ਅਮਰੀਕਾ ਵਿਚ ਭਾਰਤੀ ਮੂਲ ਦੀ ਨਰਸ ’ਤੇ ਨਸਲੀ ਹਮਲਾ

ਅਮਰੀਕਾ ਦੇ ਇਕ ਹਸਪਤਾਲ ਵਿਚ ਭਾਰਤੀ ਮੂਲ ਦੀ ਨਰਸ ਨੂੰ ਨਸਲੀ ਹਮਲੇ ਦੌਰਾਨ ਕੁੱਟ ਕੁਟ ਕੇ ਅਧਮਰੀ ਕਰ ਦਿਤਾ ਗਿਆ।;

Update: 2025-03-05 13:03 GMT

ਫਲੋਰੀਡਾ : ਅਮਰੀਕਾ ਦੇ ਇਕ ਹਸਪਤਾਲ ਵਿਚ ਭਾਰਤੀ ਮੂਲ ਦੀ ਨਰਸ ਨੂੰ ਨਸਲੀ ਹਮਲੇ ਦੌਰਾਨ ਕੁੱਟ ਕੁਟ ਕੇ ਅਧਮਰੀ ਕਰ ਦਿਤਾ ਗਿਆ। ਫਲੋਰੀਡਾ ਦੇ ਪਾਮਜ਼ ਵੈਸਟ ਹਸਪਤਾਲ ਵਿਚ ਮਾਨਸਿਕ ਰੋਗੀਆਂ ਦੇ ਵਾਰਡ ਵਿਚ ਭਰਤੀ ਗੋਰੇ ਨੇ 66 ਸਾਲ ਦੀ ਲੀਲੰਮਾ ਲਾਲ ਚਿਹਰੇ ’ਤੇ ਐਨੇ ਘਸੁੰਨ ਮਾਰੇ ਹੱਡੀ ਟੁੱਟ ਗਈ ਅਤੇ ਦੋਹਾਂ ਅੱਖਾਂ ਦੀ ਰੌਸ਼ਨੀ ਜਾਣ ਦਾ ਖਦਸ਼ਾ ਵੀ ਜ਼ਾਹਰ ਕੀਤਾ ਜਾ ਰਿਹਾ ਹੈ। ਪੁਲਿਸ ਅਫਸਰ ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਪੁੱਜੇ ਤਾਂ ਉਸ ਨੇ ਕਿਹਾ ਕਿ ਭਾਰਤੀ ਬਹੁਤ ਮਾੜੇ ਹੁੰਦੇ ਹਨ ਅਤੇ ਉਸ ਨੇ ਹੁਣੇ ਇਕ ਭਾਰਤੀ ਡਾਕਟਰ ਨੂੰ ਕੁਟਾਪਾ ਚਾੜ੍ਹਿਆ। ਇਹ ਵਾਰਦਾਤ 19 ਫਰਵਰੀ ਦੀ ਹੈ ਅਤੇ 27 ਫਰਵਰੀ ਨੂੰ ਅਦਾਲਤ ਵਿਚ ਸੁਣਵਾਈ ਹੋਈ ਅਤੇ ਪੁਲਿਸ ਵੱਲੋਂ ਸ਼ੱਕੀ ਦਾ ਬਿਆਨ ਪੜ੍ਹ ਕੇ ਸੁਣਾਇਆ ਗਿਆ।

ਫਲੋਰੀਡਾ ਦੇ ਹਸਪਤਾਲ ਵਿਚ ਵਾਪਰੀ ਵਾਰਦਾਤ

ਸ਼ੱਕੀ ਦੀ ਪਛਾਣ 33 ਸਾਲ ਸਟੀਫ਼ਨ ਸਕੈਂਟਲਬਰੀ ਵਜੋਂ ਕੀਤੀ ਗਈ ਹੈ ਜਿਸ ਵਿਰੁੱਧ ਅਦਾਲਤ ਨੇ ਨਸਲੀ ਨਫ਼ਰਤ ਅਤੇ ਇਰਾਦਾ ਕਤਲ ਦੋਸ਼ ਆਇਦ ਕਰ ਦਿਤੇ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਮੂਲ ਦੀ ਨਰਸ ਜਦੋਂ ਚੈਕਅੱਪ ਵਾਸਤੇ ਸਕੈਂਟਲਬਰੀ ਕੋਲ ਪੁੱਜੀ ਤਾਂ ਉਸ ਨੇ ਅਚਨਚੇਤ ਹਮਲਾ ਕਰ ਦਿਤਾ ਅਤੇ ਚਿਹਰੇ ਦਾ ਕੋਈ ਹਿੱਸਾ ਨਾ ਛੱਡਿਆ ਜਿਥੇ ਵਾਰ ਨਾ ਕੀਤਾ ਹੋਵੇ। ਕਮਰੇ ਵਿਚ ਮੌਜੂਦ ਇਕ ਹੋਰ ਸਹਾਇਕ ਮਦਦ ਵਾਸਤੇ ਬਾਹਰ ਵੱਲ ਦੌੜਿਆ। ਇਸੇ ਦੌਰਾਨ ਜਦੋਂ ਉਹ ਮੁੜ ਕਮਰੇ ਅੰਦਰ ਦਾਖਲ ਹੋਇਆ ਤਾਂ ਸਟੀਫ਼ਨ ਨੇ ਭਾਰਤੀ ਮੂਲ ਦੀ ਨਰਸ ਨੂੰ ਸ਼ਿਕੰਜੇ ਵਿਚ ਲਿਆ ਹੋਇਆ ਸੀ। ਹਮਲੇ ਮਗਰੋਂ ਸਟੀਫ਼ਨ ਹਸਪਤਾਲ ਵਿਚੋਂ ਫਰਾਰ ਹੋ ਗਿਆ ਅਤੇ ਪੁਲਿਸ ਨੇ ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਤਾਂ ਬਗੈਰ ਕਮੀਜ਼ ਅਤੇ ਬਗੈਰ ਜੁੱਤਿਆਂ ਤੋਂ ਦੌੜ ਰਿਹਾ ਸੀ। ਉਸ ਦੇ ਸਰੀਰ ’ਤੇ ਈ.ਕੇ.ਜੀ. ਮਸ਼ੀਨ ਦੀਆਂ ਤਾਰਾਂ ਚਿਪਕੀਆਂ ਹੋਈਆਂ ਸਨ ਅਤੇ ਪੁਲਿਸ ਨੇ ਪਸਤੌਲ ਦਿਖਾ ਕੇ ਉਸ ਨੂੰ ਆਤਮ ਸਮਰਪਣ ਕਰਨ ਵਾਸਤੇ ਮਜਬੂਰ ਕੀਤਾ। ਉਧਰ ਲੀਲੰਮਾ ਲਾਲ ਦੀ ਬੇਟੀ ਨੇ ਸਿੰਡੀ ਜੌਸਫ਼ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਦੇ ਦਿਮਾਗ ਦੇ ਅੰਦਰੂਨੀ ਹਿੱਸਿਆਂ ਵਿਚ ਖੂਨ ਰਿਸਿਆ ਅਤੇ ਚਿਹਰੇ ’ਤੇ ਕਈ ਫਰੈਕਚਰ ਹੋਏ। ਸਾਹ ਦਿਵਾਉਣ ਲਈ ਉਨ੍ਹਾਂ ਦੇ ਫੇਫੜਿਆਂਵਿਚ ਟਿਊਬ ਪਾਉਣੀ ਪਈ।

ਮਾਨਸਿਕ ਰੋਗੀਆਂ ਦੇ ਵਾਰਡ ਵਿਚ ਭਰਤੀ ਸੀ ਸ਼ੱਕੀ

ਚਿਹਰਾ ਐਨਾ ਸੁੱਜਿਆ ਹੋਇਆ ਸੀ ਕਿ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਸੀ। ਇਸੇ ਦੌਰਾਨ ਅਦਾਲਤ ਵਿਚ ਸੁਣਵਾਈ ਦੌਰਾਨ ਮੁਲਜ਼ਮ ਦੀ ਪਤਨੀ ਮੇਗਨ ਸਕੈਂਟਲਬਰੀ ਨੇ ਦਾਅਵਾ ਕੀਤਾ ਕਿ ਉਸ ਦਾ ਪਤੀ ਹਮਲੇ ਤੋਂ ਪਹਿਲਾਂ ਮਾਨਸਿਕ ਤੌਰ ’ਤੇ ਬਿਮਾਰ ਸੀ। ਉਸ ਨੂੰ ਵਹਿਮ ਹੋ ਗਿਆ ਕਿ ਕੋਈ ਉਸ ਉਤੇ ਨਜ਼ਰ ਰੱਖ ਰਿਹਾ ਹੈ। ਇਥੋਂ ਤੱਕ ਕਿ ਸਟੀਫ਼ਨ ਨੇ ਆਪਣੀ ਪਤਨੀ ਅਤੇ ਗੁਆਂਢੀਆਂ ਉਤੇ ਵੀ ਜਾਸੂਸੀ ਕਰਨ ਦੇ ਦੋਸ਼ ਲਾਏ। ਦੂਜੇ ਪਾਸੇ ਸਕੈਂਟਲਬਰੀ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਸ ਦਾ ਮੁਵੱਕਲ ਸਿਜ਼ੋਫ੍ਰੇਨੀਆ ਅਤੇ ਐਕਿਊਟ ਸਾਈਕੋਸਿਸ ਵਰਗੀਆਂ ਗੰਭੀਰ ਮਾਨਸਿਕ ਬਿਮਾਰੀਆਂ ਨਾਲ ਜੂਝ ਰਿਹਾ ਹੈ ਅਤੇ ਉਸ ਨੇ ਭਾਰਤੀ ਮੂਲ ਦੀ ਨਰਸ ’ਤੇ ਨਸਲੀ ਨਫ਼ਰਤ ਤੋਂ ਪ੍ਰੇਰਿਤ ਹੋ ਕੇ ਹਮਲਾ ਨਹੀਂ ਕੀਤਾ। ਉਧਰ ਦੱਖਣੀ ਫਲੋਰੀਡਾ ਵਿਚ ਭਾਰਤੀ ਨਰਸਾਂ ਦੀ ਐਸੋਸੀਏਸ਼ਨ ਵੱਲੋਂ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਇਥੇ ਦਸਣਾ ਬਣਦਾ ਹੈ ਕਿ ਕੁਝ ਹਫ਼ਤੇ ਪਹਿਲਾਂ ਯੂ.ਕੇ. ਵਿਚ ਵੀ ਭਾਰਤੀ ਮੂਲ ਦੀ ਨਰਸ ’ਤੇ ਹਮਲਾ ਹੋ ਚੁੱਕਾ ਹੈ।

Tags:    

Similar News