ਫਲੋਰੀਡਾ ਵਿਚ ਸਮੁੰਦਰੀ ਤੂਫਾਨ ‘ਮਿਲਟਨ’ ਨੇ ਦਿਤੀ ਦਸਤਕ

ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਤਬਾਹਕੁੰਨ ਸਮੁੰਦਰੀ ਤੂਫਾਨ ਮੰਨੇ ਜਾ ਰਹੇ ‘ਮਿਲਟਨ’ ਨੇ ਵੱਡੇ ਤੜਕੇ ਫਲੋਰੀਡਾ ਵਿਚ ਦਸਤਕ ਦੇ ਦਿਤੀ ਜਦਕਿ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਟ੍ਰੈਫਿਕ ਵਿਚ ਫਸੇ ਹੋਏ ਸਨ।

Update: 2024-10-09 12:47 GMT

ਫਲੋਰੀਡਾ : ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਤਬਾਹਕੁੰਨ ਸਮੁੰਦਰੀ ਤੂਫਾਨ ਮੰਨੇ ਜਾ ਰਹੇ ‘ਮਿਲਟਨ’ ਨੇ ਵੱਡੇ ਤੜਕੇ ਫਲੋਰੀਡਾ ਵਿਚ ਦਸਤਕ ਦੇ ਦਿਤੀ ਜਦਕਿ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਟ੍ਰੈਫਿਕ ਵਿਚ ਫਸੇ ਹੋਏ ਸਨ। ਮੌਸਮ ਵਿਭਾਗ ਮੁਤਾਬਕ ਟੈਂਪਾ ਬੇਅ ਇਲਾਕੇ ਵਿਚ 15 ਫੁੱਟ ਤੱਕ ਪਾਣੀ ਦਾਖਲ ਹੋ ਸਕਦਾ ਹੈ ਅਤੇ ਅਜਿਹੇ ਵਿਚ ਵੱਡੇ ਜਾਨੀ ਨੁਕਸਾਨ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। 280 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਅੱਗੇ ਵੱਡੇ ਵੱਡੇ ਦਰੱਖਤ ਖਿਡੌਣੇ ਸਾਬਤ ਹੋਏ ਅਤੇ ਮਕਾਨਾਂ ਦੀਆਂ ਛੱਤਾਂ ਉਡ ਗਈਆਂ।

ਵੱਡਾ ਜਾਨੀ ਨੁਕਸਾਨ ਹੋਣ ਦਾ ਖਦਸ਼ਾ

ਅਹਿਤਿਆਤ ਵਜੋਂ ਸਕੂਲ ਅਤੇ ਕਾਰੋਬਾਰੀ ਅਦਾਰੇ ਬੰਦ ਕੀਤੇ ਜਾ ਚੁੱਕੇ ਹਨ ਅਤੇ ਘੱਟੋ ਘੱਟ 60 ਲੱਖ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ਵੱਲ ਜਾਣ ਦੀ ਹਦਾਇਤ ਦਿਤੀ ਗਈ। ਮਾਹਰਾਂ ਮੁਤਾਬਕ ਤੂਫਾਨ ਦੀ ਮਾਰ ਵਾਲੇ ਇਲਾਕੇ ਵਿਚ ਘਰ ਛੱਡ ਕੇ ਨਾ ਜਾਣ ਵਾਲਿਆਂ ਦੀ ਜਾਨ ਬਚਣੀ ਬਿਲਕੁਲ ਵੀ ਸੰਭਵ ਨਹੀਂ। ਨੈਸ਼ਨਲ ਹਰੀਕੇਨ ਸੈਂਟਰ ਦਾ ਕਹਿਣਾ ਹੈ ਕਿ ਰਾਹਤ ਟੀਮਾਂ ਨੂੰ ਬੇਹੱਦ ਚੌਕਸ ਰਹਿਣ ਦੀਆਂ ਹਦਾਇਤਾਂ ਦਿਤੀਆਂ ਗਈਆਂ ਹਨ। ਟੈਂਪਾ ਬੇਅ ਦੀ ਮੇਅਰ ਵੱਲੋਂ ਦਿਤੀ ਚਿਤਾਵਨੀ ਮਗਰੋਂ ਹੋਮਜ਼ ਬੀਚ ਦੇ ਪੁਲਿਸ ਮੁਖੀ ਵਿਲੀਅਮ ਟੋਕਾਜੇਰ ਨੇ ਕਿਹਾ ਕਿ ਘਰ ਛੱਡਣ ਦੀਆਂ ਹਦਾਇਤਾਂ ਮੰਨਣ ਵਾਲਿਆਂ ਦੇ ਘਰ ਉਨ੍ਹਾਂ ਦੇ ਤਾਬੂਤ ਬਣ ਜਾਣਗੇ। ਪੁਲਿਸ ਮੁਖੀ ਨੇ ਹੋਰ ਅੱਗੇ ਵਧਦਿਆਂ ਕਿਹਾ ਕਿ ਘਰ ਛੱਡ ਕੇ ਨਾ ਜਾਣ ਵਾਲੇ ਆਪਣੀ ਲੱਤਾਂ ’ਤੇ ਆਪੋ ਆਪਣਾ ਸੋਸ਼ਲ ਸਕਿਉਰਿਟੀ ਨੰਬਰ ਲਿਖ ਲੈਣ ਤਾਂਕਿ ਬਾਅਦ ਵਿਚ ਪਛਾਣ ਕਰਨ ਦੀ ਕੋਈ ਦਿੱਕਤ ਨਾ ਆਵੇ।

Tags:    

Similar News