ਪ੍ਰਵਾਸੀਆਂ ਨੇ ਭਾਰਤ ਦੀ ਤਰੱਕੀ ’ਚ ਪਾਇਆ ਲਾਮਿਸਾਲ ਯੋਗਦਾਨ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਫੇਰੀ ਦੇ ਦੂਜੇ ਦਿਨ ਨਿਊ ਯਾਰਕ ਵਿਖੇ ਪ੍ਰਵਾਸੀ ਭਾਰਤੀਆਂ ਦੇ ਰੂ-ਬ-ਰੂ ਹੋਏ ਅਤੇ ਦੱਸਿਆ ਕਿ ਜਦੋਂ ਉਹ ਨਾ ਸੀ.ਐਮ. ਸਨ ਅਤੇ ਨਾ ਪੀ.ਐਮ., ਉਸ ਵੇਲੇ ਅਮਰੀਕਾ ਦੇ 29 ਰਾਜਾਂ ਦਾ ਦੌਰਾ ਕੀਤਾ।

Update: 2024-09-23 12:45 GMT

ਨਿਊ ਯਾਰਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਫੇਰੀ ਦੇ ਦੂਜੇ ਦਿਨ ਨਿਊ ਯਾਰਕ ਵਿਖੇ ਪ੍ਰਵਾਸੀ ਭਾਰਤੀਆਂ ਦੇ ਰੂ-ਬ-ਰੂ ਹੋਏ ਅਤੇ ਦੱਸਿਆ ਕਿ ਜਦੋਂ ਉਹ ਨਾ ਸੀ.ਐਮ. ਸਨ ਅਤੇ ਨਾ ਪੀ.ਐਮ., ਉਸ ਵੇਲੇ ਅਮਰੀਕਾ ਦੇ 29 ਰਾਜਾਂ ਦਾ ਦੌਰਾ ਕੀਤਾ। ਅਮਰੀਕਾ ਵਿਚ ਭਾਰਤੀ ਮੂਲ ਦੇ ਉਘੇ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਅਤੇ ਹੋਰਨਾਂ ਨਾਮੀ ਸ਼ਖਸੀਅਤਾਂ ਵੱਲੋਂ ਆਪਣੇ ਜੱਦੀ ਮੁਲਕ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਸ ਵੇਲੇ ਅਪਾਰ ਮੌਕਿਆਂ ਦੀ ਧਰਤੀ ਬਣ ਚੁੱਕਾ ਹੈ। ਲੌਂਗ ਆਇਲੈਂਡ ਦੇ ਨਾਸਾਓ ਕੌਲੇਸੀਅਮ ਸਟੇਡੀਅਮ ਵਿਚ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਭਾਰਤ ਦੀ ਤਰੱਕੀ ਅਤੇ ਆਪਣੇ ਸਿਆਸੀ ਸਫਰ ਦਾ ਜ਼ਿਕਰ ਵੀ ਕੀਤਾ।

ਦਰਸ਼ਨ ਸਿੰਘ ਧਾਲੀਵਾਲ ਅਤੇ ਹੋਰ ਕਾਰੋਬਾਰੀਆਂ ਦਾ ਕੀਤਾ ਖਾਸ ਜ਼ਿਕਰ

ਪ੍ਰਧਾਨ ਮੰਤਰੀ ਦੇ ਰਸਮੀ ਸਵਾਗਤ ਤੋਂ ਪਹਿਲਾਂ ਅਮਰੀਕਾ ਦਾ ਕੌਮੀ ਤਰਾਨਾ ਅਤੇ ਫਿਰ ਭਾਰਤ ਦਾ ਕੌਮੀ ਗੀਤ ਗਾਏ ਗਏ। ਪ੍ਰਵਾਸੀ ਭਾਰਤੀਆਂ ਦੀ ਲਾਮਿਸਾਲ ਤਰੱਕੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦਾ ਨਮਸਤੇ ਮਲਟੀਨੈਸ਼ਨਲ ਹੋ ਗਿਆ। ਲੋਕਲ ਤੋਂ ਗਲੋਬਲ ਹੋ ਗਿਆ। ਭਾਰਤ ਨਾ ਸਿਰਫ ਪ੍ਰੋਗਰੈਸਿਵ ਹੋਇਆ ਸਗੋਂ ਅਨਸਟੌਪੇਬਲ ਵੀ ਹੋ ਗਿਆ ਅਤੇ ਭਾਰਤੀ ਲੋਕ ਰੂਹਾਨੀਅਤ ਦੇ ਨਾਲ-ਨਾਲ ਮਨੁੱਖਤਾ ਤੇ ਖੁਸ਼ਹਾਲੀ ਨੂੰ ਸਮਰਪਿਤ ਹੋ ਚੁੱਕੇ ਹਨ। ਲੋਕ ਸਭਾ ਚੋਣਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਭਾਰਤ ਦੀਆਂ ਚੋਣਾਂ ਵੀ ਸ਼ਾਨਦਾਰ ਰਹੀਆਂ ਅਤੇ ਜਲਦ ਹੀ ਭਾਰਤ ਦੁਨੀਆਂ ਦਾ ਤੀਜਾ ਵੱਡਾ ਅਰਥਚਾਰਾ ਬਣ ਰਿਹਾ ਹੈ।

ਨਿਊ ਯਾਰਕ ਵਿਖੇ ਪ੍ਰਵਾਸੀ ਭਾਰਤੀਆਂ ਨਾਲ ਰੂ-ਬ-ਰੂ ਹੋਏ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਉਹ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਦਾ ਜਨਮ ਆਜ਼ਾਦ ਭਾਰਤ ਵਿਚ ਹੋਇਆ। ਜ਼ਿੰਦਗੀ ਦਾ ਵੱਡਾ ਹਿੱਸਾ ਅਜਿਹਾ ਰਿਹਾ ਜਦੋਂ ਕਈ ਸਾਲ ਤੱਕ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਰਿਹਾ। ਜਿਥੇ ਰੋਟੀ ਮਿਲੀ ਖਾ ਲਈ ਅਤੇ ਜਿਥੇ ਸੌਣ ਵਾਸਤੇ ਜਗ੍ਹਾ ਮਿਲੀ, ਉਥੇ ਸੌਂ ਗਏ। ਅਮਰੀਕਾ ਦੇ ਲਾਸ ਐਂਜਲਸ ਸ਼ਹਿਰ ਵਿਚ ਹੋਣ ਵਾਲੀਆਂ 2028 ਦੀਆਂ ਓਲੰਪਿਕ ਖੇਡਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵੀ ਜਲਦ ਹੀ ਓਲੰਪਿਕਸ ਦੀ ਮੇਜ਼ਬਾਨੀ ਕਰੇਗਾ। ਕੇਂਦਰ ਸਰਕਾਰ 2036 ਦੀਆਂ ਖੇਡਾਂ ਦੀ ਮੇਜ਼ਬਾਨੀ ਹਾਸਲ ਕਰਨ ਵਾਸਤੇ ਯਤਨ ਕਰ ਰਹੀ ਹੈ। ਖੇਡਾਂ ਹੋਣ ਜਾਂ ਕਾਰੋਬਾਰ ਅਤੇ ਜਾਂ ਫਿਰ ਮਨੋਰੰਜਨ, ਭਾਰਤ ਪੂਰੀ ਦੁਨੀਆਂ ਵਿਚ ਖਿੱਚ ਦਾ ਕੇਂਦਰ ਬਣ ਰਿਹਾ ਹੈ। ਆਈ.ਪੀ.ਐਲ. ਦੁਨੀਆਂ ਦੀਆਂ ਟੌਪ ਲੀਗਜ਼ ਵਿਚ ਸ਼ਾਮਲ ਹੈ ਅਤੇ ਬਾਲੀਵੁੱਡ ਫਿਲਮਾਂ ਦੀ ਚੜ੍ਹਤ ਹਰ ਪਾਸੇ ਕਾਇਮ ਹੈ। ਭਾਰਤ ਦੀ ਮਾਨਸਿਕਤਾ ਦੁਨੀਆਂ ਵਿਚ ਦਬਾਅ ਪਾਉਣ ਵਾਲੀ ਨਹੀਂ ਸਗੋਂ ਪ੍ਰਭਾਵ ਪਾਉਣ ਵਾਲੀ ਹੈ। ਅਸੀਂ ਅੱਗ ਵਾਂਗ ਸੜਨ ਵਾਲੇ ਨਹੀਂ ਬਲਕਿ ਸੂਰਜ ਵਾਂਗ ਰੌਸ਼ਨੀ ਦੇਣ ਵਾਲੇ ਹਾਂ।

ਅਮਰੀਕਾ ਦੇ 29 ਰਾਜਾਂ ਦਾ ਦੌਰਾ ਕੀਤਾ ਜਦੋਂ ਨਾ ਸੀ.ਐਮ. ਸੀ ਅਤੇ ਨਾ ਪੀ.ਐਮ.

ਇਥੇ ਦਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਨੇ ਬਾਅਦ ਵਿਚ ਅਮਰੀਕਾ ਦੇ ਚੋਟੀ ਦੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਗੋਲਮੇਜ਼ ਬੈਠਕ ਦੌਰਾਨ ਉਨ੍ਹਾਂ ਨੇ ਏ.ਆਈ., ਸੈਮੀਕੰਡਕਟਰਜ਼, ਇਲੈਕਟ੍ਰਾਨਿਕਸ ਅਤੇ ਬਾਇਓ ਟੈਕਨਾਲੋਜੀ ਵਰਗੇ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਗੂਗਲ ਦੇ ਸੀ.ਈ.ਓ. ਸੁੰਦਰ ਪਿਚਈ, ਆਈ.ਬੀ.ਐਮ. ਦੇ ਸੀ.ਈ.ਓ. ਅਰਵਿੰਦ ਕ੍ਰਿਸ਼ਨਾ ਅਤੇ ਐਡੋਬ ਦੇ ਸੀ.ਈ.ਓ. ਸ਼ਾਂਤਨੂ ਨਾਰਾਇਣ ਸ਼ਾਮਲ ਸਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਫਿਲਸਤੀਨ ਅਤੇ ਨੇਪਾਲ ਦੇ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਗਾਜ਼ਾ ਵਿਚ ਮਨੁੱਖੀ ਸੰਕਟ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਦੱਸ ਦੇਈਏ ਕਿ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿਚ ਸ਼ਾਮਲ ਹੋਣਗੇ ਅਤੇ ਭਵਿੱਖ ਦੇ ਸੰਮੇਲਨ ਨੂੰ ਸੰਬੋਧਤ ਕਰਨਗੇ।

Tags:    

Similar News