ਅਮਰੀਕਾ ਵਿਚ ਭੀੜ ’ਤੇ ਚੱਲੀਆਂ ਗੋਲੀਆਂ, 11 ਜ਼ਖਮੀ
ਅਮਰੀਕਾ ਵਿਚ ਮੈਮੋਰੀਅਲ ਡੇਅ ਸਮਾਗਮ ਦੌਰਾਨ ਇਕੱਤਰ ਹੋਏ ਲੋਕਾਂ ’ਤੇ ਇਕ ਸਿਰਫਿਰੇ ਨੇ ਗੋਲੀਆਂ ਚਲਾ ਦਿਤੀਆਂ ਅਤੇ ਘੱਟੋ ਘੱਟ 11 ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਕੋਲੰਬੀਆ : ਅਮਰੀਕਾ ਵਿਚ ਮੈਮੋਰੀਅਲ ਡੇਅ ਸਮਾਗਮ ਦੌਰਾਨ ਇਕੱਤਰ ਹੋਏ ਲੋਕਾਂ ’ਤੇ ਇਕ ਸਿਰਫਿਰੇ ਨੇ ਗੋਲੀਆਂ ਚਲਾ ਦਿਤੀਆਂ ਅਤੇ ਘੱਟੋ ਘੱਟ 11 ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹੌਰੀ ਕਾਊਂਟੀ ਪੁਲਿਸ ਨੇ ਦੱਸਿਆ ਲਿਟਲ ਰਿਵਰ ਕਸਬੇ ਵਿਚ ਐਤਵਾਰ ਰਾਤ ਤਕਰੀਬਨ 9.30 ਵਜੇ ਗੋਲੀਆਂ ਚੱਲੀਆਂ। ਗੋਲੀਬਾਰੀ ਦੀ ਇਤਲਾਹ ਮਿਲਦਿਆਂ ਹੀ ਪੈਰਾਮੈਡਿਕਸ ਮੌਕੇ ’ਤੇ ਪੁੱਜ ਗਏ ਅਤੇ ਜ਼ਖਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ। ਫ਼ਿਲਹਾਲ ਸ਼ੱਕੀ ਬਾਰੇ ਕੋਈ ਵੇਰਵਾ ਨਹੀਂ ਦਿਤਾ ਗਿਆ ਪਰ ਪੁਲਿਸ ਦਾ ਮੰਨਣਾ ਹੈ ਕਿ ਗੋਲੀਬਾਰੀ ਦੀ ਮਗਰੋਂ ਕਮਿਊਨਿਟੀ ਵਾਸਤੇ ਹੋਰ ਖਤਰਾ ਪੈਦਾ ਨਹੀਂ ਹੁੰਦਾ। ਲਿਟਲ ਰਿਵਰ ਦਾ ਵੌਟਸਨ ਐਵੇਨਿਊ ਇਕ ਰਿਹਾਇਸ਼ੀ ਇਲਾਕਾ ਹੈ ਜਿਥੇ ਗੋਲੀਬਾਰੀ ਦੀ ਵਾਰਦਾਤ ਸਾਹਮਣੇ ਆਈ।
ਸੰਗੀਤ ਸਮਾਗਮ ਦੌਰਾਨ ਝਗੜੇ ਮਗਰੋਂ ਪਈ ਭਾਜੜ, 10 ਜ਼ਖਮੀ
ਗੋਲੀਬਾਰੀ ਦੀ ਵਾਰਦਾਤ ਅਜਿਹੇ ਸਮੇਂ ਵਾਪਰੀ ਜਦੋਂ ਲਿਟਲ ਰਿਵਰ ਤੋਂ 9 ਮੀਲ ਦੂਰ ਐਟਲਾਂਟਿਕ ਬੀਚ ’ਤੇ ਇਕ ਸੰਗੀਤ ਸਮਾਗਮ ਦੌਰਾਨ ਦੋ ਧੜਿਆਂ ਦੇ ਹੱਥੋਪਾਈ ਹੋਣ ਮਗਰੋਂ ਭਾਜੜ ਪੈਣ ਕਾਰਨ 10 ਜਣੇ ਜ਼ਖਮੀ ਹੋ ਗਏ। ਅੰਤਰਮ ਟਾਊਨ ਮੈਨੇਜਰ Çਲੰਡਾ ਚੈਠਮ ਨੇ ਦੱਸਿਆ ਕਿ ਝਗੜਾ ਹੋਣ ਕਰ ਕੇ ਲੋਕ ਘਬਰਾਅ ਗਏ ਅਤੇ ਇਧਰ-ਉਧਰ ਦੌੜਨ ਲੱਗੇ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਸੰਗੀਤ ਬੰਦ ਕਰ ਦਿਤਾ ਗਿਆ ਪਰ ਬਲੈਕ ਪਰਲ ਕਲਚਰਲ ਹੈਰੀਟੇਜ ਐਂਡ ਬਾਈਕ ਫੈਸਟੀਵਲ ਵੱਡੇ ਤੜਕੇ ਤਿੰਨ ਵਜੇ ਤੱਕ ਜਾਰੀ ਰਿਹਾ। ਹਰ ਸਾਲ ਇਸ ਸਭਿਆਚਾਰਕ ਮੇਲੇ ਵਿਚ 4 ਲੱਖ ਤੋਂ ਵੱਧ ਲੋਕ ਇਕੱਤਰ ਹੁੰਦੇ ਹਨ। ਦੂਜੇ ਪਾਸੇ ਵਾਸ਼ਿੰਗਟਨ ਸੂਬੇ ਦੇ ਸਿਐਟਲ ਸ਼ਹਿਰ ਵਿਚ ਇਕ ਧਾਰਮਿਕ ਰੈਲੀ ਦੌਰਾਨ ਹਿੰਸਾ ਭੜਕ ਉਠੀ ਅਤੇ ਕਈ ਘੰਟੇ ਤੱਕ ਜਾਰੀ ਰਹੀ। ਸਿਐਟਲ ਪੁਲਿਸ ਵੱਲੋਂ 23 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਈਸਾਈ ਭਾਈਚਾਰੇ ਨਾਲ ਸਬੰਧਤ ਰੈਲੀ ’ਤੇ ਹਮਲਾ ਕੀਤਾ ਗਿਆ। ਪੁਲਿਸ ਮੁਤਾਬਕ ਦੋ ਧਿਰਾਂ ਦੇ ਟਕਰਾਅ ਦੌਰਾਨ ਭੀੜ ਨੇ ਪੁਲਿਸ ਅਫ਼ਸਰਾਂ ਉਤੇ ਪਾਣੀ ਦੀਆਂ ਬੋਲਤਾਂ ਸੁੱਟਣੀਆਂ ਸ਼ੁਰੂ ਕਰ ਦਿਤੀਆਂ ਜਿਨ੍ਹਾਂ ਨੂੰ ਕਾਬੂ ਕਰਨ ਲਈ ਵਧੇਰੇ ਪੁਲਿਸ ਫ਼ੋਰਸ ਮੰਗਵਾਉਣੀ ਪਈ।
ਧਾਰਮਿਕ ਰੈਲੀ ’ਤੇ ਹਮਲਾ, ਪੁਲਿਸ ਵੱਲੋਂ 23 ਗ੍ਰਿਫ਼ਤਾਰ
ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਮੁਲਾਜ਼ਮ ਮੁਜ਼ਾਹਰਾਕਾਰੀਆਂ ਨੂੰ ਗ੍ਰਿਫਤਾਰ ਕਰ ਕੇ ਲਿਜਾ ਰਹੇ ਹਨ। ਸ਼ਹਿਰ ਦੇ ਮੇਅਰ ਬਰੂਸ ਹਾਰੈਲ ਨੇ ਮੇਅ ਡੇਅ ਰੈਲੀ ਦੀ ਨਿਖੇਧੀ ਕਰਦਿਆਂ ਦਾਅਵਾ ਕੀਤਾ ਕਿ ਕੁਝ ਸਮਾਜ ਵਿਰੋਧੀ ਤੱਤਾਂ ਨੇ ਘੁਸਪੈਠ ਕਰਦਿਆਂ ਹਾਲਾਤ ਹਿੰਸਕ ਬਣਾ ਦਿਤੇ। ਉਧਰ ਮੇਅ ਡੇਅ ਯੂ.ਐਸ.ਏ. ਦੇ ਬੁਲਾਰੇ ਫੌਲੇਕ ਕੈਲੌਗ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਕਿਸੇ ਨੂੰ ਭੜਕਾਉਣ ਦਾ ਯਤਨ ਨਹੀਂ ਕੀਤਾ ਗਿਆ। ਕੈਲੌਗ ਨੇ ਕਿਹਾ ਕਿ ਕੈਲ ਐਂਡਰਸਨ ਪਾਰਕ ਵਿਚ ਇਕੱਠ ਕਰਨਾ ਉਨ੍ਹਾਂ ਦੀ ਪਹਿਲੀ ਪਸੰਦ ਨਹੀਂ ਸੀ ਅਤੇ ਉਹ ਵਿਕਟਰ ਸਟਾਈਨਬਰੂਕ ਪਾਰਕ ਵਿਚ ਇਕੱਤਰ ਹੋਣਾ ਚਾਹੁੰਦੇ ਸਨ ਪਰ ਸਿਟੀ ਨੇ ਇਸ ਦੀ ਇਜਾਜ਼ਤ ਨਾ ਦਿਤੀ।