ਅਮਰੀਕਾ ਵਿਚ 74 ਲੱਖ ਗੈਰਕਾਨੂੰਨੀ ਪ੍ਰਵਾਸੀਆਂ ਦੀ ਰਿਹਾਈ ’ਤੇ ਵਿਵਾਦ

ਅਮਰੀਕਾ ਵਿਚ ਚੋਣਾਂ ਦੇ ਰੌਲੇ-ਰੱਪੇ ਦਰਮਿਆਨ ਗੈਰਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਭਖ ਗਿਆ ਜਦੋਂ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਦਾਅਵਾ ਕਰ ਦਿਤਾ ਕਿ ਕਤਲ ਅਤੇ ਬਲਾਤਾਕਾਰ ਦੇ ਦੋਸ਼ੀ ਠਹਿਰਾਏ ਹਜ਼ਾਰਾਂ ਗੈਰਕਾਨੂੰਨੀ ਪ੍ਰਵਾਸੀ ਮੁਲਕ ਦੀਆਂ ਸੜਕਾਂ ’ਤੇ ਆਜ਼ਾਦ ਘੁੰਮ ਰਹੇ ਹਨ।

Update: 2024-09-28 09:19 GMT

ਵਾਸ਼ਿੰਗਟਨ : ਅਮਰੀਕਾ ਵਿਚ ਚੋਣਾਂ ਦੇ ਰੌਲੇ-ਰੱਪੇ ਦਰਮਿਆਨ ਗੈਰਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਭਖ ਗਿਆ ਜਦੋਂ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਦਾਅਵਾ ਕਰ ਦਿਤਾ ਕਿ ਕਤਲ ਅਤੇ ਬਲਾਤਾਕਾਰ ਦੇ ਦੋਸ਼ੀ ਠਹਿਰਾਏ ਹਜ਼ਾਰਾਂ ਗੈਰਕਾਨੂੰਨੀ ਪ੍ਰਵਾਸੀ ਮੁਲਕ ਦੀਆਂ ਸੜਕਾਂ ’ਤੇ ਆਜ਼ਾਦ ਘੁੰਮ ਰਹੇ ਹਨ। ਆਈ.ਸੀ.ਈ. ਦੇ ਅੰਕੜਿਆਂ ਮੁਤਾਬਕ 4 ਲੱਖ 25 ਹਜ਼ਾਰ ਦੋਸ਼ੀ ਕਰਾਰ ਦਿਤੇ ਗੈਕਰਾਨੂੰਨੀ ਪ੍ਰਵਾਸੀ ਇਸ ਵੇਲੇ ਹਿਰਾਸਤ ਵਿਚ ਨਹੀਂ ਅਤੇ ਸਵਾ ਦੋ ਲੱਖ ਪ੍ਰਵਾਸੀਆਂ ਵਿਰੁੱਧ ਅਪਰਾਧਕ ਮੁਕੱਦਮੇ ਚੱਲ ਰਹੇ ਹਨ। ‘ਫੌਕਸ ਨਿਊਜ਼’ ਦੀ ਰਿਪੋਰਟ ਮੁਤਾਬਕ ਮੈਕਸੀਕੋ ਜਾਂ ਕੈਨੇਡਾ ਦੇ ਬਾਰਡਰ ’ਤੇ ਹਿਰਾਸਤ ਵਿਚ ਲੈਣ ਮਗਰੋਂ ਆਜ਼ਾਦ ਕੀਤੇ ਪ੍ਰਵਾਸੀਆਂ ਦੀ ਗਿਣਤੀ 74 ਲੱਖ ’ਤੇ ਪੁੱਜ ਚੁੱਕੀ ਹੈ ਪਰ ਦੋਸ਼ੀ ਠਹਿਰਾਏ ਪ੍ਰਵਾਸੀਆਂ ਦੀ ਸਮਾਜ ਵਿਚ ਮੌਜੂਦਗੀ ਵੱਡਾ ਖਤਰਾ ਪੈਦਾ ਕਰ ਰਹੀ ਹੈ।

ਸੜਕਾਂ ’ਤੇ ਆਜ਼ਾਦ ਘੁੰਮ ਰਹੇ ਹਜ਼ਾਰਾਂ ਕਾਤਲ ਅਤੇ ਬਲਾਤਕਾਰੀ

ਕੁੱਟ ਮਾਰ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ 62 ਹਜ਼ਾਰ ਤੋਂ ਵੱਧ ਪ੍ਰਵਾਸੀ ਇਸ ਵੇਲੇ ਆਜ਼ਾਦ ਹਨ ਜਦਕਿ ਨਸ਼ਿਆਂ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ ਪ੍ਰਵਾਸੀਆਂ ਦੀ ਗਿਣਤੀ 57 ਹਜ਼ਾਰ ਦੱਸੀ ਜਾ ਰਹੀ ਹੈ। ਕਤਲ ਦੇ ਦੋਸ਼ੀਆਂ ਦੀ ਗਿਣਤੀ 13 ਹਜ਼ਾਰ ਤੋਂ ਵੱਧ ਹੈ ਅਤੇ ਸੈਕਸ਼ੁਅਲ ਅਸਾਲਟ ਦੇ ਮਾਮਲਿਆਂ ਵਿਚ ਦੋਸ਼ੀ ਠਹਿਰਾਏ ਪ੍ਰਵਾਸੀਆਂਦੀ ਗਿਣਤੀ 16 ਹਜ਼ਾਰ ਦੱਸੀ ਜਾ ਰਹੀ ਹੈ। ਚੋਰੀ ਅਤੇ ਲੁੱਟ ਦੇ ਮਾਮਲਿਆਂ ਵਿਚ ਦੋਸ਼ੀ ਕਰਾਰ ਦਿਤੇ 14 ਹਜ਼ਾਰ ਤੋਂ ਵੱਧ ਪ੍ਰਵਾਸੀ ਇੰਮੀਗ੍ਰੇਸ਼ਨ ਹਿਰਾਸਤ ਤੋਂ ਆਜ਼ਾਦ ਹਨ ਅਤੇ ਇਸ ਦਾ ਜ਼ਿੰਮੇਵਾਰ ਉਨ੍ਹਾਂ ਸ਼ਹਿਰਾਂ ਨੂੰ ਵੀ ਠਹਿਰਾਇਆ ਜਾ ਰਿਹਾ ਹੈ ਜੋ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਅਤੇ ਉਨ੍ਹਾਂ ਨੂੰ ਡਿਪੋਰਟ ਕਰਨ ਵਿਚ ਆਈ.ਸੀ.ਈ. ਦੀ ਮਦਦ ਨਹੀਂ ਕਰਦੇ। ਦੂਜੇ ਪਾਸੇ ਕਮਲਾ ਹੈਰਿਸ ਅਤੇ ਡੌਨਲਡ ਟਰੰਪ ਵਿਚਾਲੇ ਇੰਮੀਗ੍ਰੇਸ਼ਨ ਦੇ ਮੁੱਦੇ ’ਤੇ ਸ਼ਬਦੀ ਜੰਗ ਤੇਜ਼ ਹੋ ਚੁੱਕੀ ਹੈ। ਕਮਲਾ ਹੈਰਿਸ ਨੇ ਰਿਪਬਲਿਕਨ ਉਮੀਦਵਾਰ ’ਤੇ ਸਿਆਸੀ ਨਾਟਕ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਰਾਸ਼ਟਰਪਤੀ ਚੁਣੇ ਜਾਣ ’ਤੇ ਉਹ ਸਮੱਸਿਆ ਦਾ ਕਾਰਗਰ ਹੱਲ ਲੱਭਣਗੇ।

ਆਈ.ਸੀ. ਨੇ ਜਾਰੀ ਕੀਤੇ ਹੈਰਾਨਕੁੰਨ ਅੰਕੜੇ

ਐਰੀਜ਼ੋਨਾ ਸੂਬੇ ਵਿਚ ਅਮਰੀਕਾ-ਮੈਕਸੀਕੋ ਬਾਰਡਰ ਦੀ ਫੇਰੀ ਮਗਰੋਂ ਉਨ੍ਹਾਂ ਕਿਹਾ ਕਿ ਕਈ ਵਰਿ੍ਹਆਂ ਤੋਂ ਅਮਰੀਕਾ ਵਿਚ ਰਹਿ ਰਹੇ ਮਿਹਨਤੀ ਪ੍ਰਵਾਸੀਆਂ ਲਈ ਸਿਟੀਜ਼ਨਸ਼ਿਪ ਦਾ ਰਾਹ ਪੱਧਰਾ ਕੀਤਾ ਜਾਵੇਗਾ। ਬਿਨਾਂ ਸ਼ੱਕ ਗੈਰਕਾਨੂੰਨੀ ਪ੍ਰਵਾਸ ਚੋਣਾਂ ਦੌਰਾਨ ਹਰ ਵਾਰ ਭਖਦਾ ਮੁੱਦਾ ਹੁੰਦਾ ਹੈ ਅਤੇ ਕਮਲਾ ਹੈਰਿਸ ਨੇ ਡੌਨਲਡ ਟਰੰਪ ਦੇ ਕਾਰਜਕਾਲ ਵਾਲੇ ਚਾਰ ਵਰਿ੍ਹਆਂ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਇੰਮੀਗ੍ਰੇਸ਼ਨ ਅਦਾਲਤਾਂ ਵਿਚ ਜੱਜਾਂ ਦੀ ਘਾਟ ਦੂਰ ਕਰਨ ਵਾਸਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਇੰਮੀਗ੍ਰੇਸ਼ਨ ਪ੍ਰਣਾਲੀ ਨੂੰ ਨਵਾਂ ਰੂਪ ਦੇਣ ਵੱਲ ਕੋਈ ਧਿਆਨ ਨਹੀਂ ਦਿਤਾ ਗਿਆ। ਕਮਲਾ ਹੈਰਿਸ ਨੇ ਕਿਹਾ ਕਿ ਟਰੰਪ ਕਿਸੇ ਸਮੱਸਿਆ ਨੂੰ ਸੁਲਝਾਉਣ ਦੀ ਬਜਾਏ ਉਸ ਕਾਇਮ ਰੱਖਣਾ ਜ਼ਿਆਦਾ ਪਸੰਦ ਕਰਦੇ ਹਨ। ਇਸੇ ਦੌਰਾਨ ਡੌਨਲਡ ਟਰੰਪ ਨੇ ਦੋਸ਼ ਲਾਇਆ ਕਿ ਪਿਛਲੇ ਚਾਰ ਸਾਲ ਵਿਚ ਕਮਲਾ ਹੈਰਿਸ ਇਥੇ ਨਜ਼ਰ ਨਹੀਂ ਆਈ ਅਤੇ ਹੁਣ ਚੋਣਾਂ ਮੌਕੇ ਆਉਣ ਦਾ ਕੀ ਫਾਇਦਾ। ਟਰੰਪ ਨੇ ਦੋਸ਼ ਲਾਇਆ ਕਿ ਕਮਲਾ ਹੈਰਿਸ ਅਹੁਦਾ ਸੰਭਾਲਣ ਮੌਕੇ ਚੁੱਕੀ ਸਹੁੰ ਨਾਲ ਗੱਦਾਰੀ ਕੀਤੀ ਹੈ।

Tags:    

Similar News