ਯੂ.ਕੇ. ਵਿਚ ਸ਼ਰਾਬੀ ਗੋਰੇ ਨੇ ਭਾਰਤੀ ਔਰਤ ਨੂੰ ਕੱਢੀਆਂ ਗਾਲ੍ਹਾਂ
ਯੂ.ਕੇ. ਦੀ ਟ੍ਰੇਨ ਵਿਚ ਇਕ ਸ਼ਰਾਬੀ ਮੁਸਾਫ਼ਰ ਵੱਲੋਂ ਨਸਲੀ ਨਫ਼ਰਤ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਮੂਲ ਦੀ ਔਰਤ ਨੂੰ ਗਾਲ੍ਹਾਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ।;
ਲੰਡਨ : ਯੂ.ਕੇ. ਦੀ ਟ੍ਰੇਨ ਵਿਚ ਇਕ ਸ਼ਰਾਬੀ ਮੁਸਾਫ਼ਰ ਵੱਲੋਂ ਨਸਲੀ ਨਫ਼ਰਤ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਮੂਲ ਦੀ ਔਰਤ ਨੂੰ ਗਾਲ੍ਹਾਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਨਸਲੀ ਟਿੱਪਣੀਆਂ ਕਰਨ ਵਾਲਾ ਕਹਿ ਰਿਹਾ ਸੀ ਅੰਗਰੇਜ਼ਾਂ ਨੇ ਭਾਰਤ ’ਤੇ ਰਾਜ ਕੀਤਾ ਅਤੇ ਹੁਣ ਤੁਸੀਂ ਮੁੜ ਇਥੇ ਆ ਰਹੇ ਹੋ। ਮੀਡੀਆ ਰਿਪੋਰਟਾਂ ਮੁਤਾਬਕ ਗੈਬ੍ਰੀਅਲ ਫੌਰਸਿਥ ਆਪਣੇ ਦੋਸਤ ਨਾਲ ਗੱਲਾਂ ਕਰ ਰਹੀ ਸੀ ਜਦੋਂ ਪ੍ਰਵਾਸੀ ਸ਼ਬਦ ਸੁਣਦਿਆਂ ਹੀ ਸ਼ਰਾਬੀ ਮੁਸਾਫ਼ਰ ਭੜਕ ਗਿਆ ਅਤੇ ਉਚੀ ਆਵਾਜ਼ ਵਿਚ ਬੋਲਣਾ ਸ਼ੁਰੂ ਕਰ ਦਿਤਾ।
ਪ੍ਰਵਾਸੀ ਸ਼ਬਦ ਸੁਣ ਕੇ ਭੜਕ ਗਿਆ ਟ੍ਰੇਨ ਵਿਚ ਸਫ਼ਰ ਕਰ ਰਿਹਾ ਸ਼ਰਾਬੀ
ਸ਼ਰਾਬੀ ਨੇ ਇੰਗਲੈਂਡ ਵੱਲੋਂ ਪੂਰੀ ਦੁਨੀਆਂ ’ਤੇ ਕਾਬਜ਼ ਹੋਣ ਦਾ ਜ਼ਿਕਰ ਵੀ ਕੀਤਾ ਅਤੇ ਭਾਰਤੀ ਮੂਲ ਦੀ ਔਰਤ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਜੇ ਤੂੰ ਇੰਗਲੈਂਡ ਵਿਚ ਨਾ ਹੁੰਦੀ ਤਾਂ ਵੱਡੇ ਵੱਡੇ ਦਾਅਵੇ ਕਰਨ ਦੀ ਹਾਲਤ ਵਿਚ ਨਹੀਂ ਸੀ ਹੋਣਾ। ਅਸੀਂ ਭਾਰਤ ਜਿੱਤਿਆ ਪਰ ਇਸ ਨੂੰ ਆਪਣੇ ਕੋਲ ਰੱਖਣ ਦਾ ਇਰਾਦਾ ਛੱਡ ਦਿਤਾ ਜਿਸ ਕਰ ਕੇ ਭਾਰਤ ਨੂੰ ਆਜ਼ਾਦੀ ਹਾਸਲ ਹੋਈ। ਲੰਡਨ ਤੋਂ ਮੈਨਚੈਸਟਰ ਜਾਂਦਿਆਂ ਵਾਪਰੀ ਘਟਨਾ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਵਿਚ ਗੈਬ੍ਰੀਅਲ ਨੇ ਕਿਹਾ ਕਿ ਸ਼ਰਾਬੀ ਮੁਸਾਫ਼ਰ ਕੁਝ ਵੀ ਕਰ ਸਕਦਾ ਸੀ ਅਤੇ ਆਪਣੇ ਸੁਰੱਖਿਆ ਦੇ ਮੱਦੇਨਜ਼ਰ ਵੀਡੀਓ ਰਿਕਾਰਡ ਕਰਨੀ ਸ਼ੁਰੂ ਕਰ ਦਿਤੀ।
ਅੰਗਰੇਜ਼ਾਂ ਵੱਲੋਂ ਭਾਰਤ ਉਤੇ ਰਾਜ ਕਰਨ ਦੀ ਸ਼ੇਖੀ ਵੀ ਮਾਰੀ
ਚੇਤੇ ਰਹੇ ਕਿ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਵੀ ਕਿਸੇ ਵੇਲੇ ਨਸਲਵਾਦ ਦਾ ਟਾਕਰਾ ਕਰਨਾ ਪਿਆ। ਸਾਲ 2023 ਦੌਰਾਨ ਲੰਡਨ ਦੀ ਹੈਨਰੀ ਜੈਕਸਨ ਸੋਸਾਇਟੀ ਵੱਲੋਂ ਕੀਤੇ ਇਕ ਸਰਵੇਖਣ ਦੌਰਾਨ ਸਾਹਮਣੇ ਆਇਆ ਕਿ ਭਾਰਤੀ ਮੂਲ ਦੇ 50 ਫ਼ੀ ਸਦੀ ਤੋਂ ਵੱਧ ਬੱਚਿਆਂ ਨੂੰ ਸਕੂਲਾਂ ਵਿਚ ਨਸਲੀ ਨਫ਼ਰਤ ਦਾ ਟਾਕਰਾ ਕਰਨਾ ਪੈਂਦਾ ਹੈ। ਇਥੋਂ ਤੱਕ ਕਿ ਇੰਗਲੈਂਡ ਦੇ ਸ਼ਾਹੀ ਘਰਾਣੇ ਦੀ ਨੂੰਹ ਅਤੇ ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਰਕਲ ਵੀ ਮਹਿਲ ਵਿਚ ਨਸਲੀ ਟਿੱਪਣੀ ਦਾ ਟਾਕਰਾਂ ਕਰਨ ਦੇ ਦੋਸ਼ ਲਾ ਚੁੱਕੀ ਹੈ। ਮਹਿਲ ਵਿਚ ਕੰਮ ਕਰਨ ਵਾਲੇ ਇਕ ਮੁਲਾਜ਼ਮ ਨੇ ਉਨ੍ਹਾਂ ਦੇ ਬੱਚੇ ਬਾਰੇ ਟਿੱਪਣੀ ਕੀਤੀ ਸੀ।