ਡਬਲਿਨ ਵਿਖੇ ਭਾਰਤੀ ਵਿਗਿਆਨੀ ਬੁਰੀ ਤਰ੍ਹਾਂ ਕੁੱਟਿਆ

ਆਇਰਲੈਂਡ ਦੇ ਡਬਲਿਨ ਸ਼ਹਿਰ ਵਿਚ ਕੁਝ ਅੱਲ੍ਹੜਾਂ ਨੇ ਭਾਰਤੀ ਵਿਗਿਆਨੀ ਉਤੇ ਨਸਲੀ ਹਮਲਾ ਕਰਦਿਆਂ ਕੁੱਟ ਕੁੱਟ ਲਹੂ-ਲੁਹਾਣ ਕਰ ਦਿਤਾ

Update: 2025-07-31 12:35 GMT

ਡਬਲਿਨ : ਆਇਰਲੈਂਡ ਦੇ ਡਬਲਿਨ ਸ਼ਹਿਰ ਵਿਚ ਕੁਝ ਅੱਲ੍ਹੜਾਂ ਨੇ ਭਾਰਤੀ ਵਿਗਿਆਨੀ ਉਤੇ ਨਸਲੀ ਹਮਲਾ ਕਰਦਿਆਂ ਕੁੱਟ ਕੁੱਟ ਲਹੂ-ਲੁਹਾਣ ਕਰ ਦਿਤਾ। ਡਾਟਾ ਸਾਇੰਟਿਸਟ ਸੰਤੋਸ਼ ਯਾਦਵ ਨੇ ਦੱਸਿਆ ਕਿ ਉਹ ਰਾਤ ਦਾ ਖਾਣਾ ਖਾ ਕੇ ਬਾਹਰ ਸੈਰ ਕਰਨ ਨਿਕਲਿਆ ਜਦੋਂ ਕੁਝ ਅੱਲ੍ਹੜਾਂ ਨੇ ਉਸ ਨੂੰ ਘੇਰ ਲਿਆ ਅਤੇ ਬਗੈਰ ਕਿਸੇ ਭੜਕਾਹਟ ਤੋਂ ਹਮਲਾ ਕਰ ਦਿਤਾ। ਸੰਤੋਸ਼ ਯਾਦਵ ਦੇ ਸਿਰ, ਚਿਹਰੇ, ਛਾਤੀ ਅਤੇ ਲੱਤਾਂ ਉਤੇ ਲਗਾਤਾਰ ਵਾਰ ਕੀਤੇ ਗਏ।

ਅੱਲ੍ਹੜਾਂ ਨੇ ਸੰਤੋਸ਼ ਯਾਦਵ ਨੂੰ ਕੀਤਾ ਲਹੂ-ਲੁਹਾਣ

ਹਮਲਾਵਰਾਂ ਨੇ ਸੰਤੋਸ਼ ਯਾਦਵ ਦੀ ਐਨਕ ਵੀ ਖੋਹ ਲਈ ਅਤੇ ਕਈ ਟੋਟੇ ਕਰ ਕੇ ਸੁੱਟ ਦਿਤੀ। ਹਮਲੇ ਦੌਰਾਨ ਗੰਭੀਰ ਜ਼ਖਮੀ ਸੰਤੋਸ਼ ਯਾਦਵ ਕਿਸੇ ਤਰੀਕੇ ਨਾਲ ਪੈਰਾਮੈਡਿਕਸ ਨੂੰ ਫੋਨ ਕਰਨ ਵਿਚ ਸਫ਼ਲ ਰਿਹਾ ਅਤੇ ਉਸ ਨੂੰ ਬਲੈਂਚਰਡਜ਼ ਟਾਊਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਸੰਤੋਸ਼ ਯਾਦਵ ਦੀ ਅੱਖ ਹੇਠਲੀ ਹੱਡੀ ਵਿਚ ਫਰੈਕਚਰ ਸੀ ਜਿਸ ਦਾ ਬਣਦਾ ਇਲਾਜ ਕੀਤਾ ਗਿਆ। ਸੰਤੋਸ਼ ਯਾਦਵ ਨੇ ਕਿਹਾ ਕਿ ਉਹ ਇਕੱਲਾ ਨਹੀਂ ਜੋ ਨਸਲੀ ਹਮਲੇ ਦਾ ਸ਼ਿਕਾਰ ਬਣਿਆ। ਆਇਰਲੈਂਡ ਦੀ ਰਾਜਧਾਨੀ ਵਿਚ ਅਕਸਰ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਰੋਟੀ ਖਾਣ ਮਗਰੋਂ ਸੈਰ ਕਰਨ ਨਿਕਲਿਆ ਸੀ ਸੰਤੋਸ਼ ਯਾਦਵ

ਕਦੇ ਬੱਸਾਂ ਵਿਚ ਹਮਲਾ ਹੁੰਦਾ ਹੈ ਅਤੇ ਕਦੇ ਗਲੀਆਂ ਵਿਚ ਪੈਦਲ ਜਾ ਰਹੇ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਸੰਤੋਸ਼ ਯਾਦਵ ਨੇ ਦੋਸ਼ ਲਾਇਆ ਕਿ ਨਸਲੀ ਹਮਲਿਆਂ ਦੇ ਵਧਦੀ ਗਿਣਤੀ ਦੇ ਬਾਵਜੂਦ ਆਇਰਲੈਂਡ ਸਰਕਾਰ ਨੇ ਚੁੱਪ ਵੱਟੀ ਹੋਈ ਹੈ। ਇਥੇ ਦਸਣਾ ਬਣਦਾ ਹੈ ਕਿ ਸੰਤੋਸ਼ ਯਾਦਵ ਕੁਝ ਹਫ਼ਤੇ ਪਹਿਲਾਂ ਹੀ ਆਇਰਲੈਂਡ ਪੁੱਜਾ ਸੀ ਅਤੇ ਹਾਲਾਤ ਬਾਰੇ ਪੂਰੀ ਤਰ੍ਹਾਂ ਜਾਣੂ ਨਾ ਹੋਣ ਕਾਰਨ ਰਾਤ ਵੇਲੇ ਘਰੋਂ ਬਾਹਰ ਨਿਕਲ ਗਿਆ। ਆਇਰਲੈਂਡ ਵਿਚ ਭਾਰਤ ਦੇ ਰਾਜਦੂਤ ਅਖਿਲੇਸ਼ ਮਿਸ਼ਰਾ ਵੱਲੋਂ ਸੰਤੋਸ਼ ਯਾਦਵ ਉਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਹਮਲਾਵਰਾਂ ਵਿਰੁੱਧ ਕਾਰਵਾਈ ਦੀ ਵਕਾਲਤ ਕੀਤੀ ਗਈ ਹੈ।

Tags:    

Similar News