ਏਅਰ ਇੰਡੀਆ ਯਾਤਰੀ ਦੇ ਖਾਣੇ ’ਚੋਂ ਨਿਕਲਿਆ ਕਾਕਰੋਚ
ਦਿੱਲੀ ਤੋਂ ਨਿਊਯਾਰਕ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਹਵਾਈ ਕੰਪਨੀ ਵੱਲੋਂ ਯਾਤਰੀਆਂ ਨੂੰ ਪਰੋਸੇ ਗਏ ਨਾਸ਼ਤੇ ਵਿਚੋਂ ਕਾਕਰੋਚ ਮਿਲਿਆ। ਇਸ ਤੋਂ ਬਾਅਦ ਉਸ ਮਹਿਲਾ ਯਾਤਰੀ ਅਤੇ ਉਸ ਦੇ ਬੇਟੇ ਨੂੰ ਫੂਡ ਪਾਇਜ਼ਨਿੰਗ ਹੋ ਗਈ ਅਤੇ ਉਲਟੀਆਂ ਲੱਗ ਗਈਆਂ।;
ਨਿਊਯਾਰਕ : ਦਿੱਲੀ ਤੋਂ ਨਿਊਯਾਰਕ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਹਵਾਈ ਕੰਪਨੀ ਵੱਲੋਂ ਯਾਤਰੀਆਂ ਨੂੰ ਪਰੋਸੇ ਗਏ ਨਾਸ਼ਤੇ ਵਿਚੋਂ ਕਾਕਰੋਚ ਮਿਲਿਆ। ਇਸ ਤੋਂ ਬਾਅਦ ਉਸ ਮਹਿਲਾ ਯਾਤਰੀ ਅਤੇ ਉਸ ਦੇ ਬੇਟੇ ਨੂੰ ਫੂਡ ਪਾਇਜ਼ਨਿੰਗ ਹੋ ਗਈ ਅਤੇ ਉਲਟੀਆਂ ਲੱਗ ਗਈਆਂ। ਇਸ ਘਟਨਾ ਮਗਰੋਂ ਔਰਤ ਨੇ ਆਖਿਆ ਕਿ ਉਹ ਹੁਣ ਕਦੇ ਵੀ ਏਅਰ ਇੰਡੀਆ ਦੇ ਜਹਾਜ਼ ਵਿਚ ਸਫ਼ਰ ਨਹੀਂ ਕਰੇਗੀ।
ਰੇਲ ਗੱਡੀਆਂ ਵਿਚ ਖ਼ਰਾਬ ਖਾਣਾ ਪਰੋਸੇ ਜਾਣ ਦੀਆਂ ਖ਼ਬਰਾਂ ਤਾਂ ਆਮ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ ਪਰ ਅਜਿਹਾ ਲੱਖਾਂ ਰੁਪਏ ਕਿਰਾਇਆ ਵਸੂਲਣ ਵਾਲੇ ਜਹਾਜ਼ਾਂ ਵਿਚ ਵੀ ਹੋਵੇਗਾ, ਕਦੇ ਸੋਚਿਆ ਨਹੀਂ ਸੀ। ਅਜਿਹਾ ਮਾਮਲਾ ਦਿੱਲੀ ਤੋਂ ਨਿਊਯਾਰਕ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਵਿਚ ਉਸ ਸਮੇਂ ਸਾਹਮਣੇ ਆਇਆ ਜਦੋਂ ਇਕ ਮਹਿਲਾ ਯਾਤਰੀ ਦੇ ਖਾਣੇ ਵਿਚੋਂ ਕਾਕਰੋਚ ਨਿਕਲ ਆਇਆ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਜਹਾਜ਼ ਵਿਚ ਮੌਜੂਦ ਸਵਾਰੀਆਂ ਵਿਚ ਰੌਲਾ ਪੈ ਗਿਆ। ਭਾਵੇਂ ਕਿ ਇਸ ਘਟਨਾ ਤੋਂ ਬਾਅਦ ਏਅਰ ਇੰਡੀਆ ਵੱਲੋਂ ਤੁਰੰਤ ਮੁਆਫ਼ੀ ਮੰਗ ਲਈ ਗਈ ਅਤੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਗੁੱਸੇ ਵਿਚ ਆਈ ਔਰਤ ਨੇ ਸਾਫ਼ ਤੌਰ ’ਤੇ ਆਖ ਦਿੱਤਾ ਕਿ ਉਹ ਹੁਣ ਕਦੇ ਵੀ ਏਅਰ ਇੰਡੀਆ ਦੇ ਜਹਾਜ਼ ਵਿਚ ਸਫ਼ਰ ਨਹੀਂ ਕਰੇਗੀ। ਜਾਣਕਾਰੀ ਅਨੁਸਾਰ ਇਹ ਘਟਨਾ 17 ਸਤੰਬਰ ਦੀ ਦੱਸੀ ਜਾ ਰਹੀ ਐ।
ਇਸ ਘਟਨਾ ਮਗਰੋਂ ਸੁਇਸ਼ਾ ਸਾਵੰਤ ਨਾਂਅ ਦੀ ਔਰਤ ਨੇ ਇੰਸਟਾਗ੍ਰਾਮ ’ਤੇ ਪੋਸਟ ਸ਼ੇਅਰ ਕਰਕੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ। ਉਸ ਨੇ ਇਹ ਵੀ ਦੱਸਿਆ ਕਿ ਇਸ ਘਟਨਾ ਮਗਰੋਂ ਉਸ ਨੂੰ ਅਤੇ ਉਸ ਦੇ ਦੋ ਸਾਲਾਂ ਦੇ ਬੱਚੇ ਨੂੰ ਫੂਡ ਪੁਆਇਜ਼ਨਿੰਗ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ ਸੀ। ਦਰਅਸਲ ਸੁਇਸ਼ਾ ਸਾਵੰਤ ਆਪਣੇ ਦੋ ਸਾਲਾਂ ਦੇ ਬੇਟੇ ਨਾਲ ਏਅਰ ਇੰਡੀਆ ਦੇ ਜਹਾਜ਼ ਰਾਹੀਂ ਦਿੱਲੀ ਤੋਂ ਨਿਊਯਾਰਕ ਜਾ ਰਹੀ ਸੀ।
ਇਸ ਦੌਰਾਨ ਹਵਾਈ ਕੰਪਨੀ ਵੱਲੋਂ ਉਨ੍ਹਾਂ ਨੂੰ ਨਾਸ਼ਤੇ ਵਿਚ ਆਮਲੇਟ ਪਰੋਸਿਆ ਗਿਆ। ਉਸ ਨੇ ਆਪਣੇ ਬੇਟੇ ਦੇ ਨਾਲ ਨਾਸ਼ਤਾ ਖਾਣਾ ਸ਼ੁਰੂ ਕੀਤਾ ਪਰ ਉਨ੍ਹਾਂ ਨੇ ਹਾਲੇ ਅੱਧਾ ਨਾਸ਼ਤਾ ਹੀ ਕੀਤਾ ਸੀ ਕਿ ਆਮਲੇਟ ਵਿਖ ਕਾਕਰੋਚ ਦਿਸ ਗਿਆ। ਸਾਵੰਤ ਦੇ ਕਹਿਣ ਮੁਤਾਬਕ ਇਸ ਤੋਂ ਬਾਅਦ ਉਹ ਘਬਰਾ ਗਈ, ਉਸ ਦੇ ਪੇਟ ਵਿਚ ਦਰਦ ਹੋਣ ਲੱਗ ਪਿਆ। ਉਸ ਨੂੰ ਅਤੇ ਉਸ ਦੇ ਬੇਟੇ ਨੂੰ ਫੂਡ ਪੁਆਇਜ਼ਨਿੰਗ ਹੋ ਗਈ।
ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਅਕਸਰ ਏਅਰ ਇੰਡੀਆ ਵਿਚ ਹੀ ਸਫ਼ਰ ਕਰਦਾ ਏ। ਹਾਲਾਂਕਿ ਉਨ੍ਹਾਂ ਨੇ ਪਹਿਲਾਂ ਵੀ ਕਈ ਵਾਰ ਕਾਫ਼ੀ ਪਰੇਸ਼ਾਨੀ ਝੱਲੀ ਐ ਪਰ ਹੁਣ ਕਾਕਰੋਚ ਵਾਲਾ ਮਾਮਲਾ ਤਾਂ ਕੁੱਝ ਜ਼ਿਆਦਾ ਹੀ ਹੋ ਗਿਆ। ਪੀੜਤ ਔਰਤ ਨੇ ਆਖਿਆ ਕਿ ਹੁਣ ਤਾਂ ਸਾਨੂੰ ਏਅਰ ਇੰਡੀਆ ਵਿਚ ਸਫ਼ਰ ਕਰਨ ਤੋਂ ਵੀ ਡਰ ਲੱਗਣ ਲੱਗ ਪਿਆ ਏ। ਜਿਵੇਂ ਹੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਅਪਲੋਡ ਹੋਈ ਤਾਂ ਲੋਕਾਂ ਵੱਲੋਂ ਏਅਰ ਇੰਡੀਆ ਨੂੰ ਜਮ ਕੇ ਲਾਹਣਤਾਂ ਪਾਈਆਂ ਜਾ ਰਹੀਆਂ ਨੇ।
ਦੱਸ ਦਈਏ ਕਿ ਏਅਰ ਇੰਡੀਆ ਵਾਪਰੀ ਇਹ ਕੋਈ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਇਸੇ ਸਾਲ 16 ਜੂਨ ਨੂੰ ਏਅਰ ਇੰਡੀਆ ਦੀ ਇੰਟਰਨੈਸ਼ਨਲ ਫਲਾਈਟ ਵਿਚ ਇਕ ਯਾਤਰੀ ਦੇ ਖਾਣੇ ਵਿਚੋਂ ਬਲੇਡ ਮਿਲਿਆ ਸੀ, ਜਿਸ ਤੋਂ ਬਾਅਦ ਏਅਰ ਇੰਡੀਆ ਨੂੰ ਮੁਆਫ਼ੀ ਮੰਗਣੀ ਪਈ ਸੀ। ਦਰਅਸਲ ਮੈਥੂਰੇਸ ਪਾਲ ਨਾਂਅ ਦਾ ਇਕ ਯਾਤਰੀ ਏਅਰ ਇੰਡੀਆ ਦੀ ਫਲਾਈਟ ਰਾਹੀਂ ਬੰਗਲੁਰੂ ਤੋਂ ਸਨ ਫਰਾਂਸਿਸਕੋ ਜਾ ਰਿਹਾ ਸੀ ਜਦੋਂ ਹਵਾਈ ਕੰਪਨੀ ਵੱਲੋਂ ਪਰੋਸੇ ਗਏ ਉਸ ਦੇ ਖਾਣੇ ਵਿਚੋਂ ਬਲੇਕ ਨਿਕਲ ਆਇਆ, ਉਸ ਨੇ ਤੁਰੰਤ ਇਸ ਦੀ ਪੋਸਟ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤੀ ਸੀ। ਉਸ ਸਮੇਂ ਵੀ ਹਜ਼ਾਰਾਂ ਲੋਕਾਂ ਵੱਲੋਂ ਏਅਰ ਇੰਡੀਆ ਨੂੰ ਕਾਫ਼ੀ ਲਾਹਣਤਾਂ ਪਾਈਆਂ ਗਈਆਂ ਸੀ, ਪਰ ਹੁਣ ਦੇਖਣਾ ਇਹ ਹੋਵੇਗਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਏਅਰ ਇੰਡੀਆ ਵੱਲੋਂ ਹੁਣ ਕੀ ਕਦਮ ਉਠਾਇਆ ਜਾਵੇਗਾ।