ਚੀਨ ਵੱਲੋਂ ਅਮਰੀਕਾ ’ਤੇ ਮੋੜਵਾਂ ਵਾਰ
ਅਮਰੀਕਾ ਅਤੇ ਚੀਨ ਦਰਮਿਆਨ ਕਾਰੋਬਾਰੀ ਜੰਗ ਖਤਰਨਾਕ ਹੱਦ ਤੱਕ ਵਧ ਚੁੱਕੀ ਹੈ ਅਤੇ ਹੁਣ ਚੀਨ ਵੱਲੋਂ ਅਮਰੀਕਾ ਉਤੇ 125 ਫੀ ਸਦੀ ਟੈਰਿਫਸ ਲਾਉਣ ਦਾ ਐਲਾਨ ਕੀਤਾ ਗਿਆ ਹੈ।
ਬੀਜਿੰਗ : ਅਮਰੀਕਾ ਅਤੇ ਚੀਨ ਦਰਮਿਆਨ ਕਾਰੋਬਾਰੀ ਜੰਗ ਖਤਰਨਾਕ ਹੱਦ ਤੱਕ ਵਧ ਚੁੱਕੀ ਹੈ ਅਤੇ ਹੁਣ ਚੀਨ ਵੱਲੋਂ ਅਮਰੀਕਾ ਉਤੇ 125 ਫੀ ਸਦੀ ਟੈਰਿਫਸ ਲਾਉਣ ਦਾ ਐਲਾਨ ਕੀਤਾ ਗਿਆ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਕਿਸੇ ਤੋਂ ਡਰਦਾ ਨਹੀਂ ਅਤੇ ਪਿਛਲੇ 70 ਸਾਲ ਵਿਚ ਹੋਈ ਤਰੱਕੀ ਸਖਤ ਮਿਹਨਤ ਅਤੇ ਆਪਣੇ ਆਪ ’ਤੇ ਨਿਰਭਰ ਰਹਿਣ ਦਾ ਨਤੀਜਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਰੋਬਾਰੀ ਜੰਗ ਵਿਚ ਕੋਈ ਜੇਤੂ ਨਹੀਂ ਰਹਿ ਸਕਦਾ। ਦੁਨੀਆਂ ਵਿਰੁੱਧ ਫੈਸਲਿਆਂ ਦਾ ਮਤਲਬ ਹੈ ਆਪਣੇ ਵਿਰੁੱਧ ਫੈਸਲੇ ਲੈਣਾ। ਜਿਨਪਿੰਗ ਨੇ ਇਹ ਟਿੱਪਣੀਆਂ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨਾਲ ਮੁਲਾਕਾਤ ਦੌਰਾਨ ਕੀਤੀਆਂ। ਟਰੰਪ ਵੱਲੋਂ ਟੈਰਿਫਸ ਦੇ ਐਲਾਲ ਮਗਰੋਂ ਚੀਨ ਦੌਰੇ ’ਤੇ ਜਾਣ ਵਾਲੇ ਸਾਂਚੇਜ਼ ਪਹਿਲੇ ਯੂਰਪੀ ਆਗੂ ਹਨ।
ਟੈਰਿਫਸ ਵਧਾ ਕੇ 125 ਫੀ ਸਦੀ ਕੀਤੀਆਂ
ਸਾਂਚੇਜ਼ ਨੇ 8 ਅਪ੍ਰੈਲ ਨੂੰ ਹੀ ਆਖ ਦਿਤਾ ਸੀ ਕਿ ਅਮਰੀਕਾ ਦੀਆਂ ਟੈਰਿਫਸ ਕਰ ਕੇ ਯੂਰਪ ਨਵੇਂ ਬਾਜ਼ਾਰ ਦੀ ਭਾਲ ਕਰ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਡੌਨਲਡ ਟਰੰਪ ਵੱਲੋਂ ਚੀਨ ਉਤੇ ਲਾਗੂ ਟੈਰਿਫਸ ਨੂੰ 125 ਫੀ ਸਦੀ ਤੋਂ ਵਧਾ ਕੇ 145 ਫੀ ਸਦੀ ਕੀਤਾ ਜਾ ਚੁੱਕਾ ਹੈ। ਵਾਈਟ ਹਾਊਸ ਨੇ ਕਿਹਾ ਕਿ ਨਵੀਆਂ ਦਰਾਂਵਿਚ 20 ਫੀ ਸਦੀ ਫੈਂਟਾਨਿਲ ਟੈਰਿਫ ਵੀ ਸ਼ਾਮਲ ਹੈ ਜੋ ਮਾਰਚ 2025 ਤੋਂ ਲਾਗੂ ਕੀਤਾ ਗਿਆ। ਟਰੰਪ ਵੱਲੋਂ ਚੀਨ ਤੋਂ ਹੋ ਰਹੀ ਫੈਂਟਾਨਿਲ ਤਸਕਰੀ ਦੇ ਮੁੱਦੇ ’ਤੇ 4 ਮਾਰਚ ਨੂੰ 20 ਫੀ ਸਦੀ ਟੈਰਿਫਸ ਲਾਗੂ ਕੀਤੀਆਂ ਸਨ ਅਤੇ ਹੁਣ ਤੱਕ ਇਨ੍ਹਾਂ ਨੂੰ ਵੱਖਰੇ ਤੌਰ ’ਤੇ ਹੀ ਗਿਣਿਆ ਜਾ ਰਿਹਾ ਸੀ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਟਰੰਪ ਦੇ ਤਾਨਾਸ਼ਾਹੀ ਫੈਸਲੇ ਅਤੇ ਚੀਨ ਵੱਲੋਂ ਵੀ ਟੈਰਿਫਸ ਵਿਚ ਬਰਾਬਰ ਦਾ ਵਾਧਾ ਕੌਮਾਂਤਰੀ ਕਾਰੋਬਾਰ ਵਾਸਤੇ ਬੇਹੱਦ ਖ਼ਤਰਨਾਕ ਸਿੱਟੇ ਲਿਆ ਸਕਦਾ ਹੈ।