ਅਮਰੀਕਾ ’ਚ 2 ਪੰਜਾਬੀਆਂ ਕੋਲੋਂ 40 ਮਿਲੀਅਨ ਡਾਲਰ ਦੀ ਕੋਕੀਨ ਬਰਾਮਦ
ਅਮਰੀਕਾ ਵਿਚ ਦੋ ਪੰਜਾਬੀਆਂ ਨੂੰ 4 ਕਰੋੜ ਡਾਲਰ ਮੁੱਲ ਦੀ ਕੋਕੀਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼ਿਕਾਗੋ : ਅਮਰੀਕਾ ਵਿਚ ਦੋ ਪੰਜਾਬੀਆਂ ਨੂੰ 4 ਕਰੋੜ ਡਾਲਰ ਮੁੱਲ ਦੀ ਕੋਕੀਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਲੀਨੌਇ ਸਟੇਟ ਪੁਲਿਸ ਨੇ ਦੱਸਿਆ ਕਿ ਆਇਓਵਾ ਸੂਬੇ ਦੀ ਸਰਹੱਦ ਨੇੜੇ ਇੰਟਰਸਟੇਟ 80 ’ਤੇ ਇਕ ਸੈਮੀ-ਟ੍ਰੇਲਰ ਦੀ ਤਲਾਸ਼ੀ ਦੌਰਾਨ 1146 ਪਾਊਂਡ ਕੋਕੀਨ ਬਰਾਮਦ ਕਰਦਿਆਂ ਕੈਨੇਡਾ ਦੇ ਉਨਟਾਰੀਓ ਸੂਬੇ ਨਾਲ ਸਬੰਧਤ ਵੰਸ਼ਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਵਿਰੁੱਧ ਵੱਖ ਵੱਖ ਦੋਸ਼ ਆਇਦ ਕਰ ਦਿਤੇ ਗਏ। ਇਲੀਨੌਇ ਸਟੇਟ ਪੁਲਿਸ ਦੇ ਡਾਇਰੈਕਟਰ ਬਰੈਂਡਨ ਕੈਲੀ ਨੇ ਦੱਸਿਆ ਕਿ ਆਪਣੀਆਂ ਕਮਿਊਨਿਟੀਜ਼ ਨੂੰ ਖਤਰਨਾਕ ਨਸ਼ਿਆਂ ਤੋਂ ਸੁਰੱਖਿਅਤ ਰੱਖਣ ਦੇ ਉਪਰਾਲੇ ਤਹਿਤ ਨਸ਼ਾ ਤਸਕਰਾਂ ਦੀ ਨਕੇਲ ਕਸੀ ਜਾ ਰਹੀ ਹੈ ਅਤੇ ਹਾਈਵੇਜ਼ ਤੋਂ ਲੰਘਦੇ ਟਰੱਕਾਂ ਦੀ ਤਲਾਸ਼ੀ ਲੈਣ ਦਾ ਸਿਲਸਿਲਾ ਜਾਰੀ ਹੈ।
ਉਨਟਾਰੀਓ ਨਾਲ ਸਬੰਧਤ ਨੇ ਵੰਸ਼ਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ
27 ਸਾਲ ਦੇ ਵੰਸ਼ਪ੍ਰੀਤ ਸਿੰਘ ਅਤੇ 36 ਸਾਲ ਦੇ ਮਨਪ੍ਰੀਤ ਸਿੰਘ ਨੂੰ ਅਦਾਲਤ ਵਿਚ ਪਹਿਲੀ ਪੇਸ਼ੀ ਹੋਣ ਤੱਕ ਹੈਨਰੀ ਕਾਊਂਟੀ ਦੀ ਜੇਲ ਵਿਚ ਰੱਖਿਆ ਗਿਆ ਹੈ। ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰਾਂ ਕੋਲੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ। ਟਰੱਕ ਡਰਾਈਵਰ ਵਜੋਂ ਕੰਮ ਕਰਦੇ ਕੁਝ ਨੌਜਵਾਨ ਰਾਤੋ-ਰਾਤ ਅਮੀਰ ਹੋਣ ਦੇ ਲਾਲਚ ਵਿਚ ਅਮਰੀਕਾ ਤੋਂ ਕੈਨੇਡਾ ਤੱਕ ਕੋਕੀਨ ਦੀ ਤਸਕਰੀ ਵਾਸਤੇ ਸਹਿਮਤ ਹੋ ਜਾਂਦੇ ਹਨ ਪਰ ਕਾਨੂੰਨ ਦੇ ਲੰਮੇ ਹੱਥ ਉਨ੍ਹਾਂ ਨੂੰ ਕਾਲ-ਕੋਠਰੀ ਵੱਲ ਖਿੱਚ ਕੇ ਲੈ ਜਾਂਦੇ ਹਨ। ਦੱਸ ਦੇਈਏ ਕਿ ਸਤੰਬਰ ਮਹੀਨੇ ਦੌਰਾਨ ਇੰਡਿਆਨਾ ਸੂਬੇ ਵਿਚ ਇਟੋਬੀਕੋ ਦੇ ਨਸੀਬ ਚਿਸ਼ਤੀ 300 ਪਾਊਂਡ ਕੋਕੀਨ ਸਣੇ ਕਾਬੂ ਕੀਤਾ ਗਿਆ। ਬੀਤੀ 15 ਅਕਤੂਬਰ ਨੂੰ ਪੀਲ ਰੀਜਨ ਨਾਲ ਸਬੰਧਤ 29 ਸਾਲ ਦੇ ਸੁਖਜਿੰਦਰ ਸਿੰਘ ਨੂੰ ਮਿਸ਼ੀਗਨ ਵਿਖੇ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਮੁਤਾਬਕ ਸੁਖਜਿੰਦਰ ਸਿੰਘ ਕੋਲੋਂ ਕਥਿਤ ਤੌਰ ’ਤੇ 16.5 ਮਿਲੀਅਨ ਡਾਲਰ ਦੀ ਕੋਕੀਨ ਬਰਾਮਦ ਕੀਤੀ ਗਈ।
ਟਰੱਕ ਦੀ ਤਲਾਸ਼ੀ ਦੌਰਾਨ ਇਲੀਨੌਇ ਸੂਬੇ ਵਿਚ ਫੜੀ 520 ਕਿਲੋ ਕੋਕੀਨ
ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਪਿਛਲੇ ਸਮੇਂ ਦੌਰਾਨ ਨਸ਼ਾ ਤਸਕਰਾਂ ਵਿਰੁੱਧ ਚਲਾਏ ‘ਆਪ੍ਰੇਸ਼ਨ ਡੈੱਡ ਐਂਡ’ ਦੌਰਾਨ 15 ਜਣਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿਚੋਂ ਪੰਜ ਕੈਨੇਡਾ ਨਾਲ ਸਬੰਧਤ ਸਨ। ਮੌਂਟਰੀਅਲ ਵਿਖੇ 19 ਕਿਲੋ ਨਸ਼ਿਆਂ ਦੀ ਕਥਿਤ ਡਿਲੀਵਰੀ ਦੌਰਾਨ ਕਾਬੂ ਕੀਤੇ 25 ਸਾਲ ਦੇ ਆਯੁਸ਼ ਸ਼ਰਮਾ ਦਾ ਨਾਂ ਵੀ ਅਮਰੀਕਾ ਵਿਚ ਕੀਤੀ ਕਾਰਵਾਈ ਦੌਰਾਨ ਸਾਹਮਣੇ ਆਇਆ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੌਨਲਡ ਟਰੰਪ ਕੈਨੇਡਾ ਤੋਂ ਆ ਰਹੀ ਫੈਂਟਾਨਿਲ ਦੀ ਤਸਕਰੀ ਬੰਦ ਕਰਵਾਉਣਾ ਚਾਹੁੰਦੇ ਹਨ ਪਰ ਅਮਰੀਕਾ ਤੋਂ ਟ੍ਰਾਂਸਪੋਰਟ ਟਰੱਕਾਂ ਰਾਹੀਂ ਕੈਨੇਡਾ ਪੁੱਜ ਰਹੀ ਕੋਕੀਨ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਮੈਕਸੀਕੋ ਵਿਚ ਵੱਡੇ ਵੱਡੇ ਨਸ਼ਾ ਤਸਕਰਾਂ ਵੱਲੋਂ ਕੁਇੰਟਲਾਂ ਦੇ ਹਿਸਾਬ ਨਾਲ ਕੋਕੀਨ, ਅਮਰੀਕਾ ਅਤੇ ਕੈਨੇਡਾ ਤੱਕ ਪਹੁੰਚਾਈ ਜਾ ਰਹੀ ਹੈ ਅਤੇ ਇਸ ਮਕਸਦ ਵਾਸਤੇ ਟਰੱਕ ਡਰਾਈਵਰਾਂ ਨੂੰ ਮੋਟੀ ਕਮਾਈ ਦਾ ਲਾਲਚ ਦਿਤਾ ਜਾਂਦਾ ਹੈ। ਅਮਰੀਕਾ ਦੇ ਵੱਖ ਵੱਖ ਰਾਜਾਂ ਵਿਚ ਵਰਤੀ ਜਾ ਰਹੀ ਚੌਕਸੀ ਸਦਕਾ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਨਸ਼ਿਆਂ ਨਾਲ ਭਰੇ ਕਈ ਟਰੱਕ ਫੜੇ ਜਾ ਚੁੱਕੇ ਹਨ ਜਦਕਿ ਦੂਜੇ ਪਾਸੇ ਸੀ.ਬੀ.ਐਸ.ਏ. ਵੱਲੋਂ 18 ਅਕਤੂਬਰ ਤੋਂ ਨਵੰਬਰ ਦੇ ਦੂਜੇ ਹਫ਼ਤੇ ਤੱਕ 246 ਕਿਲੋ ਨਸ਼ੀਲੇ ਪਦਾਰਥ ਵੱਖਰੇ ਤੌਰ ’ਤੇ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਕੀਮਤ 66 ਲੱਖ ਡਾਲਰ ਤੋਂ ਵੱਧ ਬਣਦੀ ਹੈ। ਤਿੰਨ ਬਰਾਮਦਗੀਆਂ ਬੀ.ਸੀ. ਨਾਲ ਲਗਦੀ ਸਰਹੱਦ ਤੋਂ ਕੀਤੀਆਂ ਗਈਆਂ ਜਿਥੇ ਟਰੱਕਾਂ ਦੇ ਵੱਖ ਵੱਖ ਹਿੱਸਿਆਂ ਵਿਚ ਨਸ਼ੇ ਲੁਕੋ ਕੇ ਰੱਖੇ ਗਏ ਸਨ।