ਅਮਰੀਕਾ 'ਚ ਭਾਰਤੀ ਵਿਦਿਆਰਥਣ ਲਾਪਤਾ. ਪਰਿਵਾਰ ਪਰੇਸ਼ਾਨ, ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ
ਅਮਰੀਕਾ ਵਿਚ 23 ਸਾਲਾ ਭਾਰਤੀ ਵਿਦਿਆਰਥਣ ਇਕ ਹਫ਼ਤੇ ਤੋਂ ਲਾਪਤਾ ਦੱਸੀ ਜਾ ਰਹੀ ਹੈ ਅਤੇ ਭਾਲ ਵਿਚ ਜੁਟੀ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ | ਭਾਰਤੀ ਵਿਦਿਆਰਥੀਆਂ ਨਾਲ ਵਾਪਰ ਰਹੀਆਂ ਘਟਨਾਵਾਂ ਵਿਚ ਨਿਤਿਸ਼ਾ ਕੰਦੁਲਾ ਦਾ ਨਾਂ ਵੀ ਸ਼ਾਮਲ ਹੋ ਗਿਆ ਜਿਸ ਨੂੰ ਆਖਰੀ ਵਾਰ ਲੌਸ ਐਂਜਲਸ ਵਿਖੇ ਦੇਖਿਆ ਗਿਆ
ਕੈਲੇਫੋਰਨੀਆ : ਅਮਰੀਕਾ ਵਿਚ 23 ਸਾਲਾ ਭਾਰਤੀ ਵਿਦਿਆਰਥਣ ਇਕ ਹਫ਼ਤੇ ਤੋਂ ਲਾਪਤਾ ਦੱਸੀ ਜਾ ਰਹੀ ਹੈ ਅਤੇ ਭਾਲ ਵਿਚ ਜੁਟੀ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ। ਭਾਰਤੀ ਵਿਦਿਆਰਥੀਆਂ ਨਾਲ ਵਾਪਰ ਰਹੀਆਂ ਘਟਨਾਵਾਂ ਵਿਚ ਨਿਤਿਸ਼ਾ ਕੰਦੁਲਾ ਦਾ ਨਾਂ ਵੀ ਸ਼ਾਮਲ ਹੋ ਗਿਆ ਜਿਸ ਨੂੰ ਆਖਰੀ ਵਾਰ ਲੌਸ ਐਂਜਲਸ ਵਿਖੇ ਦੇਖਿਆ ਗਿਆ । ਪੁਲਿਸ ਨੇ ਦੱਸਿਆ ਕਿ ਸੈਨ ਬਰਨਾਰਡੀਨੋ ਦੀ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ ਵਿਚ ਪੜ੍ਹਦੀ ਨਿਤਿਸ਼ਾ ਕੰਦੁਲਾ 28 ਮਈ ਨੂੰ ਲਾਪਤਾ ਹੋਈ ਅਤੇ 30 ਮਈ ਨੂੰ ਉਸ ਦੇ ਗੁੰਮ ਹੋਣ ਦੀ ਰਸਮੀ ਸ਼ਿਕਾਇਤ ਪੁਲਿਸ ਕੋਲ ਪੁੱਜੀ। ਯੂਨੀਵਰਸਿਟੀ ਪੁਲਿਸ ਦੇ ਮੁਖੀ ਜੌਹਨ ਗੁਤੀਰੇਜ਼ ਨੇ ਕਿਹਾ ਕਿ ਲੌਸ ਐਂਜਲਸ ਪੁਲਿਸ ਦੀ ਮਦਦ ਨਾਲ ਨਿਤਿਸ਼ਾ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ਅਤੇ ਜੇ ਕਿਸੇ ਕੋਲ ਉਸ ਬਾਰੇ ਕੋਈ ਜਾਣਕਾਰੀ ਹੈ ਤਾਂ 909 537 5165 'ਤੇ ਸੰਪਰਕ ਕਰੇ। ਨਿਤਿਸ਼ਾ ਦਾ ਕੱਦ 5 ਫੁੱਟ 6 ਇੰਚ ਅਤੇ ਵਜ਼ਨ ਤਕਰੀਬਨ 72 ਕਿਲੋ ਦੱਸਿਆ ਜਾ ਰਿਹਾ ਹੈ । ਲਾਪਤਾ ਹੋਣ ਵਾਲੇ ਦਿਨ ਉਹ ਕੈਲੇਫੋਰਨੀਆ ਲਾਇਸੰਸ ਪਲੇਟ ਵਾਲੀ 2021 ਮਾਡਲ ਟੌਯੋਟਾ ਕਰੋਲਾ ਗੱਡੀ ਚਲਾ ਰਹੀ ਸੀ | ਗੱਡੀ ਦੇ ਰੰਗ ਬਾਰੇ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿਤੀ । ਇਸੇ ਦੌਰਾਨ ਲੌਸ ਐਂਜਲਸ ਪੁਲਿਸ ਦੀ ਦੱਖਣ-ਪੱਛਮੀ ਡਵੀਜ਼ਨ ਵੱਲੋਂ ਨਿਤਿਸ਼ਾ ਦੇ ਪਤੇ ਟਿਕਾਣੇ ਬਾਰੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ।
ਇਥੇ ਦਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਸ਼ਿਕਾਗੋ ਤੋਂ ਭਾਰਤੀ ਵਿਦਿਆਰਥੀ ਰੁਪੇਸ਼ ਚੰਦਰ ਲਾਪਤਾ ਹੋ ਗਿਆ ਸੀ ਜਦਕਿ ਅਪ੍ਰੈਲ ਵਿਚ ਕਲੀਵਲੈਂਡ ਸ਼ਹਿਰ ਵਿਖੇ ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ ਕੀਤੀ ਗਈ ਜੋ ਮਾਰਚ ਮਹੀਨੇ ਤੋਂ ਲਾਪਤਾ ਸੀ | ਭਾਰਤ ਦੇ ਹੈਦਰਾਬਾਦ ਨਾਲ ਸਬੰਧਤ ਮੁਹੰਮਦ ਅਬਦੁਲ ਅਰਫਾਤ ਪਿਛਲੇ ਸਾਲ ਮਈ ਵਿਚ ਅਮਰੀਕਾ ਆਇਆ ਅਤੇ ਕਲੀਵਲੈਂਡ ਯੂਨੀਵਰਸਿਟੀ ਵਿਚ ਆਈ.ਟੀ. ਦੀ ਮਾਸਟਰਜ਼ ਡਿਗਰੀ ਕਰਨ ਲੱਗਾ | ਸਿਰਫ ਇਥੇ ਹੀ ਬੱਸ ਨਹੀਂ, ਬੀਤੇ ਮਾਰਚ ਮਹੀਨੇ ਦੌਰਾਨ 34 ਸਾਲ ਦੇ ਕਲਾਸੀਕਲ ਡਾਂਸਰ ਅਮਰਨਾਥ ਘੋਸ਼ ਦਾ ਸੇਂਟ ਲੂਇਸ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ | 23 ਸਾਲਾ ਸਮੀਰ ਕਾਮਤ ਦੀ ਲਾਸ਼ ਇੰਡਿਆਨਾ ਸੂਬੇ ਦੇ ਇਕ ਪਾਰਕ ਵਿਚੋਂ ਮਿਲੀ ਜਦਕਿ ਵਾਸ਼ਿੰਗਟਨ ਵਿਖੇ ਇਕ ਰੈਸਟੋਰੈਂਟ ਦੇ ਬਾਹਰ 41 ਸਾਲਾ ਵਿਵੇਕ ਤਨੇਜਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।
18 ਸਾਲ ਦਾ ਅਕੁਲ ਧਵਨ ਯੂਨੀਵਰਸਿਟੀ ਆਫ ਇਲੀਨੌਇ ਕੈਂਪਸ ਦੇ ਬਾਹਰ ਮਰਿਆ ਹੋਇਆ ਮਿਲਿਆ ਅਤੇ ਪਤਾ ਲੱਗਾ ਕਿ ਠੰਢ ਨੇ ਉਸ ਦੀ ਜਾਨ ਲਈ | ਪੋਸਟਮਾਰਟਮ ਰਿਪੋਰਟ ਵਿਚ ਉਸ ਵੱਲੋਂ ਬਹੁਤ ਜ਼ਿਆਦਾ ਸ਼ਰਾਬ ਪੀਣ ਦੀ ਗੱਲ ਵੀ ਸਾਹਮਣੇ ਆਈ | ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਜਾਂ ਇਨ੍ਹਾਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆਉਣ ਦਾ ਮਸਲਾ ਅਮਰੀਕਾ ਸਰਕਾਰ ਕੋਲ ਉਠਾਇਆ ਜਾ ਚੁੱਕਾ ਹੈ ਜਿਸ ਦੇ ਜਵਾਬ ਵਿਚ ਬਾਇਡਨ ਸਰਕਾਰ ਸੁਰੱਖਿਆ ਦੇ ਪੁਖਤਾ ਬੰਦੋਬਸਤ ਕਰਨ ਦਾ ਵਾਅਦਾ ਕਰ ਚੁੱਕੀ ਹੈ ।