ਨਿਊਜ਼ੀਲੈਂਡ ’ਚ ਭਾਰਤੀ ਨੇ ਸਾਬਕਾ ਪਤਨੀ ’ਤੇ ਕਾਤਲਾਨਾ ਹਮਲੇ ਦਾ ਗੁਨਾਹ ਕਬੂਲਿਆ
ਨਿਊਜ਼ੀਲੈਂਡ ਵਿਚ ਆਪਣੀ ਸਾਬਕਾ ਪਤਨੀ ’ਤੇ ਕਾਤਲਾਨਾ ਹਮਲਾ ਕਰਨ ਵਾਲੇ ਭਾਰਤੀ ਮੂਲ ਦੇ ਮਿਤੇਸ਼ ਕੁਮਾਰ ਨੇ ਗੁਨਾਹ ਕਬੂਲ ਕਰ ਲਿਆ ਹੈ। ਆਪਣੇ ਕਬੂਲਨਾਮੇ ਵਿਚ ਮਿਤੇਸ਼ ਨੇ ਕਿਹਾ ਕਿ ਜੇ ਉਸ ਦੀ ਸਾਬਕਾ ਪਤਨੀ ਮਰ ਜਾਂਦੀ
ਔਕਲੈਂਡ : ਨਿਊਜ਼ੀਲੈਂਡ ਵਿਚ ਆਪਣੀ ਸਾਬਕਾ ਪਤਨੀ ’ਤੇ ਕਾਤਲਾਨਾ ਹਮਲਾ ਕਰਨ ਵਾਲੇ ਭਾਰਤੀ ਮੂਲ ਦੇ ਮਿਤੇਸ਼ ਕੁਮਾਰ ਨੇ ਗੁਨਾਹ ਕਬੂਲ ਕਰ ਲਿਆ ਹੈ। ਆਪਣੇ ਕਬੂਲਨਾਮੇ ਵਿਚ ਮਿਤੇਸ਼ ਨੇ ਕਿਹਾ ਕਿ ਜੇ ਉਸ ਦੀ ਸਾਬਕਾ ਪਤਨੀ ਮਰ ਜਾਂਦੀ ਅਤੇ ਉਹ ਜੇਲ ਚਲਾ ਜਾਂਦਾ ਤਾਂ ਸਾਰੀ ਜਾਇਦਾਦ ਬੱਚਿਆਂ ਨੂੰ ਮਿਲਦੀ, ਬੱਸ ਇਹੀ ਉਸ ਦਾ ਮਕਸਦ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮਿਤੇਸ਼ ਕੁਮਾਰ 18 ਸਾਲ ਦੇ ਵਿਆਹ ਮਗਰੋਂ ਫਰਵਰੀ 2023 ਵਿਚ ਆਪਣੀ ਪਤਨੀ ਤੋਂ ਵੱਖ ਹੋਇਆ ਪਰ ਤਲਾਕ ਦੇ ਮਸਲੇ ’ਤੇ ਦੋਹਾਂ ਵਿਚਾਲੇ ਵਿਵਾਦ ਚੱਲ ਰਿਹਾ ਸੀ।
ਤਲਾਕ ਦੀ ਰਕਮ ਘਟਾਉਣ ਲਈ ਮਿਤੇਸ਼ ਕੁਮਾਰ ਨੇ ਕੀਤੇ ਸਨ ਛੁਰੇ ਨਾਲ ਵਾਰ
ਮਿਤੇਸ਼ ਦੀ ਪਤਨੀ ਤਲਾਕ ਦੇ ਇਵਜ਼ ਵਿਚ ਵਧੇਰੇ ਰਕਮ ਦੀ ਮੰਗ ਕਰ ਰਹੀ ਸੀ ਜਦਕਿ ਮਿਤੇਸ਼ ਘੱਟ ਰਕਮ ਅਦਾ ਕਰਨਾ ਚਾਹੁੰਦਾ ਸੀ। 11 ਜਨਵਰੀ ਨੂੰ ਵਾਪਰੀ ਵਾਰਦਾਤ ਤੋਂ ਪਹਿਲਾਂ ਮਿਤੇਸ਼ ਦੀ ਸਾਬਕਾ ਪਤਨੀ ਆਪਣੇ ਦੋਹਾਂ ਬੱਚਿਆਂ ਨੂੰ ਚਾਰ ਮਹੀਨੇ ਤੋਂ ਨਹੀਂ ਸੀ ਮਿਲੀ ਜਿਸ ਦੇ ਮੱਦੇਨਜ਼ਰ ਇਕ ਰੈਸਟੋਰੈਂਟ ਵਿਚ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ। ਪਰ ਮਿਤੇਸ਼ ਕੁਝ ਹੋਰ ਹੀ ਸੋਚ ਰਿਹਾ ਸੀ। ਮਿਤੇਸ਼ ਤੈਅ ਸਮੇਂ ’ਤੇ ਰੈਸਟੋਰੈਂਟ ਅੰਦਰ ਦਾਖਲ ਹੋਇਆ ਅਤੇ ਉਥੇ ਮੌਜੂਦ ਪਤਨੀ ਦੇ ਸਾਹਮਣੇ ਜਾ ਕੇ ਬੈਠ ਗਿਆ। ਪਤਨੀ ਨੇ ਬੱਚਿਆਂ ਬਾਰੇ ਪੁੱਛਿਆ ਤਾਂ ਉਸ ਨੇ ਕਹਿ ਦਿਤਾ ਕਿ ਬੱਚੇ ਸੜਕ ਦੇ ਪਾਰ ਖੜ੍ਹੇ ਹਨ ਅਤੇ ਜਲਦ ਹੀ ਅੰਦਰ ਆ ਜਾਣਗੇ। ਮਿਤੇਸ਼ ਆਪਣੀ ਜੇਬ ਵਿਚ ਰਸੋਈ ਵਾਲੀ ਛੁਰੀ ਪਾ ਕੇ ਲਿਆ ਸੀ ਅਤੇ ਇਸੇ ਦੌਰਾਨ ਉਸ ਨੇ ਤਲਾਕ ਦੀ ਸੈਟਲਮੈਂਟ ਵਾਸਤੇ ਘੱਟ ਰਕਮ ਪ੍ਰਵਾਨ ਕਰਨ ਦਾ ਦਬਾਅ ਪਾਇਆ ਪਰ ਸਾਬਕਾ ਪਤਨੀ ਨੇ ਰਕਮ ਦੇ ਮੁੱਦੇ ’ਤੇ ਕੋਈ ਵੀ ਗੱਲ ਕਰਨ ਤੋਂ ਨਾਂਹ ਕਰ ਦਿਤੀ। ਇਸੇ ਦੌਰਾਨ ਮਿਤੇਸ਼ ਨੇ ਆਪਣੀ ਸਾਬਕਾ ਪਤਨੀ ਨੂੰ ਉਸ ਦੀ ਇਕ ਇਤਰਾਜ਼ਯੋਗ ਤਸਵੀਰ ਦਿਖਾਈ ਜੋ ਮਿਤੇਸ਼ ਨੇ ਲੰਮਾ ਸਮਾਂ ਪਹਿਲਾਂ ਖਿੱਚੀ ਸੀ। ਮਿਤੇਸ਼ ਨੇ ਦਬਾਅ ਪਾਇਆ ਕਿ ਜੇ ਉਹ ਘੱਟ ਰਕਮ ਵਾਸਤੇ ਨਾ ਮੰਨੀ ਤਾਂ ਇਹ ਤਸਵੀਰ ਲੋਕਾਂ ਨੂੰ ਦਿਖਾ ਦੇਵੇਗਾ।
ਰੈਸਟੋਰੈਂਟ ਵਿਚ ਕਈ ਲੋਕਾਂ ਸਾਹਮਣੇ ਵਾਪਰੀ ਸੀ ਹੌਲਨਾਕ ਘਟਨਾ
ਮਿਤੇਸ਼ ਦੀ ਇਸ ਗੱਲ ’ਤੇ ਸਾਬਕਾ ਪਤਨੀ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਉਠ ਕੇ ਬਾਹਰ ਜਾਣ ਦਾ ਯਤਨ ਕੀਤਾ। ਪਰ ਜਿਉਂ ਹੀ ਉਹ ਉਠੀ ਤਾਂ ਮਿਤੇਸ਼ ਨੇ ਛੁਰੀ ਕੱਢ ਕੇ ਉਸ ਉਤੇ ਵਾਰ ਕਰਨੇ ਸ਼ੁਰੂ ਕਰ ਦਿਤੇ। ਰੈਸਟੋਰੈਂਟ ਵਿਚ ਚੀਕ-ਚਿਹਾੜਾ ਪੈ ਗਿਆ ਅਤੇ ਸਟਾਫ ਮੈਂਬਰ ਔਰਤ ਨੂੰ ਬਚਾਉਣ ਵਾਸਤੇ ਅੱਗੇ ਆਏ। ਮਿਤੇਸ਼ ਕੁਮਾਰ ਨੇ ਆਪਣੀ ਸਾਬਕਾ ਪਤਨੀ ਨੂੰ ਪੂਰੀ ਤਰ੍ਹਾਂ ਜਕੜ ਰੱਖਿਆ ਸੀ ਅਤੇ ਰੈਸਟੋਰੈਂਟ ਦੇ ਸਟਾਫ ਨੂੰ ਦੂਰ ਰਹਿਣ ਦੀ ਚਿਤਾਵਨੀ ਦਿਤੀ। ਹਵਾ ਵਿਚ ਛੁਰੀ ਲਹਿਰਾਉਂਦਿਆਂ ਮਿਤੇਸ਼ ਵਾਰ ਵਾਰ ਇਕੋ ਗੱਲ ਕਹਿ ਰਿਹਾ ਸੀ, ‘‘ਮੈਨੂੰ ਰੋਕਣ ਦੀ ਕੋਸ਼ਿਸ਼ ਨਾ ਕਰਿਓ, ਮੇਰੇ ਤੋਂ ਦੂਰ ਰਹੋ।’’ ਮਿਤੇਸ਼ ਆਪਣੀ ਸਾਬਕਾ ਪਤਨੀ ਨੂੰ ਵੀ ਮੰਦਾ ਚੰਗਾ ਬੋਲ ਰਿਹਾ ਸੀ। ਉਹ ਗੁਜਰਾਤੀ ਬੋਲੀ ਵਿਚ ਆਪਣੀ ਸਾਬਕਾ ਪਤਨੀ ਨੂੰ ਕਹਿ ਰਿਹਾ ਸੀ, ‘‘ਤੂੰ ਮੇਰੀ ਜ਼ਿੰਦਗੀ ਤਬਾਹ ਕਰ ਦਿਤੀ, ਮੇਰੇ ਬੱਚਿਆਂ ਨੂੰ ਵਿਸਾਰ ਦਿਤਾ।’’ ਇਸੇ ਦੌਰਾਨ ਪੁਲਿਸ ਮੌਕੇ ’ਤੇ ਪੁੱਜ ਗਈ ਅਤੇ ਮਿਤੇਸ਼ ਕੁਮਾਰ ਨੂੰ ਕਾਬੂ ਕਰ ਲਿਆ ਗਿਆ ਜਦਕਿ ਪੈਰਾਮੈਡਿਕਸ ਉਸ ਦੀ ਸਾਬਕਾ ਪਤਨੀ ਨੂੰ ਹਸਪਤਾਲ ਲੈ ਗਏ। ਮਿਤੇਸ਼ ਦੀ ਸਾਬਕਾ ਪਤਨੀ ਦੀ ਗਰਦਨ, ਖੱਬੇ ਕੰਨ, ਸਿਰ ਦੇ ਪਿੱਛੇ ਅਤੇ ਛਾਤੀ ਦੇ ਉਪਰਲੇ ਹਿੱਸੇ ਵਿਚ ਕਈ ਜ਼ਖਮ ਹੋਏ ਪਰ ਉਸ ਦੀ ਜਾਨ ਬਚ ਗਈ। ਗ੍ਰਿਫ਼ਤਾਰੀ ਮਗਰੋਂ ਮਿਤੇਸ਼ ਨੇ ਪੁਲਿਸ ਨੂੰ ਆਪਣੇ ਫੋਨ ਦਾ ਪਾਸਵਰਡ ਦੇਣ ਤੋਂ ਨਾਂਹ ਕਰ ਦਿਤੀ ਅਤੇ ਲਗਾਤਾਰ ਇਕੋ ਗੱਲ ਦੁਹਰਾਉਂਦਾ ਰਿਹਾ ਕਿ ਉਸ ਦੀ ਸਾਬਕਾ ਪਤਨੀ ਤਲਾਕ ਦੇ ਇਵਜ਼ ਵਿਚ ਬਹੁਤ ਜ਼ਿਆਦਾ ਰਕਮ ਮੰਗ ਰਹੀ ਹੈ।