ਅਮਰੀਕਾ ’ਚ ਲੱਖਾਂ ਡਾਲਰ ਠੱਗਣ ਵਾਲਾ ਭਾਰਤੀ ਡਿਪੋਰਟ

ਅਮਰੀਕਾ ਵਿਚ ਸੈਂਕੜੇ ਲੋਕਾਂ ਨੂੰ ਠੱਗਣ ਵਾਲੇ ਅੰਗਦ ਸਿੰਘ ਚੰਢੋਕ ਨੂੰ ਡਿਪੋਰਟ ਕਰ ਦਿਤਾ ਗਿਆ ਹੈ।

Update: 2025-05-26 13:13 GMT

ਨਿਊ ਯਾਰਕ : ਅਮਰੀਕਾ ਵਿਚ ਸੈਂਕੜੇ ਲੋਕਾਂ ਨੂੰ ਠੱਗਣ ਵਾਲੇ ਅੰਗਦ ਸਿੰਘ ਚੰਢੋਕ ਨੂੰ ਡਿਪੋਰਟ ਕਰ ਦਿਤਾ ਗਿਆ ਹੈ। ਚੰਢੋਕ ਵਿਰੁੱਧ ਭਾਰਤ ਵਿਚ ਵੀ ਠੱਗੀ ਦੇ ਮਾਮਲੇ ਦਰਜ ਹਨ ਅਤੇ ਸੀ.ਬੀ.ਆਈ. ਵੱਲੋਂ ਅਮਰੀਕਾ ਸਰਕਾਰ ਨਾਲ ਤਾਲਮੇਲ ਤਹਿਤ ਉਸ ਨੂੰ ਨਵੀਂ ਦਿੱਲੀ ਲਿਆਂਦਾ ਗਿਆ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਅਮਰੀਕਾ ਵਿਚ ਅਸਾਇਲਮ ਦਾ ਦਾਅਵਾ ਕਰਨ ਮਗਰੋਂ ਚੰਢੋਕ ਇਕ ਕੌਮਾਂਤਰੀ ਰੈਕਟ ਵਿਚ ਸ਼ਾਮਲ ਹੋ ਗਿਆ ਜਿਸ ਰਾਹੀਂ ਬਜ਼ੁਰਗ ਲੋਕਾਂ ਤੋਂ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਕਮਾਈ ਠੱਗਣ ਦੇ ਕਾਂਡ ਕੀਤੇ ਗਏ। ਅਮਰੀਕਾ ਦੀ ਅਦਾਲਤ ਵੱਲੋਂ ਚੰਢੋਕ ਨੂੰ 2022 ਵਿਚ ਦੋਸ਼ੀ ਕਰਾਰ ਦਿੰਦਿਆਂ ਛੇ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਨਿਆਂ ਵਿਭਾਗ ਨੇ ਦੱਸਿਆ ਕਿ ਚੰਢੋਕ ਨੇ ਕੈਲੇਫੋਰਨੀਆ ਵਿਚ ਕਈ ਫ਼ਰਜ਼ੀ ਕੰਪਨੀਆਂ ਬਣਾਉਂਦਿਆਂ ਮਨੀ ਲਾਂਡਰਿੰਗ ਦਾ ਇਕ ਵੱਡਾ ਨੈਟਵਰਕ ਕਾਇਮ ਕੀਤਾ ਅਤੇ ਆਨਲਾਈਨ ਠੱਗੀ ਰਾਹੀਂ ਹਾਸਲ ਲੱਖਾਂ ਡਾਲਰ ਇਨ੍ਹਾਂ ਕੰਪਨੀਆਂ ਰਾਹੀਂ ਇਧਰ-ਉਧਰ ਕੀਤੇ ਗਏ। ਘੱਟੋ-ਘੱਟ ਪੰਜ ਜਣਿਆਂ ਦੀ ਟੀਮ ਉਸ ਦੀਆਂ ਹਦਾਇਤਾਂ ’ਤੇ ਕੰਮ ਕਰ ਰਹੀ ਸੀ ਜਦਕਿ ਕੌਮਾਂਤਰੀ ਪੱਧਰ ’ਤੇ ਕਈ ਠੱਗਾਂ ਨਾਲ ਉਸ ਦੇ ਸਬੰਧ ਰਹੇ। ਦੂਜੇ ਪਾਸੇ ਅਮਰੀਕਾ ਦੇ ਟੈਕਸਸ ਸੂਬੇ ਵਿਚ ਕਈ ਸਾਲ ਤੋਂ ਇੰਮੀਗ੍ਰੇਸ਼ਨ ਫਰੌਡ ਕਰ ਰਹੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਰਿਪੋਰਟ ਹੈ। ਦੋਹਾਂ ਦੀ ਸ਼ਨਾਖਤ 39 ਸਾਲ ਦੇ ਅਬਦੁਲ ਹਾਦੀ ਮੁਰਸ਼ਿਦ ਅਤੇ 35 ਸਾਲ ਦੇ ਮੁਹੰਮਦ ਸਲਮਾਨ ਨਾਸਿਰ ਵਜੋਂ ਕੀਤੀ ਗਈ ਹੈ।

ਅੰਗਦ ਸਿੰਘ ਚੰਢੋਕ ਨੂੰ ਸੀ.ਬੀ.ਆਈ. ਨੇ ਹਿਰਾਸਤ ਵਿਚ ਲਿਆ

ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਦੱਸਿਆ ਕਿ ਦੋਹਾਂ ਨੇ ਫਰਜ਼ੀ ਨੌਕਰੀਆਂ ਦੀ ਪੇਸ਼ਕਸ਼ ਅਤੇ ਜਾਅਲੀ ਵੀਜ਼ਾ ਅਰਜ਼ੀਆਂ ਦਾ ਧੰਦਾ ਵੱਡੇ ਪੱਧਰ ’ਤੇ ਫੈਲਾਅ ਲਿਆ। ਐਫ਼.ਬੀ.ਆਈ. ਦੇ ਡੈਲਸ ਦਫ਼ਤਰ ਵੱਲੋਂ ਵੱਖ ਵੱਖ ਲਾਅ ਐਨਫੋਰਸਮੈਂਟ ਏਜੰਸੀਆਂ ਦੀ ਸਹਾਇਤਾ ਨਾਲ ਕੀਤੀ ਪੜਤਾਲ ਦੇ ਆਧਾਰ ਅਬਦੁਲ ਹਾਦੀ ਮੁਰਸ਼ਿਦ ਅਤੇ ਮੁਹੰਮਦ ਸਲਮਾਨ ਨਾਸਿਰ ਤੋਂ ਇਲਾਵਾ ਟੈਕਸਸ ਦੀ ਇਕ ਲਾਅ ਫਰਮ ਅਤੇ ਰਿਲਾਏਬਲ ਵੈਨਚਰਜ਼ ਇਨਕਾਰਪੋਰੇਸ਼ਨ ਨਾਂ ਦੀ ਕੰਪਨੀ ਵਿਰੁੱਧ ਵੀ ਧੋਖਾਧੜੀ ਦੀ ਸਾਜ਼ਿਸ਼ ਘੜਨ ਦੇ ਦੋਸ਼ ਆਇਦ ਕੀਤੇ ਗਏ ਹਨ। ਟੈਕਸਸ ਦੇ ਉਤਰੀ ਜ਼ਿਲ੍ਹੇ ਦੇ ਅਟਾਰਨੀ ਨੇ ਦੱਸਿਆ ਕਿ ਮੁਰਸ਼ਿਦ ਅਦੇ ਨਾਸਿਰ ਵਿਰੁੱਧ ਗੈਰਕਾਨੂੰਨੀ ਤਰੀਕੇ ਨਾਲ ਯੂ.ਐਸ. ਸਿਟੀਜ਼ਨਸ਼ਿਪ ਹਾਸਲ ਕਰਨ ਦੇ ਦੋਸ਼ ਵੀ ਆਇਦ ਕੀਤੇ ਗਏ ਹਨ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਈ.ਬੀ.-2, ਈ.ਬੀ.-3 ਅਤੇ ਐਚ-1ਬੀ ਵੀਜ਼ਾ ਕੈਟੇਗਰੀਜ਼ ਰਾਹੀਂ ਲੋਕਾਂ ਨੂੰ ਜਾਲ ਵਿਚ ਫਸਾਇਆ ਜਾਂਦਾ। ਦੋਹਾਂ ਵੱਲੋਂ ਅਜਿਹੀਆਂ ਨੌਕਰੀਆਂ ਦੇ ਇਸ਼ਤਿਹਾਰ ਦਿਤੇ ਜਾਂਦੇ ਜੋ ਅਸਲ ਵਿਚ ਹੁੰਦੀਆਂ ਹੀ ਨਹੀਂ ਸਨ।

ਐਫ਼.ਬੀ.ਆਈ. ਨੇ ਵੀਜ਼ਾ ਫਰੌਡ ਮਾਮਲੇ ਵਿਚ 2 ਪਾਕਿਸਤਾਨੀ ਕਾਬੂ ਕੀਤੇ

ਇਹ ਇਸ਼ਤਿਹਰ ਕਿਰਤ ਵਿਭਾਗ ਦੀਆਂ ਸ਼ਰਤਾਂ ਮੁਤਾਬਕ ਹੁੰਦੇ ਅਤੇ ਇਨ੍ਹਾਂ ਦੇ ਆਧਾਰ ’ਤੇ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਕੋਲ ਵੀਜ਼ਾ ਅਰਜ਼ੀਆਂ ਦਾਇਰ ਕੀਤੀਆਂ ਜਾਂਦੀਆਂ। ਫ਼ਰਜ਼ੀਆਂ ਨੌਕਰੀਆਂ ਬਿਲਕੁਲ ਅਸਲ ਮਹਿਸੂਸ ਹੁੰਦੀਆਂ ਅਤੇ ਅਮਰੀਕਾ ਦੇ ਵੀਜ਼ਾ ਹਾਸਲ ਕਰਨ ਦੇ ਇੱਛਕ ਲੋਕਾਂ ਤੋਂ ਮੋਟੀ ਰਕਮ ਵਸੂਲ ਕੀਤੀ ਜਾਂਦੀ। ਦਸਤਾਵੇਜ਼ ਕਹਿੰਦੇ ਹਨ ਕਿ ਨਾ ਸਿਰਫ਼ ਮੁਰਸ਼ਿਦ ਅਤੇ ਨਾਸਿਰ ਨੇ ਆਪਣੀ ਸਿਟੀਜ਼ਨਸ਼ਿਪ ਫਰਜ਼ੀ ਤਰੀਕੇ ਨਾਲ ਹਾਸਲ ਕੀਤੀ ਸਗੋਂ ਹੋਰਨਾਂ ਨੂੰ ਵੀਜ਼ੇ ਦਿਵਾਉਣ ਦਾ ਕੰਮ ਵੀ ਜਾਰੀ ਰੱਖਿਆ। ਉਧਰ ਐਫ਼.ਬੀ.ਆਈ. ਦੇ ਡਾਇਰੈਕਟਰ ਕਾਸ਼ ਪਟੇਲ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਪਾਕਿਸਤਾਨੀ ਨਾਗਰਿਕਾਂ ਵਿਰੁੱਧ ਕੀਤੀ ਗਈ ਕਾਰਵਾਈ ’ਤੇ ਆਪਣੀ ਟੀਮ ਦੀ ਸ਼ਲਾਘਾ ਕੀਤੀ।

Tags:    

Similar News