ਟਰੰਪ ਦੇ ਡਰੋਂ ਬੱਚਿਆਂ ਨੇ ਸਕੂਲ ਜਾਣਾ ਛੱਡਿਆ
ਅਮਰੀਕਾ ਵਿਚ ਸਕੂਲ ਬੱਸਾਂ ਨੂੰ ਘੇਰ ਕੇ ਬੱਚਿਆਂ ਦਾ ਇੰਮੀਗ੍ਰੇਸ਼ਨ ਸਟੇਟਸ ਪੁੱਛਣ ਅਤੇ ਗੈਰਕਾਨੂੰਨੀ ਤਰੀਕੇ ਨਾਲ ਮੁਲਕ ਵਿਚ ਮੌਜੂਦ ਬੱਚਿਆਂ ਨੂੰ ਫੜ ਕੇ ਲਿਜਾਣ ਦੀ ਤਿਆਰੀ ਮੁਕੰਮਲ ਹੋਣ ਦੀ ਰਿਪੋਰਟ ਹੈ।
ਟੈਕਸਸ : ਅਮਰੀਕਾ ਵਿਚ ਸਕੂਲ ਬੱਸਾਂ ਨੂੰ ਘੇਰ ਕੇ ਬੱਚਿਆਂ ਦਾ ਇੰਮੀਗ੍ਰੇਸ਼ਨ ਸਟੇਟਸ ਪੁੱਛਣ ਅਤੇ ਗੈਰਕਾਨੂੰਨੀ ਤਰੀਕੇ ਨਾਲ ਮੁਲਕ ਵਿਚ ਮੌਜੂਦ ਬੱਚਿਆਂ ਨੂੰ ਫੜ ਕੇ ਲਿਜਾਣ ਦੀ ਤਿਆਰੀ ਮੁਕੰਮਲ ਹੋਣ ਦੀ ਰਿਪੋਰਟ ਹੈ। ਇਕ ਅੰਦਾਜ਼ੇ ਮੁਤਾਬਕ ਅਮਰੀਕਾ ਵਿਚ 40 ਲੱਖ ਤੋਂ ਵੱਧ ਸਕੂਲ ਜਾਂਦੇ ਬੱਚੇ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ ਅਤੇ ਇੰਮੀਗ੍ਰੇਸ਼ਨ ਛਾਪਿਆਂ ਦੇ ਡਰੋਂ ਮਾਪਿਆਂ ਵਿਚ ਘਬਰਾਹਟ ਵਾਲਾ ਮਾਹੌਲ ਹੈ। ਕੈਲੇਫੋਰਨੀਆਂ ਦੇ ਫਰਿਜ਼ਨੋ ਵਿਖੇ ਇੰਮੀਗ੍ਰੇਸ਼ਨ ਛਾਪਿਆਂ ਦੀ ਅਫ਼ਵਾਹ ਉਡ ਗਈ ਪਰ ਕੋਲੋਰਾਡੋ ਦੇ ਡੈਨਵਰ ਵਿਖੇ ਇੰਮੀਗ੍ਰੇਸ਼ਨ ਛਾਪੇ ਕਾਰਨ ਅੱਧੇ ਤੋਂ ਵੱਧ ਬੱਚਿਆਂ ਨੇ ਸਕੂਲ ਜਾਣਾ ਛੱਡ ਦਿਤਾ। ਕਈ ਰਾਜਾਂ ਵਿਚ ਪ੍ਰਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਬੇਖੌਫ ਹੋ ਕੇ ਬੱਚਿਆਂ ਨੂੰ ਸਕੂਲ ਭੇਜਣ ਪਰ ਓਕਲਾਹੋਮਾ ਅਤੇ ਟੈਨੇਸੀ ਵਰਗੇ ਰਾਜਾਂ ਵਿਚ ਰਿਪਬਲਿਕਨ ਪਾਰਟੀ ਦੇ ਆਗੂ ਗੈਰਕਾਨੂੰਨੀ ਪ੍ਰਵਾਸੀਆਂ ਦੇ ਬੱਚਿਆਂ ਦੀ ਸਕੂਲਾਂ ਵਿਚ ਹਾਜ਼ਰੀ ਮੁਕੰਮਲ ਤੌਰ ’ਤੇ ਬੰਦ ਕਰਵਾਉਣਾ ਚਾਹੁੰਦੇ ਹਨ। ਟੈਕਸਸ ਦੇ ਐਲਿਸ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ ਵੱਲੋਂ ਮਾਪਿਆਂ ਨੂੰ ਖਾਸ ਤੌਰ ’ਤੇ ਸੁਨੇਹਾ ਭੇਜਿਆ ਗਿਆ ਕਿ ਫੀਲਡ ਟ੍ਰਿਪ ’ਤੇ ਜਾਣ ਵਾਲੀਆਂ ਸਕੂਲ ਬੱਸਾਂ ਨੂੰ ਘੇਰ ਕੇ ਵਿਦਿਆਰਥੀਆਂ ਦਾ ਇੰਮੀਗ੍ਰੇਸ਼ਨ ਸਟੇਟਸ ਚੈਕ ਕੀਤਾ ਜਾ ਸਕਦਾ ਹੈ ਪਰ ਅੰਤ ਵਿਚ ਇਹ ਸੁਨੇਹ ਝੂਠਾਂ ਸਾਬਤ ਹੋਇਆ।
ਸਕੂਲਾਂ ’ਚ ਇੰਮੀਗ੍ਰੇਸ਼ਨ ਛਾਪਿਆਂ ਦੀਆਂ ਅਫ਼ਵਾਹਾਂ
ਹੁਣ ਪ੍ਰਵਾਸੀਆਂ ਨੂੰ ਸਮਝ ਨਹੀਂ ਆ ਰਿਹਾ ਕਿ ਆਖਰਕਾਰ ਉਹ ਕਰਨ ਤਾਂ ਕੀ ਕਰਨ। ਕੋਲੋਰਾਡੋ ਦੇ ਔਰੋਰਾ ਵਿਖੇ ਦੋ ਬੱਚਿਆਂ ਦੀ ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਸਕੂਲਾਂ ਵਿਚ ਇੰਮੀਗ੍ਰੇਸ਼ਨ ਛਾਪਿਆਂ ਦੀ ਚਿੰਤਾ ਵੱਢ ਵੱਢ ਖਾ ਰਹੀ ਹੈ। ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਔਰਤ ਨੇ ਦੱਸਿਆ ਕਿ ਜੇ ਇੰਮੀਗ੍ਰੇਸ਼ਨ ਵਾਲੇ ਬੱਚਿਆਂ ਨੂੰ ਲੈ ਗਏ ਤਾਂ ਪਰਵਾਰ ਖੇਰੂੰ ਖੇਰੂੰ ਹੋ ਜਾਵੇਗਾ। ਉਹ ਅਮਰੀਕਾ ਵਿਚ ਇੰਮੀਗ੍ਰੇਸ਼ਨ ਸਟੇਟਸ ਹਾਸਲ ਕਰਨ ਦਾ ਹਰ ਸੰਭਵ ਯਤਨ ਕਰ ਰਹੀ ਹੈ ਪਰ ਮੌਜੂਦਾ ਹਾਲਾਤ ਉਸ ਦੇ ਰਾਹ ਵਿਚ ਅੜਿੱਕਾ ਬਣ ਰਹੇ ਹਨ। ਸੋਸ਼ਲ ਮੀਡੀਆ ’ਤੇ ਅਕਸਰ ਹੀ ਅਫ਼ਵਾਹ ਉਡ ਜਾਂਦੀ ਹੈ ਕਿ ਫਲਾਣੇ ਇਲਾਕੇ ਦੇ ਸਕੂਲਾਂ ਵਿਚ ਛਾਪੇ ਵੱਜਣਗੇ ਜਦਕਿ ਦੂਜੇ ਪਾਸੇ ਸਕੂਲ ਪ੍ਰਬੰਧਕ ਦਲੀਲ ਦੇ ਰਹੇ ਹਨ ਕਿ ਛਾਪਿਆਂ ਵਾਲੀ ਕੋਈ ਗੱਲ ਨਹੀਂ ਅਤੇ ਪ੍ਰਵਾਸੀਆਂ ਦੇ ਬੱਚੇ ਸਕੂਲਾਂ ਵਿਚ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਥੇ ਦਸਣਾ ਬਣਦਾ ਹੈ ਕਿ ਡੈਨਵਰ ਦੇ ਪਬਲਿਕ ਸਕੂਲਾਂ ਵੱਲੋਂ ਪਿਛਲੇ ਹਫ਼ਤੇ ਟਰੰਪ ਸਰਕਾਰ ਵਿਰੁੱਧ ਮੁਕੱਦਮਾ ਦਾਇਰ ਕਰਦਿਆਂ ਜਵਾਕਾਂ ਦੀ ਸਿੱਖਿਆ ਵਿਚ ਦਖਲ ਦੇਣ ਦੇ ਦੋਸ਼ ਲਾਏ ਗਏ ਹਨ। ਡੈਨਵਰ ਵਿਖੇ ਪਿਛਲੇ ਸਾਲ ਦੱਖਣੀ ਬਾਰਡਰ ਤੋਂ 43 ਹਜ਼ਾਰ ਪ੍ਰਵਾਸੀ ਪੁੱਜੇ ਸਨ ਜਿਨ੍ਹਾਂ ਦੇ ਬੱਚਿਆਂ ਨੂੰ ਸ਼ਹਿਰ ਦੇ ਪਬਲਿਕ ਸਕੂਲਾਂ ਵਿਚ ਦਾਖਲਾ ਦਿਤਾ ਗਿਆ। ਟਰੰਪ ਦੇ ਸੱਤਾ ਸੰਭਾਲਣ ਮਗਰੋਂ ਪ੍ਰਵਾਸੀਆਂ ਦੇ ਬੱਚਿਆਂ ਦੀ ਸਕੂਲਾਂ ਵਿਚ ਹਾਜ਼ਾਰੀ ਹੈਰਾਨਕੁੰਨ ਤਰੀਕੇ ਨਾਲ ਘਟ ਚੁੱਕੀ ਹੈ ਅਤੇ ਮੁਕੱਦਮੇ ਵਿਚ ਇੰਮੀਗ੍ਰੇਸ਼ਨ ਛਾਪਿਆਂ ਨੂੰ ਪ੍ਰਮੁੱਖ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
40 ਲੱਖ ਤੋਂ ਵੱਧ ਬੱਚੇ ਗੈਰਕਾਨੂੰਨੀ ਪ੍ਰਵਾਸੀਆਂ ਨਾਲ ਸਬੰਧਤ
ਉਧਰ ਓਕਲਾਹੋਮਾ ਵਿਚ ਰਿਪਬਲਿਕਲਨ ਸਟੇਟ ਸੁਪਰਡੈਂਟ ਰਾਯਨ ਵਾਲਟਰਜ਼ ਵੱਲੋਂ ਨਵਾਂ ਨਿਯਮ ਲਿਆਂਦਾ ਗਿਆ ਜਿਸ ਅਧੀਨ ਬੱਚਿਆਂ ਨੂੰ ਸਕੂਲ ਦਾਖਲ ਕਰਵਾਉਣ ਆਏ ਮਾਪਿਆਂ ਨੂੰ ਗਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਦਾ ਸਬੂਤ ਪੇਸ਼ ਕਰਨ ਲਈ ਆਖਿਆ ਗਿਆ ਪਰ ਸੂਬੇ ਦੇ ਗਵਰਨਰ ਨੇ ਨਿਯਮ ਰੱਦ ਕਰ ਦਿਤਾ। ਹੁਣ ਭਾਵੇਂ ਬਗੈਰ ਸਬੂਤ ਵਾਲੇ ਮਾਪੇ ਵੀ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾ ਸਕਣਗੇ ਪਰ ਇੰਮੀਗ੍ਰੇਸ਼ਨ ਹਮਾਇਤੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਗੈਰਜ਼ਰੂਰੀ ਕਾਰਵਾਈ ਕਾਰਨ ਮਾਪਿਆਂ ਵਿਚ ਭੰਬਲਭੂਸਾ ਪੈਦਾ ਹੋ ਗਿਆ ਹੈ।