ਸੈਲਫ਼ ਡਿਪੋਰਟ ਪ੍ਰਵਾਸੀਆਂ ਦਾ ਪਹਿਲਾ ਜਹਾਜ਼ ਅਮਰੀਕਾ ਤੋਂ ਰਵਾਨਾ

ਇਕ-ਇਕ ਹਜ਼ਾਰ ਡਾਲਰ ਦੇ ਡੈਬਿਟ ਕਾਰਡ ਲੈ ਕੇ 64 ਪ੍ਰਵਾਸੀਆਂ ਦਾ ਪਹਿਲਾ ਗਰੁੱਪ ਸੋਮਵਾਰ ਨੂੰ ਸੈਲਫ਼ ਡਿਪੋਰਟ ਹੋ ਗਿਆ।

Update: 2025-05-20 12:41 GMT

ਹਿਊਸਟਨ : ਇਕ-ਇਕ ਹਜ਼ਾਰ ਡਾਲਰ ਦੇ ਡੈਬਿਟ ਕਾਰਡ ਲੈ ਕੇ 64 ਪ੍ਰਵਾਸੀਆਂ ਦਾ ਪਹਿਲਾ ਗਰੁੱਪ ਸੋਮਵਾਰ ਨੂੰ ਸੈਲਫ਼ ਡਿਪੋਰਟ ਹੋ ਗਿਆ। ਟੈਕਸਸ ਦੇ ਹਿਊਸਟਨ ਹਵਾਈ ਅੱਡੇ ਤੋਂ ਰਵਾਨਾ ਹੋਏ ਜਹਾਜ਼ ਦੀ ਵੀਡੀਓ ਟਰੰਪ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਹੈ। ਸੈਲਫ਼ ਡਿਪੋਰਟ ਹੋਏ ਪ੍ਰਵਾਸੀਆਂ ਵਿਚ 19 ਬੱਚੇ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਭਵਿੱਖ ਵਿਚ ਕਿਸੇ ਦਿਨ ਅਮਰੀਕਾ ਆਉਣ ਦੀ ਇਜਾਜ਼ਤ ਦਿਤੇ ਜਾਣ ਦਾ ਲਾਰਾ ਵੀ ਲਾਇਆ ਗਿਆ ਹੈ। ਚਾਰ ਬੱਚੇ ਅਜਿਹੇ ਵੀ ਸਨ ਜਿਨ੍ਹਾਂ ਦਾ ਜਨਮ ਅਮਰੀਕਾ ਵਿਚ ਹੋਇਆ ਅਤੇ ਉਨ੍ਹਾਂ ਨੂੰ ਸਿਟੀਜ਼ਨਸ਼ਿਪ ਮਿਲ ਚੁੱਕੀ ਹੈ ਪਰ ਮਾਪਿਆਂ ਨੇ ਆਪਣੇ ਦਿਲ ਦੇ ਟੁਕੜਿਆਂ ਨੂੰ ਇਕੱਲਾ ਨਾ ਛੱਡਣ ਦਾ ਫੈਸਲਾ ਲਿਆ।

ਇਕ-ਇਕ ਹਜ਼ਾਰ ਡਾਲਰ ਵੱਟੇ ਅਮਰੀਕਾ ਛੱਡ ਗਏ 64 ਪ੍ਰਵਾਸੀ

ਟਰੰਪ ਸਰਕਾਰ ਨੂੰ ਮਹਿਸੂਸ ਹੋ ਚੁੱਕਾ ਹੈ ਕਿ ਪ੍ਰਵਾਸੀਆਂ ਦੇ ਸੈਲਫ਼ ਡਿਪੋਰਟ ਹੋਣ ਨਾਲ ਬੇਹੱਦ ਮਾਮੂਲੀ ਖਰਚਾ ਆਵੇਗਾ ਜਦਕਿ ਫੜ ਫੜ ਕੇ ਡਿਪੋਰਟ ਕਰਨ ’ਤੇ ਔਸਤਨ 17 ਹਜ਼ਾਰ ਡਾਲਰ ਪ੍ਰਤੀ ਪ੍ਰਵਾਸੀ ਖਰਚ ਕਰਨੇ ਪੈ ਰਹੇ ਹਨ। ਅਜਿਹੇ ਵਿਚ ਇਕ ਹਜ਼ਾਰ ਡਾਲਰ ਨਕਦ ਅਤੇ ਟਿਕਟ ਬੁੱਕ ਕਰਵਾਉਣ ਤੋਂ ਬਾਅਦ ਵੀ ਸਰਕਾਰ ਵੱਡੇ ਫਾਇਦੇ ਵਿਚ ਰਹੇਗੀ। ਗ੍ਰਹਿ ਸੁਰੱਖਿਆ ਵਿਭਾਗ ਮੁਤਾਬਕ ਨਵੀਂ ਸਕੀਮ ਰਾਹੀਂ ਪ੍ਰਵਾਸੀਆਂ ਦੀ ਫੜੋ ਫੜੀ ’ਤੇ ਹੋਣ ਵਾਲਾ 70 ਫੀ ਸਦੀ ਖਰਚਾ ਬਚਾਇਆ ਜਾ ਸਕਦਾ ਹੈ। ਜੋਅ ਬਾਇਡਨ ਦੇ ਕਾਰਜਕਾਲ ਵੇਲੇ ਸੀ.ਬੀ.ਪੀ. ਐਪ ਦੀ ਵਰਤੋਂ ਕਰਦਿਆਂ 9 ਲੱਖ 30 ਹਜ਼ਾਰ ਤੋਂ ਵੱਧ ਪ੍ਰਵਾਸੀ ਅਮਰੀਕਾ ਵਿਚ ਦਾਖਲ ਹੋਏ ਅਤੇ ਹੁਣ ਇਹ ਸਾਰੇ ਟਰੰਪ ਸਰਕਾਰ ਦੇ ਨਿਸ਼ਾਨੇ ’ਤੇ ਹਨ। ਦੂਜੇ ਪਾਸੇ ਡਿਪੋਰਟੇਸ਼ਨ ਹੁਕਮਾਂ ਦੇ ਬਾਵਜੂਦ ਅਮਰੀਕਾ ਛੱਡ ਕੇ ਜਾਣ ਤੋਂ ਨਾਂਹ ਕਰਨ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮੋਟੇ ਜੁਰਮਾਨੇ ਵੀ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਫਲੋਰੀਡਾ ਦੀ ਇਕ ਔਰਤ ਨੂੰ 18 ਲੱਖ ਡਾਲਰ ਡਾਲਰ ਜੁਰਮਾਨੇ ਦਾ ਨੋਟਿਯ ਪੁੱਜ ਗਿਆ ਜਿਸ ਨੂੰ ਡਿਪੋਰਟੇਸ਼ਨ ਹੁਕਮ ਜਾਰੀ ਹੋਣ ਤੋਂ ਹੁਣ ਤੱਕ ਰੋਜ਼ਾਨਾ 500 ਡਾਲਰ ਦੇ ਹਿਸਾਬ ਨਾਲ ਜੁਰਮਾਨਾ ਕੀਤਾ ਗਿਆ ਹੈ। ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਦੇ ਅੰਕੜਿਆਂ ਮੁਤਾਬਕ ਇੰਮੀਗ੍ਰੇਸ਼ਨ ਅਦਾਲਤਾਂ ਵੱਲੋਂ ਤਕਰੀਬਨ 14 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ।

ਟਰੰਪ ਸਰਕਾਰ ਨੇ ਬੱਚਿਆਂ ਨੂੰ ਤੋਹਫ਼ੇ ਦੇ ਕੇ ਰਵਾਨਾ ਕੀਤਾ

ਇੰਮੀਗ੍ਰੇਸ਼ਨ ਹਮਾਇਤੀ ਜਥੇਬੰਦੀਆਂ ਮੁਤਾਬਕ ਅਮਰੀਕਾ ਵਿਚ ਇਕ ਕਰੋੜ ਪ੍ਰਵਾਸੀ ਬਗੈਰ ਦਸਤਾਵੇਜ਼ਾਂ ਜਾਂ ਆਰਜ਼ੀ ਪਰਮਿਟ ’ਤੇ ਰਹਿ ਰਹੇ ਹਨ ਅਤੇ ਐਨੇ ਮੋਟੇ ਜੁਰਮਾਨੇ ਅਦਾ ਕਰਨਾ ਉਨ੍ਹਾਂ ਦੇ ਵਸ ਤੋਂ ਬਾਹਰ ਹੈ। ਦੱਸ ਦੇਈਏ ਕਿ ਅਮਰੀਕਾ ਵਿਚ 70 ਲੱਖ ਪ੍ਰਵਾਸੀ ਅਜਿਹੇ ਹਨ ਜੋ ਕਿਸੇ ਵੀ ਕਿਸਮ ਦਾ ਇੰਮੀਗ੍ਰੇਸ਼ਨ ਸਟੇਟਸ ਨਾ ਹੋਣ ਦੇ ਬਾਵਜੂਦ ਟੈਕਸ ਭਰਦੇ ਹਨ ਅਤੇ ਹਰ ਸਾਲ ਅਮਰੀਕਾ ਦੇ ਖ਼ਜ਼ਾਨੇ ਵਿਚ ਕਰੋੜਾਂ ਡਾਲਰ ਦਾ ਯੋਗਦਾਨ ਪਾ ਰਹੇ ਹਨ। ਉਧਰ ਹੌਂਡੁਰਸ ਦੇ ਉਪ ਵਿਦੇਸ਼ ਮੰਤਰੀ ਐਂਟੋਨੀਓ ਗਾਰਸੀਆ ਵੱਲੋਂ ਅਮਰੀਕਾ ਤੋਂ ਆਏ ਪ੍ਰਵਾਸੀਆਂ ਦਾ ਹਵਾਈ ਅੱਡੇ ’ਤੇ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਮਰੀਕਾ ਆਏ ਲੋਕਾਂ ਨੂੰ 100 ਡਾਲਰ ਨਕਦ ਅਤੇ ਬੁਨਿਆਦੀ ਜ਼ਰੂਰਤਾਂ ਵਾਲਾ ਸਮਾਨ ਵੇਚ ਰਹੀਆਂ ਦੁਕਾਨਾਂ ’ਤੇ 200 ਡਾਲਰ ਦੀ ਖਰੀਦਾਰੀ ਕਰਨ ਦੀ ਸਹੂਲਤ ਦਿਤੀ ਜਾ ਰਹੀ ਹੈ।

Tags:    

Similar News