ਸਮੁੰਦਰੀ ਤੂਫਾਨ ‘ਮਿਲਟਨ’ ਨੇ ਝੰਬਿਆ ਫਲੋਰੀਡਾ, ਦਰਜਨਾਂ ਮੌਤਾਂ

ਸਮੁੰਦਰੀ ਤੂਫਾਨ ਮਿਲਟਨ ਦੇ ਜ਼ੋਰ ਅੱਗੇ ਫਲੋਰੀਡਾ ਬੇਵੱਸ ਹੋ ਗਿਆ ਅਤੇ ਹੁਣ ਤੱਕ ਦਰਜਨਾਂ ਮੌਤਾਂ ਹੋਣ ਦੀ ਰਿਪੋਰਟ ਹੈ ਜਦਕਿ 30 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਦੱਸੀ ਜਾ ਰਹੀ ਹੈ।

Update: 2024-10-10 12:29 GMT

ਫਲੋਰੀਡਾ : ਸਮੁੰਦਰੀ ਤੂਫਾਨ ਮਿਲਟਨ ਦੇ ਜ਼ੋਰ ਅੱਗੇ ਫਲੋਰੀਡਾ ਬੇਵੱਸ ਹੋ ਗਿਆ ਅਤੇ ਹੁਣ ਤੱਕ ਦਰਜਨਾਂ ਮੌਤਾਂ ਹੋਣ ਦੀ ਰਿਪੋਰਟ ਹੈ ਜਦਕਿ 30 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਦੱਸੀ ਜਾ ਰਹੀ ਹੈ। ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਹਜ਼ਾਰਾਂ ਮਕਾਨ ਤਬਾਹ ਹੋ ਗਏ ਅਤੇ ਹਰ ਪਾਸੇ ਮਲਬਾ ਹੀ ਮਲਬਾ ਖਿੰਡਿਆ ਨਜ਼ਰ ਆ ਰਿਹਾ ਹੈ। ਸੇਂਟ ਲੂਸੀ ਕਾਊਂਟੀ ਦੇ ਸ਼ੈਰਿਫ ਕੀਥ ਪੀਅਰਸਨ ਨੇ ਦੱਸਿਆ ਕਿ ਫ਼ਿਲਹਾਲ ਮਰਨ ਵਾਲਿਆਂ ਦੀ ਗਿਣਤੀ ਦੱਸਣੀ ਸੰਭਵ ਨਹੀਂ ਪਰ ਵੱਡੇ ਪੱਧਰ ’ਤੇ ਜਾਨੀ ਨੁਕਸਾਨ ਹੋਇਆ ਹੈ।

30 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ, ਹੜ੍ਹਾਂ ਵਰਗੇ ਹਾਲਾਤ

ਇਸੇ ਦੌਰਾਨ ਫਲੋਰੀਡਾ ਦੇ ਐਮਰਜੰਸੀ ਮੈਨੇਜਮੈਂਟ ਵਿਭਾਗ ਦੇ ਡਾਇਰੈਕਟਰ ਕੈਵਿਨ ਗੂਥਰੀ ਨੇ ਦੱਸਿਆ ਕਿ ਸੀਨੀਅਰ ਸਿਟੀਜ਼ਨਜ਼ ਦੀ ਰਿਹਾਇਸ਼ ਵਾਲੀ ਇਕ ਇਮਾਰਤ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਅਤੇ ਨੁਕਸਾਨ ਦਾ ਜਾਇਜ਼ਾ ਲੈਣ ਦੇ ਯਤਨ ਕੀਤੇ ਜਾ ਰਹੇ ਹਨ। ਭਾਰੀ ਮੀਂਹ ਰਾਹਤ ਕਾਰਜਾਂ ਵਿਚ ਅੜਿੱਕੇ ਪੈਦਾ ਰਿਹਾ ਹੈ ਅਤੇ ਕਈ ਇਲਾਕਿਆਂ ਵਿਚ 40 ਸੈਂਟੀਮੀਟਰ ਤੋਂ ਵੱਧ ਬਾਰਸ਼ ਹੋ ਚੁੱਕੀ ਹੈ। ਸੇਂਟ ਪੀਟਰਜ਼ਬਰਗ ਵਿਖੇ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਸਕੇਗਾ ਜਿਥੇ ਮੇਨ ਸਪਲਾਈ ਲਾਈਨ ਟੁੱਟ ਗਈ ਅਤੇ ਇਸ ਦੀ ਮੁਰੰਮਤ ਵਿਚ ਕਈ ਦਿਨ ਲੱਗ ਸਕਦੇ ਹਨ।

ਹਜ਼ਾਰਾਂ ਦੀ ਗਿਣਤੀ ਮਕਾਨ ਹੋਏ ਤਬਾਹ, ਪੀਣ ਵਾਲੇ ਪਾਣੀ ਦੀ ਕਿੱਲਤ

ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਖ਼ਤਰਨਾਕ ਸਮੁੰਦਰੀ ਤੂਫਾਨ ਮੰਨੇ ਜਾ ਰਹੇ ਮਿਲਟਨ ਜਦੋਂ ਫਲੋਰੀਡਾ ਨਾਲ ਟਕਰਾਇਆ ਤਾਂ ਹਵਾਵਾਂ ਦੀ ਰਫ਼ਤਾਰ 165 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਜਦਕਿ ਡੇਢ ਘੰਟੇ ਬਾਅਦ ਰਫ਼ਤਾਰ ਹੋਰ ਘਟਣ ਲੱਗੀ ਅਤੇ ਹੋਰ ਜਾਨੀ ਨੁਕਸਾਨ ਦਾ ਖਤਰਾ ਵੀ ਘਟਣ ਲੱਗਾ। ਇਥੇ ਦਸਣਾ ਬਣਦਾ ਹੈ ਕਿ ਸਮੁੰਦਰੀ ਤੂਫਾਨ ਦੇ ਆਉਣ ਤੋਂ ਪਹਿਲਾਂ ਫਲੋਰੀਡਾ ਦੇ ਕਈ ਇਲਾਕਿਆਂ ਵਿਚ ਵਾਵਰੋਲਿਆਂ ਨੇ ਤਬਾਹੀ ਮਚਾ ਦਿਤੀ। ਸੇਂਟ ਲੂਸੀ ਕਾਊਂਟੀ ਦੇ ਸ਼ੈਰਿਫ ਕੀਥ ਪੀਅਰਸਨ ਨੇ ਫੇਸਬੁਕ ’ਤੇ ਇਕ ਵੀਡੀਓ ਸਾਂਝੀ ਕੀਤੀ ਜਿਸ ਵਿਚ ਵਾਵਰੋਲੇ ਨੇ 10 ਹਜ਼ਾਰ ਵਰਗ ਫੁੱਟ ਵਿਚ ਬਣੀ ਸਟੀਲ ਦੀ ਇਮਾਰਤ ਨੂੰ ਵੀ ਤਹਿਸ ਨਹਿਸ ਕਰ ਦਿਤਾ। ਇਥੇ ਪੁਲਿਸ ਦੀਆਂ ਗੱਡੀਆਂ ਖੜ੍ਹਦੀਆਂ ਸਨ ਪਰ ਖੁਸ਼ਕਿਸਮਤੀ ਨਾਲ ਹਾਦਸੇ ਵੇਲੇ ਇਮਾਰਤ ਵਿਚ ਕੋਈ ਮੌਜੂਦ ਨਹੀਂ ਸੀ।

Tags:    

Similar News