ਅਮਰੀਕਾ ’ਚ ਭਾਰਤੀ ਮੂਲ ਦੇ ਪਤੀ-ਪਤਨੀ ਵਿਰੁੱਧ ਗੈਰਇਰਾਦਤਨ ਹੱਤਿਆ ਦਾ ਦੋਸ਼
ਕੈਨੇਡਾ ਵਿਚ ਸਭ ਤੋਂ ਸਸਤਾ ਹਵਾਈ ਸਫ਼ਰ ਕਰਵਾਉਣ ਦਾ ਦਾਅਵਾ ਕਰਨ ਵਾਲੀ ਫਲੇਅਰ ਏਅਰਲਾਈਨਜ਼ ਦੇ ਮੁੱਖ ਵਿੱਤੀ ਅਫ਼ਸਰ ਸੁਮੰਥ ਰਾਓ ਅਤੇ ਉਨ੍ਹਾਂ ਦੀ ਪਤਨੀ ਅਨਿੰਦਿਤਾ ਰਾਓ ਵਿਰੁੱਧ ਅਮਰੀਕਾ ਵਿਚ ਗੈਰਇਰਾਦਤਨ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ।;
ਐਟਲਾਂਟਾ : ਕੈਨੇਡਾ ਵਿਚ ਸਭ ਤੋਂ ਸਸਤਾ ਹਵਾਈ ਸਫ਼ਰ ਕਰਵਾਉਣ ਦਾ ਦਾਅਵਾ ਕਰਨ ਵਾਲੀ ਫਲੇਅਰ ਏਅਰਲਾਈਨਜ਼ ਦੇ ਮੁੱਖ ਵਿੱਤੀ ਅਫ਼ਸਰ ਸੁਮੰਥ ਰਾਓ ਅਤੇ ਉਨ੍ਹਾਂ ਦੀ ਪਤਨੀ ਅਨਿੰਦਿਤਾ ਰਾਓ ਵਿਰੁੱਧ ਅਮਰੀਕਾ ਵਿਚ ਗੈਰਇਰਾਦਤਨ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਜਾਰਜੀਆ ਸੂਬੇ ਵਿਚ ਵਾਪਰੇ ਸੜਕ ਹਾਦਸੇ ਦੌਰਾਨ 18 ਸਾਲ ਦੀ ਸੋਫੀਆ ਦਮ ਤੋੜ ਗਈ ਜਦਕਿ ਸੁਮੰਥ ਰਾਓ ਦੀ ਬੇਟੀ ਅਨੰਨਯਾ ਵਾਲ ਵਾਲ ਬਚ ਗਈ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਦੇ ਜਾਰਜੀਆ ਸੂਬੇ ਵਿਚ ਇਕ ਹਾਦਸਾ ਵਾਪਰਿਆ ਅਤੇ ਗੱਡੀ ਵਿਚ ਸਵਾਰ ਕੁੜੀਆਂ ਕਥਿਤ ਤੌਰ ਤੇ ਸੁਮੰਥ ਰਾਓ ਦੇ ਘਰ ਸ਼ਰਾਬ ਪੀ ਕੇ ਆਈਆਂ ਸਨ।
ਕੈਨੇਡਾ ਦੀ ਫਲੇਅਰ ਏਅਰਲਾਈਨਜ਼ ਦਾ ਸੀ.ਐਫ਼.ਓ. ਹੈ ਸੁਮੰਥ ਰਾਓ
ਪੁਲਿਸ ਵੱਲੋਂ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਤਿੰਨੋ ਕੁੜੀਆਂ ਨੇ 24 ਫਰਵਰੀ ਦੀ ਸ਼ਾਮ ਕਈ ਘੰਟੇ ਵਾਈਨ ਪੀਤੀ ਅਤੇ ਫਿਰ ਅੱਧੀ ਰਾਤ ਹੋਣ ਲੱਗੀ ਤਾਂ ਡਰਾਈਵ ’ਤੇ ਜਾਣ ਦੀ ਜ਼ਿਦ ਫੜ ਲਈ। ਕੁੜੀਆਂ ਨੇ ਕਥਿਤ ਤੌਰ ’ਤੇ ਸੁਮੰਥ ਰਾਓ ਨੂੰ ਆਪਣੀ ਇੱਛਾ ਬਾਰੇ ਜਾਣੂ ਵੀ ਕਰਵਾਇਆ ਪਰ ਕੁੜੀਆਂ ਨੂੰ ਰੋਕਣ ਦਾ ਯਤਨ ਨਾ ਕੀਤਾ ਗਿਆ। ਸਿਰਫ ਇਥੇ ਹੀ ਬੱਸ ਨਹੀਂ ਉਹ ਗੱਡੀ ਵਿਚ ਵਾਈਨ ਖੁੱਲ੍ਹੀ ਬੋਤਲ ਰੱਖ ਕੇ ਨਾਲ ਵੀ ਲੈ ਗਈਆਂ। ਅੱਧੇ ਘੰਟੇ ਬਾਅਦ ਇਹ ਫੈਸਲਾ ਜਾਨਲੇਵਾ ਸਾਬਤ ਹੋਇਆ ਜਦੋਂ ਗੱਡੀ ਪਲਟ ਗਈ ਅਤੇ 18 ਸਾਲ ਦੀ ਸੋਫੀਆ ਅੰਦਰ ਫਸ ਗਈ ਜਿਸ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਉਸ ਨੇ ਦਮ ਤੋੜ ਦਿਤਾ। ਦੂਜੇ ਪਾਸੇ ਅਨੰਨਯਾ ਬਾਹਰ ਨਿਕਲਣ ਵਿਚ ਸਫਲ ਰਹੀ ਜਦਕਿ ਗੱਡੀ ਚਲਾ ਰਹੀ ਹਾਨਾਹ ਨੂੰ ਵੀ ਬਹੁਤੀਆਂ ਸੱਟਾਂ ਨਾ ਵੱਜੀਆਂ।
ਕਾਰ ਹਾਦਸੇ ਦੌਰਾਨ 18 ਸਾਲ ਦੀ ਕੁੜੀ ਨੇ ਦਮ ਤੋੜਿਆ
ਗੱਡੀ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ ਅਤੇ ਡਰਾਈਵ ਕਰ ਰਹੀ ਹਾਨਾਹ ਇਸ ਨੂੰ ਸੰਭਾਲ ਨਾ ਸਕੀ। ਜ਼ਿਲ੍ਹਾ ਅਟਾਰਨੀ ਸ਼ੈਰੀ ਬੋਸਟਨ ਨੇ ਕਿਹਾ ਕਿ ਅਨੰਨਯਾ ਦੇ ਮਾਪੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਨਸ਼ਾ ਕਰਨ ਤੋਂ ਬਾਅਦ ਕੁੜੀਆਂ ਨੂੰ ਡਰਾਈਵ ਕਰਨ ਦੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ ਪਰ ਇਸ ਗੱਲ ਦੀ ਕਿਸੇ ਨੇ ਪਰਵਾਹ ਨਾ ਕੀਤੀ। ਅੱਲ੍ਹੜਾਂ ਵੱਲੋਂ ਕੀਤੀ ਕੋਤਾਹੀ ਦੀ ਜ਼ਿੰਮੇਵਾਰੀ ਵੱਡਿਆਂ ਨੂੰ ਹੀ ਲੈਣੀ ਹੋਵੇਗੀ। ਦੱਸ ਦੇਈਏ ਕਿ ਗੱਡੀ ਚਲਾ ਰਹੀ ਹਾਨਾਹ ਵਿਰੁੱਧ ਵੀ ਕਈ ਗੰਭੀਰ ਦੋਸ਼ ਆਇਦ ਕੀਤੇ ਗਏ ਹਨ। ਫਿਲਹਾਲ ਸੁਮੰਥ ਰਾਓ ਜਾਂ ਹਾਨਾਹ ਦੇ ਵਕੀਲਾਂ ਦੀ ਟਿੱਪਣੀ ਹਾਸਲ ਨਹੀਂ ਹੋ ਸਕੀ।