ਟਰੰਪ ਕਸੂਤੇ ਫਸੇ, ਪ੍ਰਵਾਸੀਆਂ ਨੂੰ ਡਿਪੋਰਟ ਕਰਨ ’ਤੇ ਲੱਗੀ ਰੋਕ
ਬੱਸਾਂ ਵਿਚ ਲੱਦ ਕੇ ਡਿਪੋਰਟ ਕਰਨ ਵਾਸਤੇ ਲਿਜਾਏ ਜਾ ਰਹੇ ਦਰਜਨਾਂ ਪ੍ਰਵਾਸੀਆਂ ਨੂੰ ਵੱਡੀ ਰਾਹਤ ਮਿਲ ਗਈ ਜਦੋਂ ਅਮਰੀਕਾ ਦੀ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾ ਦਿਤਾ।
ਹਿਊਸਟਨ : ਬੱਸਾਂ ਵਿਚ ਲੱਦ ਕੇ ਡਿਪੋਰਟ ਕਰਨ ਵਾਸਤੇ ਲਿਜਾਏ ਜਾ ਰਹੇ ਦਰਜਨਾਂ ਪ੍ਰਵਾਸੀਆਂ ਨੂੰ ਵੱਡੀ ਰਾਹਤ ਮਿਲ ਗਈ ਜਦੋਂ ਅਮਰੀਕਾ ਦੀ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾ ਦਿਤਾ। ਸੁਪਰੀਮ ਕੋਰਟ ਦੇ ਹੁਕਮ ਆਉਂਦਿਆਂ ਹੀ ਟੈਕਸਸ ਦੇ ਐਬੇਲੀਨ ਹਵਾਈ ਅੱਡੇ ’ਤੇ ਪੁੱਜੀਆਂ ਬੱਸਾਂ ਨੂੰ ਡਿਟੈਨਸ਼ਨ ਸੈਂਟਰ ਵੱਲ ਵਾਪਸ ਜਾਂਦਿਆਂ ਦੇਖਿਆ ਗਿਆ। ਬੱਸਾਂ ਦੇ ਅੱਗੇ ਪਿੱਛੇ ਸੁਰੱਖਿਆ ਅਮਲੇ ਦੀਆਂ ਗੱਡੀਆਂ ਜਾ ਰਹੀਆਂ ਸਨ ਜਿਨ੍ਹਾਂ ਨੂੰ ਖਾਸ ਪ੍ਰਬੰਧਾਂ ਅਧੀਨ ਵਾਪਸ ਲਿਜਾਇਆ ਗਿਆ। ਡਿਪੋਰਟ ਕਰਨ ਵਾਸਤੇ ਲਿਆਂਦੇ ਪ੍ਰਵਾਸੀਆਂ ਨਾਲ ਸਬੰਧਤ ਵੀਡੀਓ ਫੁਟੇਜ ਬੇਹੱਦ ਵਾਇਰਲ ਹੋ ਰਹੀ ਹੈ। ਇਕ ਪਾਸੇ ਸੁਪਰੀਮ ਕੋਰਟ ਵਿਚ ਸੁਣਵਾਈ ਚੱਲ ਰਹੀ ਸੀ ਤਾਂ ਦੂਜੇ ਪਾਸੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਪੇਚਾ ਪਾਉਣ ਵਾਲੇ ਜੱਜ ਜੇਮਜ਼ ਬੋਜ਼ਬਰਗ ਇਕ ਹੋਰ ਮਾਮਲੇ ’ਤੇ ਸੁਣਵਾਈ ਕਰ ਰਹੇ ਸਨ।
ਹਵਾਈ ਅੱਡੇ ਵੱਲ ਜਾ ਰਹੀਆਂ ਬੱਸਾਂ ਵਾਪਸ ਮੋੜੀਆਂ
ਅਮੈਰਿਕਨ ਸਿਵਲ ਲਿਬਰਟੀਜ਼ ਯੂਨੀਅਨ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਬੱਸਾਂ ਹਵਾਈ ਅੱਡੇ ਵੱਲ ਰਵਾਨਾ ਹੋ ਚੁੱਕੀਆਂ ਹਨ। ਐਨਾ ਸੁਣਦਿਆਂ ਹੀ ਜੱਜ ਸਾਹਿਬ ਐਕਸ਼ਨ ਮੋਡ ਵਿਚ ਆ ਗਏ ਅਤੇ ਨਿਆਂ ਵਿਭਾਗ ਦੇ ਵਕੀਲ ਨੂੰ ਹਦਾਇਤ ਦਿਤੀ ਕਿ ਏਲੀਅਨਜ਼ ਐਕਟ ਅਧੀਨ ਬਲੂਬੌਨਟ ਡਿਟੈਨਸ਼ਨ ਸੈਂਟਰ ਦਾ ਇਕ ਵੀ ਪ੍ਰਵਾਸੀ ਡਿਪੋਰਟ ਨਹੀਂ ਹੋਣਾ ਚਾਹੀਦਾ। ਦੂਜੇ ਪਾਸੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉੁਰਿਟੀ ਦੇ ਸਪੋਕਸਪਰਸਨ ਵੱਲੋਂ ਬੱਸਾਂ ਦੇ ਪਰਤਣ ਬਾਰੇ ਕੋਈ ਟਿੱਪਣੀ ਨਾ ਕੀਤੀ ਗਈ। ਬੁਲਾਰੇ ਨੇ ਸਿਰਫ਼ ਐਨਾ ਕਿਹਾ ਕਿ ਕਾਰਜ ਪਾਲਿਕਾ ਅਤੇ ਨਿਆਂਪਾਲਿਕਾ ਦੋਹਾਂ ਦੀ ਜ਼ਿੰਮੇਵਾਰੀ ਕਾਨੂੰਨ ਦੀ ਪਾਲਣ ਕਰਨ ਦੀ ਹੈ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੀ ਸੁਪਰੀਮ ਕੋਰਟ ਵਿਚ ਰਿਪਬਲਿਕਨ ਪਾਰਟੀ ਨਾਲ ਸਬੰਧਤ ਰਾਸ਼ਟਰਪਤੀ ਵੱਲੋਂ ਨਾਮਜ਼ਦ ਜੱਜਾਂ ਦੀ ਗਿਣਤੀ ਜ਼ਿਆਦਾ ਹੈ ਪਰ ਏਲੀਅਨਜ਼ ਐਨੀਮੀਜ਼ ਐਕਟ 1798 ਦੇ ਮੁੱਦੇ ’ਤੇ ਟਰੰਪ ਵੱਲੋਂ ਨਾਮਜ਼ਦ ਜਸਟਿਸ ਬਰੈਟ ਕੈਵਾਨੌਅ ਅਤੇ ਜਸਟਿਸ ਐਮੀ ਕੌਨੀ ਬੈਰਟ ਨੇ ਸਰਕਾਰ ਵਿਰੁੱਧ ਫੈਸਲਾ ਸੁਣਾਇਆ। ਸਰਬਉਚ ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਸੈਂਕੜੇ ਪ੍ਰਵਾਸੀਆਂ ਨੂੰ ਅਲ ਸਲਵਾਡੋਰ ਦੇ ਜੇਲ ਵਿਚ ਭੇਜਿਆ ਜਾ ਚੁੱਕਾ ਹੈ ਜਿਨ੍ਹਾਂ ਵਿਚੋਂ ਇਕ ਗਲਤੀ ਨਾਲ ਡਿਪੋਰਟ ਕਿਲਮਰ ਅਬਰੈਗੋ ਹੈ ਜਿਸ ਦੀ ਵਾਪਸੀ ਹੋਣ ਦੇ ਕੋਈ ਆਸਾਰ ਨਹੀਂ। ਉਧਰ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਾਈਨ ਲੈਵਿਟ ਨੇ ਐਕਸ ’ਤੇ ਲਿਖਿਆ ਕਿ ਖੱਬੇ ਪੱਖੀਆਂ ਵੱਲੋਂ ਦਾਖਲ ਮੁਕੱਦਮਿਆਂ ਵਿਰੁੱਧ ਆਖਰਕਾਰ ਸਾਡੀ ਜਿੱਤ ਜ਼ਰੂਰ ਹੋਵੇਗੀ। ਅਮਰੀਕਾ ਵਿਚ ਇਸ ਵੇਲੇ ਗੈਰਕਾਨੂੰਨੀ ਪ੍ਰਵਾਸੀਆਂ ਦਾ ਰੱਬ ਹੀ ਰਾਖਾ ਹੈ ਪਰ ਸਟੱਡੀ ਵੀਜ਼ਾ ਵਾਲਿਆਂ ਨਾਲ ਜੱਗੋਂ ਤੇਰਵੀਂ ਹੋ ਰਹੀ ਹੈ।
ਜੱਜ ਨੇ ਕਿਹਾ, ਇਕ ਵੀ ਪ੍ਰਵਾਸੀ ਡਿਪੋਰਟ ਕੀਤਾ ਤਾਂ ਖ਼ਬਰਦਾਰ
ਇੰਮੀਗ੍ਰੇਸ਼ਨ ਵਾਲਿਆਂ ਨੂੰ ਹਜ਼ਾਰਾਂ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ਾ ਰੱਦ ਕਰਦਿਆਂ ਇਕ ਅਜਿਹੇ ਵਿਦਿਆਰਥੀ ਨੂੰ ਬਾਹਰ ਦਾ ਰਾਹ ਦਿਖਾ ਦਿਤਾ ਜੋ ਪੜ੍ਹਾਈ ਮੁਕੰਮਲ ਕਰਨ ਮਗਰੋਂ ਵਰਕ ਪਰਮਿਟ ਹਾਸਲ ਕਰ ਚੁੱਕਾ ਸੀ। ਬੋਸਟਨ ਯੂਨੀਵਰਸਿਟੀ ਤੋਂ ਪੜ੍ਹਨ ਵਾਲੇ ਵਿਦਿਆਰਥੀ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਉਸ ਨੇ ਫਾਇਨੈਂਸ ਖੇਤਰ ਵਿਚ ਮਾਸਟਰਜ਼ ਡਿਗਰੀ ਹਾਸਲ ਅਤੇ ਹੁਣ ਜਦੋਂ ਚੰਗੀ ਨੌਕਰੀ ਮਿਲ ਰਹੀ ਸੀ ਤਾਂ ਵੀਜ਼ਾ ਰੱਦ ਕਰ ਦਿਤਾ ਗਿਆ। ਐਟਲਾਂਟਾ ਦੇ ਇੰਮੀਗ੍ਰੇਸ਼ਨ ਅਟਾਰਨੀ ਚਾਰਲਸ ਕੱਕ ਤਕਰੀਬਨ 150 ਕੌਮਾਂਤਰੀ ਵਿਦਿਆਰਥੀਆਂ ਦਾ ਮੁਕੱਦਮਾ ਲੜ ਰਹੇ ਹਨ ਜਿਨ੍ਹਾਂ ਦਾ ਵੀਜ਼ਾ ਬਗੈਰ ਕਿਸੇ ਠੋਸ ਕਾਰਨ ਤੋਂ ਰੱਦ ਕੀਤਾ ਗਿਆ। ਚਾਰਲਸ ਦਾ ਕਹਿਣਾ ਸੀ ਇੰਮੀਗ੍ਰੇਸ਼ਨ ਅਤੇ ਐਨਫੋਰਸਮੈਂਟ ਵਾਲੇ ਸੰਭਾਵਤ ਤੌਰ ’ਤੇ ਬੇਕਾਬੂ ਹੋ ਚੁੱਕੇ ਹਨ। ਦੱਸ ਦੇਈਏ ਕਿ ਪਿਛਲੇ ਦਿਨੀਂ ਸਾਹਮਣੇ ਆਈ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕਾ ਵੱਲੋਂ ਰੱਦ ਸਟੱਡੀ ਵੀਜ਼ਿਆਂ ਵਿਚੋਂ ਅੱਧੇ ਭਾਰਤੀਆਂ ਨਾਲ ਸਬੰਧਤ ਹਨ ਜਦਕਿ ਸਟੱਡੀ ਵੀਜ਼ਾ ਰੱਦ ਕਰਨ ਦਾ ਸਿਲਸਿਲਾ ਫਲਸਤੀਨ ਦੇ ਮੁੱਦੇ ਤੋਂ ਸ਼ੁਰੂ ਹੋਇਆ ਸੀ।