ਅਮਰੀਕਾ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਦੀ ਬਹਾਮਾਜ਼ ਵਿਚ ਮੌਤ
ਅਮਰੀਕਾ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਦੀ ਬਹਾਮਾਜ਼ ਵਿਖੇ ਇਕ ਹੋਟਲ ਦੀ ਬਾਲਕਨੀ ਤੋਂ ਡਿੱਗਣ ਕਾਰਨ ਮੌਤ ਹੋ ਗਈ।
ਨਿਊ ਯਾਰਕ : ਅਮਰੀਕਾ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਦੀ ਬਹਾਮਾਜ਼ ਵਿਖੇ ਇਕ ਹੋਟਲ ਦੀ ਬਾਲਕਨੀ ਤੋਂ ਡਿੱਗਣ ਕਾਰਨ ਮੌਤ ਹੋ ਗਈ। ਵਿਦਿਆਰਥੀ ਦੀ ਸ਼ਨਾਖਤ ਗੌਰਵ ਜੈਸਿੰਘ ਵਜੋਂ ਕੀਤੀ ਗਈ ਹੈ ਜਿਸ ਦੀ ਪੜ੍ਹਾਈ ਕੁਝ ਹੀ ਦਿਨਾਂ ਵਿਚ ਮੁਕੰਮਲ ਹੋਣ ਵਾਲੀ ਸੀ ਅਤੇ ਗੈ੍ਰਜੁਏਸ਼ਨ ਡਿਗਰੀ ਮਿਲ ਜਾਂਦੀ। ਮੈਸਾਚਿਊਟਸ ਦੇ ਵੌਲਥਮ ਸ਼ਹਿਰ ਵਿਖੇ ਸਥਿਤ ਬੈਂਟਲੀ ਯੂਨੀਵਰਸਿਟੀ ਦਾ ਵਿਦਿਆਰਥੀ ਗੌਰਵ ਜੈਸਿੰਘ ਆਪਣੇ ਜਮਾਤੀਆਂ ਨਾਲ ਸੈਰ-ਸਪਾਟੇ ਲਈ ਬਹਾਮਾਜ਼ ਗਿਆ ਸੀ ਜਿਥੇ ਦੁਖਦ ਹਾਦਸਾ ਵਾਪਰ ਗਿਆ। ਬੈਂਟਲੀ ਯੂਨੀਵਰਸਿਟੀ ਨੇ ਕਿਹਾ ਕਿ 25 ਸਾਲ ਦੇ ਗੌਰਵ ਜੈਸਿੰਘ ਦਾ ਵਿਛੋੜਾ ਸਮੁੱਚੀ ਕਮਿਊਨਿਟੀ ਵਾਸਤੇ ਵੱਡੇ ਝਟਕੇ ਤੋਂ ਘੱਟ ਨਹੀਂ। ਯੂਨੀਵਰਸਿਟੀ ਦਾ ਸਟਾਫ਼ ਅਤੇ ਵਿਦਿਆਰਥੀ ਇਸ ਦੁੱਖ ਦੀ ਘੜੀ ਵਿਚ ਗੌਰਵ ਦੇ ਪਰਵਾਰ ਦੇ ਨਾਲ ਖੜ੍ਹੇ ਹਨ ਅਤੇ 17 ਮਈ ਨੂੰ ਯੂਨੀਵਰਸਿਟੀ ਦੇ ਇਕ ਸਮਾਗਮ ਦੌਰਾਨ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਹੋਟਲ ਦੀ ਬਾਲਕਨੀ ਤੋਂ ਡਿੱਗਿਆ ਗੌਰਵ ਜੈਸਿੰਘ
ਏ.ਬੀ.ਸੀ. ਨਿਊਜ਼ ਦੀ ਰਿਪੋਰਟ ਮੁਤਾਬਕ ਬਹਾਮਾਜ਼ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਮੁਢਲੇ ਤੌਰ ’ਤੇ ਉਭਰ ਕੇ ਸਾਹਮਣੇ ਆਇਆ ਕਿ ਗੌਰਵ ਦੀ ਮੌਤ ਇਕ ਹਾਦਸਾ ਸੀ। ਪਰਵਾਰ ਦੀ ਪ੍ਰਾਈਵੇਸੀ ਨੂੰ ਧਿਆਨ ਵਿਚ ਰਖਦਿਆਂ ਫਿਲਹਾਲ ਜ਼ਿਆਦਾ ਜਾਣਕਾਰੀ ਸਾਂਝੀ ਕਰਨੀ ਸੰਭਵ ਨਹੀਂ। ਗੌਰਵ ਜੈਸਿੰਘ ਮੈਸਾਚਿਊਸੈਟਸ ਦੇ ਸ਼ਰੂਜ਼ਬਰੀ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਸਾਊਥ ਏਸ਼ੀਅਨ ਸਟੂਡੈਂਟਸ ਐਸੋਸੀਏਸ਼ਨ ਦਾ ਮੈਂਬਰ ਵੀ ਰਿਹਾ। ਦੂਜੇ ਪਾਸੇ ਰਾਯਲ ਬਹਾਮਾਜ਼ ਪੁਲਿਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ 11 ਮਈ ਨੂੰ ਰਾਤ ਤਕਰੀਬਨ 10 ਵਜੇ ਗੌਰਵ ਆਪਣੇ ਸਾਥੀਆਂ ਨਾਲ ਹੋਟਲ ਦੇ ਕਮਰੇ ਵਿਚ ਮੌਜੂਦ ਸੀ ਪਰ ਅਚਨਚੇਤ ਬਾਹਰ ਆਇਆ ਅਤੇ ਕਿਸੇ ਸ਼ਖਸ ਦੇ ਬਾਲਕਨੀ ਤੋਂ ਡਿੱਗਣ ਦਾ ਰੌਲਾ ਪੈ ਗਿਆ। ਐਮਰਜੰਸੀ ਕਾਮਿਆਂ ਵੱਲੋਂ ਗੌਰਵ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਉਹ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਰਾਹ ਵਿਚ ਹੀ ਦਮ ਤੋੜ ਗਿਆ।
ਕੁਝ ਹੀ ਦਿਨਾਂ ਵਿਚ ਮਿਲਣੀ ਸੀ ਡਿਗਰੀ
ਦੱਸ ਦੇਈਏ ਕਿ ਅਮਰੀਕਾ ਦੀ ਕਲੀਵਲੈਂਡ ਸਟੇਟ ਯੂਨੀਵਰਸਿਟੀ ਵਿਚ ਪੜ੍ਹਦੇ ਦੋ ਭਾਰਤੀ ਵਿਦਿਆਰਥੀਆਂ ਦੀ ਬੀਤੇ ਦਿਨੀਂ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਸੌਰਵ ਪ੍ਰਭਾਕਰ ਅਤੇ ਮਾਨਵ ਪਟੇਲ ਆਪਣੇ ਇਕ ਹੋਰ ਸਾਥੀ ਨਾਲ ਗੱਡੀ ਵਿਚ ਜਾ ਰਹੇ ਸਨ ਜਦੋਂ ਇਹ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਵੱਜੀ। ਲੈਨਕੈਸਟਰ ਕਾਊਂਟੀ ਦੇ ਕੌਰੋਨਰ ਦਫ਼ਤਰ ਨੇ ਦੱਸਿਆ ਕਿ ਸਰੀਰ ਦੇ ਵੱਖ ਵੱਖ ਅੰਗਾਂ ’ਤੇ ਡੂੰਘੀਆਂ ਸੱਟਾਂ ਵੱਜਣ ਕਾਰਨ ਮਾਨਵ ਪਟੇਲ ਅਤੇ ਸੌਰਵ ਪ੍ਰਭਾਕਰ ਦੀ ਮੌਤ ਹੋਈ ਅਤੇ ਇਸ ਮਾਮਲੇ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ। ਦੂਜੇ ਪਾਸੇ ਕੈਨੇਡਾ ਦੇ ਕੈਲੇਡਨ ਵਿਖੇ ਰਹਿੰਦੇ 25 ਸਾਲ ਦੇ ਗਗਨਦੀਪ ਸਿੰਘ ਦੀ ਡੁੱਬਣ ਕਾਰਨ ਮੌਤ ਹੋ ਗਈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਦੁਨੇਵਾਲਾ ਨਾਲ ਸਬੰਧਤ ਗਗਨਦੀਪ ਸਿੰਘ ਆਪਣੇ ਸਾਥੀਆਂ ਨਾਲ ਦੱਖਣੀ ਉਨਟਾਰੀਓ ਦੀ ਪੇਸਲੀ ਸੌਗੀਨ ਰਿਵਰ ਵੱਲ ਗਿਆ ਸੀ ਜਿਥੇ ਹਾਦਸਾ ਵਾਪਰਿਆ।