17 ਸਤੰਬਰ, ਇੰਗਲੈਂਡ (ਗੁਰਜੀਤ ਕੌਰ)- ਬਾਹਰਲੇ ਮੁਲਕਾਂ ਦਾ ਰੁੱਖ ਕਰਨ ਵਾਲੇ ਭਾਰਤੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇੱਥੋਂ ਤੱਕ ਕਿ ਸੋਸ਼ਣ ਦਾ ਵੀ ਖਾਸ ਕਰ ਮਹਿਲਾਵਾਂ ਸਾਹਮਣਾ ਕਰਦੀਆਂ ਹਨ। ਗੱਲ ਕਰਦੇ ਹਾਂ ਇੰਗਲੈਂਡ ਦੇ ਸ਼ਹਿਰ ਲੈਸਟਰ ਦੀ। ਇਹ ਸ਼ਹਿਰ ਇੰਗਲੈਂਡ ਦੇ ਕੱਪੜਾ ਉਦਯੋਗ ਦਾ ਇੰਜਣ ਸੀ, ਜਿਸ ਵਿੱਚ ਰਿਟੇਲ ਦਿੱਗਜ ਨੈਕਸਟ ਸਣੇ ਕਈ ਕੰਪਨੀਆਂ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੰਦੀਆਂ ਸਨ, ਪਰ ਰੁਜ਼ਗਾਰ ਦੇ ਨਾਮ 'ਤੇ ਕਾਮਿਆਂ ਦਾ ਸੋਸ਼ਣ ਕੀਤਾ ਸੀ। ਕਾਮਿਆਂ ਦੀ ਮਜ਼ਬੂਰੀ ਦਾ ਫਾਇਦਾ ਚੁੱਕਦੇ ਹੋਏ ਉਨ੍ਹਾਂ ਨੂੰ ਬਹੁਤ ਹੀ ਘੱਟ ਰੇਟ 'ਤੇ ਰੱਖਿਆ ਜਾਂਦਾ ਸੀ। ਇਸ ਗੱਲ ਦਾ ਖੁਲਾਸਾ ਕੀਤਾ ਭਾਰਤ ਤੋਂ ਆਈ 61 ਸਾਲਾ ਪਰਮਜੀਤ ਕੌਰ ਨੇ ਜੋ ਕਿ ਆਪਣੇ ਪਤੀ ਹਰਵਿੰਦਰ ਸਿੰਘ ਨਾਲ ਮਿਲ ਕੇ ਲੈਸਟਰ ਦੀਆਂ ਕਈ ਕੰਪਨੀਆਂ ਵਿੱਚ ਸਿਲਾਈ ਮਸ਼ੀਨ ਆਪਰੇਟਰ ਵਜੋਂ ਕੰਮ ਕਰਦੀ ਸੀ।
ਜਦੋਂ ਉਹ 2015 ਵਿੱਚ ਉੱਥੇ ਪਹੁੰਚੀ ਸੀ ਤਾਂ ਉਸ ਸਮੇਂ ਕੱਪੜਾ ਫੈਕਟਰੀਆਂ ਵੱਲੋਂ ਗੁਜ਼ਾਰਾ ਮਜ਼ਦੂਰੀ ਤੋਂ ਘੱਟ ਭੁਗਤਾਨ ਕੀਤੇ ਜਾਣ ਬਾਰੇ ਚਿੰਤਾ ਵਧ ਰਹੀ ਸੀ। ਪਰਮਜੀਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਸੀ ਅਤੇ ਉਨ੍ਹਾਂ ਨੂੰ ਕੰਮ ਲੱਭਣ ਲਈ ਸੰਘਰਸ਼ ਕਰਨਾ ਪੈਂਦਾ ਸੀ, ਇਸ ਲਈ ਉਨ੍ਹਾਂ ਨੇ ਕਈ ਸਾਲਾਂ ਤੱਕ ਫੈਕਟਰੀਆਂ ਵਿੱਚ ਕੰਮ ਕੀਤਾ ਜਿੱਥੇ ਉਨ੍ਹਾਂ ਨੂੰ 3 ਪੌਂਡ ਤੋਂ 5 ਪੌਂਡ ਪ੍ਰਤੀ ਘੰਟਾ ਤਨਖਾਹ ਮਿਲਦੀ ਸੀ। ਉਨ੍ਹਾਂ ਦੱਸਿਆ ਕਿ ਕੁਝ ਰੁਜ਼ਗਾਰਦਾਤਾਵਾਂ ਨੇ ਇੱਕ ਕਾਗ਼ਜ਼ੀ ਕਾਰਵਾਈ ਕਰ ਕੇ ਆਪਣੀ ਪਛਾਣ ਲੁਕਾਈ। ਇੱਕ ਕੰਪਨੀ ਨੇ ਉਨ੍ਹਾਂ ਨੂੰ 5 ਪੌਂਡ ਪ੍ਰਤੀ ਘੰਟੇ ਦੇ ਰੇਟ 'ਤੇ ਕੰਮ ਕਰਨ ਲਈ ਕਿਹਾ ਅਤੇ ਹੋਰਨਾਂ ਨੇ ਉਨ੍ਹਾਂ ਨੂੰ ਛੁੱਟੀ ਜਾਂ ਬਿਮਾਰੀ ਕਾਰਨ ਹੋਈ ਛੁੱਟੀ ਦੀ ਕੋਈ ਤਨਖਾਹ ਨਹੀਂ ਦਿੱਤੀ।