ਗੈਰਕਾਨੂੰਨੀ ਪ੍ਰਵਾਸੀਆਂ ਦੇ ਅੰਕੜਿਆਂ ਨੇ ਬਚਾਈ ਟਰੰਪ ਦੀ ਜਾਨ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਗੋਲੀਕਾਂਡ ਮਗਰੋਂ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਜੇ ਉਹ ਗੈਰਕਾਨੂੰਨੀ ਪ੍ਰਵਾਸੀਆਂ ਨਾਲ ਸਬੰਧਤ ਅੰਕੜੇ ਦੇਖਣ ਲਈ ਆਪਣਾ ਸਿਰ ਨਾ ਘੁਮਾਉਂਦੇ ਤਾਂ ਹਾਲਾਤ ਕੁਝ ਹੋਰ ਹੋ ਸਕਦੇ ਸਨ।

Update: 2024-07-15 12:20 GMT

ਬੈਥਲ ਪਾਰਕ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਗੋਲੀਕਾਂਡ ਮਗਰੋਂ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਜੇ ਉਹ ਗੈਰਕਾਨੂੰਨੀ ਪ੍ਰਵਾਸੀਆਂ ਨਾਲ ਸਬੰਧਤ ਅੰਕੜੇ ਦੇਖਣ ਲਈ ਆਪਣਾ ਸਿਰ ਨਾ ਘੁਮਾਉਂਦੇ ਤਾਂ ਹਾਲਾਤ ਕੁਝ ਹੋਰ ਹੋ ਸਕਦੇ ਸਨ। ਦੂਜੇ ਪਾਸੇ ਗੋਲੀਆਂ ਚਲਾਉਣ ਵਾਲੇ ਦੀ ਕਾਰ ਅਤੇ ਘਰ ਵਿਚੋਂ ਬੰਬ ਬਰਾਮਦ ਕੀਤੇ ਗਏ ਹਨ। ਟਰੰਪ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਗੈਰਕਾਨੂੰਨੀ ਪ੍ਰਵਾਸੀਆਂ ਦਾ ਅੰਕੜਾ ਪੜ੍ਹਨ ਲਈ ਵੀਡੀਓ ਸਕ੍ਰੀਨ ਵੱਲ ਮੂੰਹ ਘੁਮਾਇਆ, ਉਸੇ ਵੇਲੇ ਗੋਲੀਆਂ ਚੱਲ ਗਈਆਂ। ਜੇ ਮਾੜਾ-ਮੋਟਾ ਵੀ ਫਰਕ ਰਹਿ ਜਾਂਦਾ ਤਾਂ ਗੋਲੀ ਦਿਮਾਗ ਦੇ ਆਰ-ਪਾਰ ਹੋ ਸਕਦੀ ਸੀ। ਇਕ ਇੰਚ ਦੇ ਅੱਠਵੇਂ ਹਿੱਸੇ ਦੇ ਬਰਾਬਰ ਫਰਕ ਨੇ ਟਰੰਪ ਦੀ ਜਾਨ ਬਚਾਈ ਅਤੇ ਗੋਲੀ ਕੰਨ ਨੂੰ ਚੀਰਦੀ ਹੋਈ ਨਿਕਲ ਗਈ।

ਸਾਬਕਾ ਰਾਸ਼ਟਰਪਤੀ ਨੇ ਵੀਡੀਓ ਸਕ੍ਰੀਨ ਦੇਖਣ ਲਈ ਘੁਮਾਇਆ ਸੀ ਆਪਣਾ ਸਿਰ

ਸਾਬਕਾ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਕਿਸੇ ਚੰਗੇ ਕੰਮ ਸਦਕਾ ਹੀ ਉਨ੍ਹਾਂ ਦੀ ਜਾਨ ਬਚ ਸਕੀ। ਦੂਜੇ ਪਾਸੇ ਐਫ਼.ਬੀ.ਆਈ. ਦੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ 20 ਸਾਲ ਦੇ ਥੌਮਸ ਮੈਥਿਊ ਕਰੂਕਸ ਵੱਲੋਂ ਟਰੰਪ ਨੂੰ ਨਿਸ਼ਾਨਾ ਬਣਾਉਣ ਲਈ ਆਪਣੇ ਪਿਤਾ ਦੀ ਏ.ਆਰ. 15 ਰਾਈਫਲ ਵਰਤੀ ਗਈ। ਐਫ਼.ਬੀ.ਆਈ. ਵੱਲੋਂ ਥੌਮਸ ਦੀ ਕਾਰ ਤੋਂ ਇਲਾਵਾ ਬੈਥਲ ਪਾਰਕ ਵਿਖੇ ਸਥਿਤ ਉਸ ਦੇ ਘਰ ਤਲਾਸ਼ੀ ਵੀ ਲਈ ਗਈ ਜਿਸ ਦੌਰਾਨ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ। ਇਥੇ ਦਸਣਾ ਬਣਦਾ ਹੈ ਕਿ ਥੌਮਸ ਮੈਥਿਊ ਕਰੂਕਸ ਨੂੰ ਸੀਕਰੇਟ ਸਰਵਿਸ ਵਾਲਿਆਂ ਨੇ ਮੌਕੇ ’ਤੇ ਹੀ ਮਾਰ ਮੁਕਾਇਆ ਸੀ। ਥੌਮਸ ਆਪਣੇ ਮਾਪਿਆਂ ਨਾਲ ਹੀ ਰਹਿੰਦਾ ਸੀ ਅਤੇ ਦੋ ਸਾਲ ਪਹਿਲਾਂ ਹੀ ਹਾਈ ਸਕੂਲ ਮੁਕੰਮਲ ਕੀਤਾ। ਹੈਰਾਨੀ ਇਸ ਗੱਲ ਦੀ ਹੈ ਕਿ ਰਿਪਬਲਿਕਨ ਪਾਰਟੀ ਦਾ ਰਜਿਸਟਰਡ ਵਰਕਰ ਹੋਣ ਦੇ ਬਾਵਜੂਦ ਉਸ ਨੇ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਨਿਸ਼ਾਨਾ ਬਣਾਇਆ। ਥੌਮਸ ਵੱਲੋਂ ਚਲਾਈਆਂ ਗੋਲੀਆਂ ਨਾਲ ਰੈਲੀ ਵਿਚ ਸ਼ਾਮਲ ਇਕ ਟਰੰਪ ਹਮਾਇਤੀ ਮੌਤ ਹੋ ਚੁੱਕੀ ਹੈ ਜਦਕਿ ਦੋ ਹੋਰਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਟਰੰਪ ’ਤੇ ਗੋਲੀ ਚਲਾਉਣ ਵਾਲੇ ਦੀ ਕਾਰ ਅਤੇ ਘਰ ਵਿਚੋਂ ਮਿਲੇ ਬੰਬ

ਇਸੇ ਦੌਰਾਨ ਥੌਮਸ ਦੇ ਜਮਾਤੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਕ ਸ਼ਾਂਤ ਰਹਿਣ ਵਾਲਾ ਵਿਦਿਆਰਥੀ ਸੀ ਜੋ ਅਕਸਰ ਇਕੱਲਾ ਰਹਿਣਾ ਪਸੰਦ ਕਰਦਾ। ਉਸ ਨੂੰ ਕਦੇ ਵੀ ਟਰੰਪ ਜਾਂ ਅਮਰੀਕਾ ਦੀ ਸਿਆਸਤ ਬਾਰੇ ਗੱਲਬਾਤ ਕਰਦਿਆਂ ਨਹੀਂ ਸੀ ਸੁਣਿਆ। ਥੌਮਸ ਦੇ ਚੁੱਪ ਰਹਿਣ ਕਾਰਨ ਕੁਝ ਜਮਾਤੀ ਉਸ ਨੂੰ ਚਿੜ੍ਹਾਉਂਦੇ ਵੀ ਸਨ। ਇਥੋਂ ਤੱਕ ਕਿ ਉਹ ਕਈ ਵਾਰ ਅਜੀਬੋ ਗਰੀਬ ਕੱਪੜੇ ਪਾ ਕੇ ਸਕੂਲ ਆਉਂਦਾ ਅਤੇ ਵਿਦਿਆਰਥੀ ਉਸ ਦਾ ਮਖੌਲ ਉਡਾਉਣ ਦਾ ਕੋਈ ਮੌਕਾ ਖੁੰਝਣ ਨਾ ਦਿੰਦੇ। ਥੌਮਸ ਦੀ ਆਨਲਾਈਨ ਹਿਸਟਰੀ ਵਿਚ ਕੁਝ ਵੀ ਸ਼ੱਕੀ ਨਹੀਂ ਮਿਲਿਆ ਪਰ ਟਰੰਪ ’ਤੇ ਹਮਲਾ ਕਿਉਂ ਕੀਤਾ, ਇਸ ਸਵਾਲ ਦਾ ਜਵਾਬ ਲੱਭਿਆ ਜਾ ਰਿਹਾ ਹੈ। ਇਕ ਪਾਸੇ ਜਿਥੇ ਟਰੰਪ ਹਮਾਇਤੀ ਜੋਅ ਬਾਇਡਨ ਅਤੇ ਡੈਮੋਕ੍ਰੈਟਿਕ ਪਾਰਟੀ ’ਤੇ ਸਾਜ਼ਿਸ਼ ਘੜਨ ਦਾ ਦੋਸ਼ ਲਾ ਰਹੇ ਹਨ ਤਾਂ ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਟਿੱਪਣੀਆਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਰੰਪ ਨੇ ਆਪਣੇ ਆਪ ’ਤੇ ਹਮਲਾ ਕਰਵਾਇਆ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਟਰੰਪ ’ਤੇ ਹੋਏ ਹਮਲੇ ਮਗਰੋਂ ਦੂਜੀ ਵਾਰ ਲੋਕਾਂ ਨੂੰ ਸੰਬੋਧਤ ਹੁੰਦਿਆਂ ਹਮਲੇ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ, ‘‘ਅਸੀਂ ਅਜਿਹੇ ਰਾਹਤ ’ਤੇ ਨਹੀਂ ਜਾ ਸਕਦੇ। ਅਸੀਂ ਆਪਣੇ ਇਤਿਹਾਸ ਵਿਚ ਬਹੁਤ ਜ਼ਿਆਦਾ ਹਿੰਸਾ ਬਰਦਾਸ਼ਤ ਕਰ ਚੁੱਕੇ ਹਾਂ।’ ਬਾਇਡਨ ਨੇ ਹਮਲੇ ਦੌਰਾਨ ਮਰਨ ਵਾਲੇ ਨੂੰ ਨਾਇਕ ਕਰਾਰ ਦਿਤਾ ਅਤੇ ਉਸ ਦੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ।

Tags:    

Similar News