ਈਲੌਨ ਮਸਕ ਦਾ ਟਰੰਪ ਨੇ ਕੀਤਾ ਝੱਗਾ ਚੌੜ

ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਅੱਖਾਂ ਦਾ ਤਾਰਾ ਮੰਨੇ ਜਾ ਰਹੇ ਈਲੌਨ ਮਸਕ ਸੰਭਾਵਤ ਤੌਰ ’ਤੇ ਟਰੰਪ ਦੀਆਂ ਅੱਖਾਂ ਵਿਚ ਰੜਕਣ ਲੱਗੇ ਅਤੇ ਚੋਣਾਂ ਤੋਂ ਪਹਿਲਾਂ ਸ਼ੁਰੂ ਹੋਈ ਦੋਸਤੀ, ਦੁਸ਼ਮਣੀ ਵਿਚ ਤਬਦੀਲ ਹੁੰਦੀ ਮਹਿਸੂਸ ਹੋ ਰਹੀ ਹੈ।

Update: 2025-05-28 12:31 GMT

ਵਾਸ਼ਿੰਗਟਨ : ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਅੱਖਾਂ ਦਾ ਤਾਰਾ ਮੰਨੇ ਜਾ ਰਹੇ ਈਲੌਨ ਮਸਕ ਸੰਭਾਵਤ ਤੌਰ ’ਤੇ ਟਰੰਪ ਦੀਆਂ ਅੱਖਾਂ ਵਿਚ ਰੜਕਣ ਲੱਗੇ ਅਤੇ ਚੋਣਾਂ ਤੋਂ ਪਹਿਲਾਂ ਸ਼ੁਰੂ ਹੋਈ ਦੋਸਤੀ, ਦੁਸ਼ਮਣੀ ਵਿਚ ਤਬਦੀਲ ਹੁੰਦੀ ਮਹਿਸੂਸ ਹੋ ਰਹੀ ਹੈ। ਜੀ ਹਾਂ, ਦੁਨੀਆਂ ਦੇ ਸਭ ਤੋਂ ਅਮੀਰ ਇਨਸਾਨ ਨੇ ਦੋਸ਼ ਲਾਇਆ ਹੈ ਕਿ ਦੂਜਿਆਂ ਦੀਆਂ ਨਾਕਾਮੀ ਦਾ ਦੋਸ਼ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫ਼ੀਸ਼ੀਐਂਸੀ ਦੇ ਸਿਰ ਮੜ੍ਹ ਦਿਤਾ ਗਿਆ। ਸਪੇਸ ਐਕਸ ਸਟਾਰਸ਼ਿਪ ਦੀ ਲੌਂਚਿੰਗ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਈਲੌਨ ਮਸਕ ਨੇ ਟਰੰਪ ’ਤੇ ਦਗਾ ਦੇਣ ਦਾ ਦੋਸ਼ ਵੀ ਲਾਇਆ।

ਦੁਨੀਆਂ ਦੇ ਸਭ ਤੋਂ ਅਮੀਰ ਇਨਸਾਨ ਨੇ ਸਿਆਸਤ ਤੋਂ ਕੀਤੀ ਤੌਬਾ

ਮਸਕ ਨੇ ਕਿਹਾ ਕਿ ਟਰੰਪ ਸਰਕਾਰ ਵੱਡੇ ਪੱਧਰ ’ਤੇ ਖਰਚਾ ਕਰ ਰਹੀ ਹੈ ਜਿਸ ਨਾਲ ਬਜਟ ਘਾਟਾ ਵਧਣਾ ਯਕੀਨੀ ਹੈ ਜਦਕਿ ‘ਡੌਜ’ ਨੂੰ ਖਰਚਾ ਘਟਾਉਣ ਵਾਸਤੇ ਹੋਂਦ ਵਿਚ ਲਿਆਂਦਾ ਗਿਆ ਸੀ। ਮਸਕ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਅਮਰੀਕਾ ਸਣੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਟੈਸਲਾ ਦੇ ਸ਼ੋਅਰੂਮ ਹਿੰਸਕ ਰੋਸ ਵਿਖਾਵਿਆਂ ਦਾ ਕੇਂਦਰ ਬਣ ਗਏ ਅਤੇ ਕੰਪਨੀ ਦੇ ਸ਼ੇਅਰਾਂ ਦੀਆਂ ਕੀਮਤਾਂ ਮੂਧੇ ਮੂੰਹ ਡਿੱਗੀਆਂ। ਟਰੰਪ ਦੇ ਖਰਚਾ ਬਿਲ ਨੂੰ ‘ਬਿੱਗ, ਬਿਊਟੀਫੁਲ ਬਿਲ’ ਕਰਾਰ ਦਿੰਦਿਆਂ ਮਸਕ ਨੇ ਕਿਹਾ ਕਿ ਵੱਡਾ ਅਤੇ ਸੋਹਣਾ ਦੋਵੇਂ ਚੀਜ਼ਾਂ ਹੋਣੀਆਂ ਮੁਸ਼ਕਲ ਹਨ ਅਤੇ ਇਹ ਮੇਰੀ ਨਿਜੀ ਰਾਏ ਹੈ। ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਨਵੇਂ ਬਿਲ ਰਾਹੀਂ ਅਮਰੀਕਾ ਸਿਰ ਚੜ੍ਹੇ ਕਰਜ਼ੇ ਵਿਚ 3.8 ਖਰਬ ਡਾਲਰ ਹੋਰ ਜੁੜ ਜਾਣਗੇ। ਇਸ ਵੇਲੇ ਅਮਰੀਕਾ ਸਿਰ ਕੁਲ ਕਰਜ਼ਾ 36 ਖਰਬ ਡਾਲਰ ਦੱਸਿਆ ਜਾ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਰਿਪਬਲਿਕਨ ਪਾਰਟੀ ਅਤੀਤ ਵਿਚ ਖਰਚਾ ਵਧਾਉਣ ਦਾ ਵਿਰੋਧ ਕਰਦੀ ਆਈ ਹੈ ਪਰ ਹੁਣ ਖੁੱਲ੍ਹੇ ਹੱਥਾਂ ਨਾਲ ਖਰਚਾ ਕਰਦਿਆਂ ਪੁਰਾਣੇ ਰਿਕਾਰਡ ਤੋੜੇ ਜਾ ਰਹੇ ਹਨ।

ਦਾਅਵਾ ਕੀਤਾ, ਹੋਰਨਾਂ ਦੀ ਨਾਕਾਮੀ ਉਨ੍ਹਾਂ ਦੇ ਸਿਰ ਮੜ੍ਹੀ ਗਈ

ਖਰਚਾ ਐਨਾ ਵਧੇਗਾ ਤਾਂ ਅਮਰੀਕਾ ਵਾਸੀਆਂ ਨੂੰ ਟੈਕਸ ਰਾਹਤ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਦਕਿ ਟਰੰਪ ਸਰਕਾਰ ਕਰੋੜਾਂ ਲੋਕਾਂ ਨੂੰ ਸੁਪਨੇ ਦਿਖਾ ਚੁੱਕੀ ਹੈ। ਮਸਕ ਨੇ ਆਪਣੇ ਦੁਖੜਾ ਸੁਣਾਉਂਦਿਆਂ ਕਿਹਾ ਕਿ ਸ਼ਾਇਦ ਉਨ੍ਹਾਂ ਨੇ ਸਿਆਸਤ ਵਿਚ ਜ਼ਰੂਰਤ ਤੋਂ ਜ਼ਿਆਦਾ ਸਮਾਂ ਖਰਚ ਕਰ ਦਿਤਾ। ਦਿਲਚਸਪ ਤੱਥ ਇਹ ਹੈ ਕਿ ਵਾਈਟ ਹਾਊਸ ਵਿਚ ਮਸਕ ਨੂੰ ‘ਫਸਟ ਬਡੀ’ ਦਾ ਖਿਤਾਬ ਦਿਤਾ ਗਿਆ ਸੀ ਅਤੇ ਉਹ ਟਰੰਪ ਦੇ ਸਭ ਤੋਂ ਚਹੇਤੇ ਮੰਨੇ ਜਾ ਰਹੇ ਸਨ ਪਰ ਕੁਝ ਹੀ ਮਹੀਨੇ ਵਿਚ ਹਾਲਾਤ ਵਸੋਂ ਬਾਹਰ ਹੋ ਗਏ। ਮਸਕ ਨੇ ਦਾਅਵਾ ਕੀਤਾ ਹੈ ਕਿ ਡੌਜ ਦੀ ਅਗਵਾਈ ਕਰਦਿਆਂ ਉਨ੍ਹਾਂ ਨੇ 160 ਅਰਬ ਡਾਲਰ ਦੀ ਬੱਚਤ ਕੀਤੀ ਪਰ ਇਸ ਗੱਲ ਦਾ ਜ਼ਿਕਰ ਕਰਨਾ ਭੁੱਲ ਗਏ ਕਿ 11 ਸਰਕਾਰੀ ਮਹਿਕਮਿਆਂ ਵਿਚੋਂ ਢਾਈ ਲੱਖ ਮੁਲਾਜ਼ਮਾਂ ਦੀ ਛਾਂਟੀ ਵੀ ਕੀਤੀ ਗਈ।

Tags:    

Similar News