ਗਰੀਨ ਕਾਰਡ ਹੋਲਡਰ ਅਤੇ ਸਟੱਡੀ ਵੀਜ਼ਾ ਵਾਲੇ ਫੜ ਕੇ ਅੰਦਰ ਕੀਤੇ
ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਇਕ ਵੱਡੀ ਕਾਰਵਾਈ ਕਰਦਿਆਂ ਮੋਹਸਿਨ ਮਦਾਵੀ ਨੂੰ ਕਾਬੂ ਕਰ ਲਿਆ ਜਦੋਂ ਉਹ ਸਿਟੀਜ਼ਨਸ਼ਿਪ ਦੀ ਅਰਜ਼ੀ ਦਾਇਰ ਵਰਮੌਂਟ ਦੇ ਇੰਮੀਗ੍ਰੇਸ਼ਨ ਦਫ਼ਤਰ ਵਿਚ ਪੁੱਜਾ;

ਨਿਊ ਯਾਰਕ : ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਇਕ ਵੱਡੀ ਕਾਰਵਾਈ ਕਰਦਿਆਂ ਕੋਲੰਬੀਆ ਯੂਨੀਵਰਸਿਟੀ ਵਿਚ ਫਲਸਤੀਨ ਹਮਾਇਤੀ ਮੁਜ਼ਾਹਰਾ ਕਰਵਾਉਣ ਵਾਲੇ ਮੋਹਸਿਨ ਮਦਾਵੀ ਨੂੰ ਕਾਬੂ ਕਰ ਲਿਆ ਜਦੋਂ ਉਹ ਸਿਟੀਜ਼ਨਸ਼ਿਪ ਦੀ ਅਰਜ਼ੀ ਦਾਇਰ ਵਰਮੌਂਟ ਦੇ ਇੰਮੀਗ੍ਰੇਸ਼ਨ ਦਫ਼ਤਰ ਵਿਚ ਪੁੱਜਾ। ਗਰੀਨ ਕਾਰਡ ਹੋਲਡਰ ਹੋਣ ਦੇ ਬਾਵਜੂਦ ਮੋਹਸਿਨ ਨੂੰ ਗ੍ਰਿਫ਼ਤਾਰ ਕਰ ਕੇ ਕੌਲਚੈਸਟਰ ਦੇ ਡਿਟੈਨਸ਼ਨ ਸੈਂਟਰ ਵਿਚ ਲਿਜਾਇਆ ਗਿਆ। ਇਸੇ ਦੌਰਾਨ ਵਰਮੌਂਟ ਦੇ ਇਕ ਜ਼ਿਲ੍ਹਾ ਜੱਜ ਵੱਲੋਂ ਮੋਹਸਿਨ ਨੂੰ ਡਿਪੋਰਟ ਕਰਨ ’ਤੇ ਆਰਜ਼ੀ ਰੋਕ ਲਾ ਦਿਤੀ ਗਈ ਹੈ। ਮੋਹਸਿਨ ਦੀ ਵਕੀਲ ਲੂਨਾ ਡਰੂਬੀ ਨੇ ਕਿਹਾ ਕਿ ਇਹ ਗ੍ਰਿਫ਼ਤਾਰ ਸਿਰਫ਼ ਅਤੇ ਸਿਰਫ਼ ਫਲਸਤੀਨੀ ਮੂਲ ਦਾ ਹੋਣ ਕਾਰਨ ਕੀਤੀ ਗਈ ਹੈ ਅਤੇ ਗਾਜ਼ਾ ਵਿਚ ਹੋ ਰਹੇ ਜ਼ੁਲਮਾਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਆਵਾਜ਼ ਬੰਦ ਕਰਨ ਦਾ ਇਕ ਕੋਝਾ ਯਤਨ ਵੀ ਹੈ।
ਅਦਾਲਤੀ ਰੋਕਾਂ ਦੇ ਬਾਵਜੂਦ ਡਿਪੋਰਟ ਕਰਨ ਦੀ ਤਿਆਰੀ ਵਿਚ
ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਮੋਹਸਿਨ ਦਾ ਜਨਮ ਪੱਛਮੀ ਗਾਜ਼ਾ ਦੇ ਇਕ ਰਫਿਊਜੀ ਕੈਂਪ ਵਿਚ ਹੋਇਆ ਅਤੇ ਉਹ ਪਿਛਲੇ 10 ਸਾਲ ਤੋਂ ਅਮਰੀਕਾ ਦਾ ਗਰੀਨ ਕਾਰਡ ਹੋਲਡਰ ਹੈ। ਮੋਹਸਿਨ ਤੋਂ ਪਹਿਲਾਂ ਮਹਿਮੂਦ ਖਲੀਲ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਉਹ ਵੀ ਗਰੀਨ ਕਾਰਡ ਹੋਲਡਰ ਹੈ। ਫਲਤੀਨ ਹਮਾਇਤੀ ਮੁਜ਼ਾਹਰਿਆਂ ਵਿਚ ਸ਼ਾਮਲ ਹੋਣ ਵਾਲੇ ਹੋਰਨਾਂ ਵਿਦਿਆਰਥੀਆਂ ਨੂੰ ਟੈਕਸਸ ਅਤੇ ਲੂਈਜ਼ਿਆਨਾ ਦੇ ਡਿਟੈਨਸ਼ਨ ਸੈਂਟਰਾਂ ਵਿਚ ਰੱਖਿਆ ਗਿਆ ਹੈ। ਦੂਜੇ ਪਾਸੇ ਟੈਕਸਸ ਦੇ ਮਾਰਸ਼ਲ ਕਸਬੇ ਵਿਚ ਰਹਿ ਰਹੇ ਕੌਮਾਤਰੀ ਵਿਦਿਆਰਥੀ ਅਦਿਤਯਾ ਵਾਹਯੂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨੂੰ ਜਾਰਜ ਫਲੌਇਡ ਦੀ ਮੌਤ ਮਗਰੋਂ ਹੋਏ ਰੋਸ ਵਿਖਾਵਿਆਂ ਵਿਚ ਸ਼ਮੂਲੀਅਤ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ। ਇੰਮੀਗ੍ਰੇਸ਼ਨ ਅਦਾਲਤ ਵਿਚ ਉਸ ਦੀ ਅਗਲੀ ਪੇਸ਼ 17 ਅਪ੍ਰੈਲ ਨੂੰ ਹੈ ਅਤੇ ਕੋਈ ਰਾਹਤ ਮਿਲਣ ਦੀ ਉਮੀਦ ਨਜ਼ਰ ਨਹੀਂ ਆਉਂਦੀ।
ਅਮਰੀਕਾ ਵਿਚੋਂ ਹਜ਼ਾਰਾਂ ਪ੍ਰਵਾਸੀਆਂ ਦਾ ਦਾਣਾ-ਪਾਣੀ ਖਤਮ
ਅਦਿਤਯਾ ਦੀ ਪਤਨੀ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਲੋਕਾਂ ਤੋਂ ਮਦਦ ਮੰਗੀ ਜਾ ਰਹੀ ਹੈ। ਉਸ ਨੇ ਦਲੀਲ ਦਿਤੀ ਹੈ ਕਿ 8 ਮਹੀਨੇ ਦੀ ਬੱਚੀ ਨੂੰ ਉਸ ਦੇ ਪਿਤਾ ਦੀ ਸਖ਼ਤ ਜ਼ਰੂਰਤ ਹੈ। ਦੱਸਿਆ ਜਾ ਰਿਹਾ ਹੈ ਕਿ ਆਦਿਤਯਾ ਦਾ ਸਟੂਡੈਂਟ ਵੀਜ਼ਾ 23 ਮਾਰਚ ਨੂੰ ਰੱਦ ਕਰਦਿਆਂ ਸੈਲਫ ਡਿਪੋਰਟ ਹੋਣ ਦੇ ਹੁਕਮ ਦਿਤੇ ਗਏ ਸਨ ਪਰ ਅਦਿਤਯਾ ਨੇ ਅਜਿਹਾ ਨਾ ਕੀਤਾ ਤਾਂ ਉਸ ਨੂੰ ਕੰਮ ਵਾਲੀ ਥਾਂ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਅਦਿਤਯਾ ਦੇ ਸਟੱਡੀ ਵੀਜ਼ਾ ਦੀ ਮਿਆਦ 13 ਜੂਨ 2026 ਤੱਕ ਸੀ ਅਤੇ ਸਾਊਥ ਵੈਸਟ ਮਿਨੇਸੋਟਾ ਸਟੇਟ ਯੂਨੀਵਰਸਿਟੀ ਵਿਚ ਬਿਜ਼ਨਸ ਐਡਮਨਿਸਟ੍ਰੇਸ਼ਨ ਐਂਡ ਮੈਨੇਜਮੈਂਟ ਦਾ ਕੋਰਸ ਕਰਨ ਪੁੱਜਾ।