤੇ 20 ਲੱਖ ਤੋਂ ਉਤੇ ਖਰਚਾ ਦੱਸਿਆ ਜਾ ਰਿਹਾ ਹੈ ਅਤੇ ਉਨ੍ਹਾਂ ਕੋਲ ਐਨੀ ਗੁੰਜਾਇਸ਼ ਨਹੀਂ। ਜਗਦੀਸ਼ ਚੰਦ ਖੁਦ ਦਿਲ ਦੇ ਮਰੀਜ਼ ਹਨ ਅਤੇ ਪੰਜ ਮਹੀਨੇ ਪਹਿਲਾਂ ਹੀ ਉਨ੍ਹਾਂ ਦੇ ਦਿਲ ਦੀ ਸਰਜਰੀ ਹੋਈ। ਇਸੇ ਦੌਰਾਨ ਜਲੰਧਰ ਨਾਲ ਸਬੰਧਤ ਇਕਬਾਲ ਸਿੰਘ ਭੱਟੀ ਵੱਲੋਂ ਸੁਸ਼ੀਲ ਦੀ ਦੇਹ ਭਾਰਤ ਭਿਜਵਾਉਣ ਵਿਚ ਮਦਦ ਕਰਨ ਦਾ ਭਰੋਸਾ ਦਿਤਾ ਗਿਆ ਹੈ।

Tags:    

Similar News