ਅਤਿਵਾਦੀਆਂ ਵਾਂਗ ਪਿੰਜਰੇ ਵਿਚ ਬੰਦ ਹਾਂ : ਇਮਰਾਨ ਖਾਨ ਨੇ ਸੁਣਾਇਆ ਦੁਖੜਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਕ ਅਤਿਵਾਦੀ ਵਾਂਗ ਪਿੰਜਰੇ ਵਿਚ ਕੈਦ ਕੀਤਾ ਗਿਆ ਹੈ। ਪਾਕਿਸਤਾਨੀ ਅਖਬਾਰ ‘ਡਾਨ’ ਦੀ ਰਿਪੋਰਟ ਮੁਤਾਬਕ ਇਮਰਾਨ ਖਾਨ 7 ਬਾਏ 8 ਫੁੱਟ ਦੀ ਜੇਲ ਵਿਚ ਬੰਦ ਹਨ

Update: 2024-07-22 12:19 GMT

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਕ ਅਤਿਵਾਦੀ ਵਾਂਗ ਪਿੰਜਰੇ ਵਿਚ ਕੈਦ ਕੀਤਾ ਗਿਆ ਹੈ। ਪਾਕਿਸਤਾਨੀ ਅਖਬਾਰ ‘ਡਾਨ’ ਦੀ ਰਿਪੋਰਟ ਮੁਤਾਬਕ ਇਮਰਾਨ ਖਾਨ 7 ਬਾਏ 8 ਫੁੱਟ ਦੀ ਜੇਲ ਵਿਚ ਬੰਦ ਹਨ ਜਦਕਿ ਉਨ੍ਹਾਂ ਦਾ ਕੱਦ 6 ਫੁੱਟ 2 ਇੰਚ ਜਿਸ ਕਰ ਕੇ ਉਨ੍ਹਾਂ ਨੂੰ ਹਿਲਜੁਲਣ ਵਿਚ ਮੁਸ਼ਕਲ ਆ ਰਹੀ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਕਹਿਣਾ ਹੈ ਕਿ ਇਮਰਾਨ ਖਾਨ ਰਾਵਲਪਿੰਡੀ ਦੀ ਅਦਿਆਲਾ ਜੇਲ ਵਿਚ ਸ਼ਾਹੀ ਐਸ਼ ਦਾ ਲੁਤਫ ਲੈ ਰਹੇ ਹਨ। ਇਮਰਾਨ ਖਾਨ ਨੇ ਅੱਗੇ ਕਿਹਾ ਕਿ ਇਕ ਦਿਨ ਉਹ ਜੇਲ ਵਿਚੋਂ ਬਾਹਰ ਜ਼ਰੂਰ ਆਉਣਗੇ। ਉਹ ਰੋਜ਼ਾਨਾ ਪਾਕਿਸਤਾਨ ਦੇ ਭਵਿੱਖ ਬਾਰੇ ਯੋਜਨਾਵਾਂ ਬਣਾਉਂਦੇ ਹਨ ਅਤੇ ਮੁਲਕ ਦੇ ਹਾਲਾਤ ਐਨੇ ਖਰਾਬ ਹੋਣ ਦੇ ਬਾਵਜੂਦ ਲੋਕ ਮੇਰੇ ’ਤੇ ਯਕੀਨ ਕਰਦੇ ਹਨ। ਮੇਰਾ ਵੀ ਰੱਬ ’ਤੇ ਯਕੀਨ ਹੈ ਅਤੇ ਦਿਨ ਇਨਸਾਫ ਦੀ ਜਿੱਤ ਹੋਵੇਗੀ।

ਕਿਹਾ, ਹਰ ਵੇਲੇ ਅੱਖ ਰਖਦੀਆਂ ਨੇ ਸਰਕਾਰੀ ਏਜੰਸੀਆਂ

ਇਸੇ ਦੌਰਾਨ ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉਲ੍ਹਾ ਤਰਾਰ ਨੇ ਦੱਸਿਆ ਕਿ ਇਮਰਾਨ ਖਾਨ ਨੂੰ ਜੇਲ ਵਿਚ ਇਕ ਐਕਸਰਸਾਈਜ਼ ਸਾਈਕਲ, ਇਕ ਵਰਕਿੰਗ ਗੈਲਰੀ ਅਤੇ ਇਕ ਰਸੋਈ ਦਿਤੀ ਗਈ ਹੈ ਜਦਕਿ ਖਾਣੇ ਵਿਚ ਸ਼ਾਨਦਾਰ ਪਕਵਾਨ ਸ਼ਾਮਲ ਹੁੰਦੇ ਹਨ। ਦੱਸ ਦੇਈਏ ਕਿ ਇਮਰਾਨ ਖਾਨ ਵਿਰੁੱਘ 100 ਤੋਂ ਵੱਧ ਮਾਮਲੇ ਚੱਲ ਰਹੇ ਹਨ ਅਤੇ 5 ਅਗਸਤ 2023 ਨੂੰ ਤੋਸ਼ਾਖਾਨਾ ਮਾਮਲਾ ਵਿਚ ਇਕ ਅਦਾਲਤ ਵੱਲੋਂ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ। ਇਸ ਮਗਰੋਂ ਉਨ੍ਹਾਂ ਨੂੰ ਇਸਲਾਮਾਬਾਦ ਦੇ ਜ਼ਮਾਨ ਪਾਰਕ ਸਥਿਤ ਘਰ ਤੋਂ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿਤਾ ਗਿਆ। ਅੰਗਰੇਜ਼ੀ ਅਖਬਾਰ ਡਾਨ ਦਾ ਮੰਨਣਾ ਹੈ ਕਿ ਜੇ ਇਮਰਾਨ ਖਾਨ ਜੇਲ ਤੋਂ ਬਾਹਰ ਆਉਂਦੇ ਹਨ ਤਾਂ ਉਹ ਪਾਕਿਸਤਾਨ ਵਿਚ ਮੁੜ ਚੋਣਾਂ ਦੀ ਮੰਗ ਉਠਾਉਣਗੇ। ਇਸ ਸਾਲ ਹੋਈਆਂ ਚੋਣਾਂ ਵਿਚ ਇਮਰਾਨ ਖਾਨ ਦੀ ਤਹਿਰੀਕ ਏ ਇਨਸਾਫ ਪਾਰਟੀ ਅਧਿਕਾਰਤ ਤੌਰ ’ਤੇ ਸ਼ਾਮਲ ਨਹੀਂ ਹੋ ਸਕੀ ਸੀ।

Tags:    

Similar News