ਬੱਸ ਦੇ ਹੋ ਗਏ 2 ਟੋਟੇ, 18 ਜਣਿਆਂ ਦੀ ਗਈ ਜਾਨ
ਪਹਾੜੀ ਇਲਾਕੇ ਵਿਚੋਂ ਲੰਘ ਰਹੀ ਇਕ ਡਬਲ ਡੈਕਰ ਬੱਸ ਦੇ 2 ਟੋਟੇ ਹੋ ਗਏ ਅਤੇ ਇਸ ਵਿਚ ਸਵਾਰ ਮੁਸਾਫ਼ਰਾਂ ਵਿਚੋਂ 18 ਜਣਿਆਂ ਨੂੰ ਜਾਨ ਗਵਾਉਣੀ ਪਈ
ਲੀਮਾ : ਪਹਾੜੀ ਇਲਾਕੇ ਵਿਚੋਂ ਲੰਘ ਰਹੀ ਇਕ ਡਬਲ ਡੈਕਰ ਬੱਸ ਦੇ 2 ਟੋਟੇ ਹੋ ਗਏ ਅਤੇ ਇਸ ਵਿਚ ਸਵਾਰ ਮੁਸਾਫ਼ਰਾਂ ਵਿਚੋਂ 18 ਜਣਿਆਂ ਨੂੰ ਜਾਨ ਗਵਾਉਣੀ ਪਈ ਜਦਕਿ 48 ਹੋਰ ਜ਼ਖਮੀ ਹੋ ਗਏ। ਲੈਟਿਨ ਅਮੈਰਿਕਨ ਮੁਲਕ ਪੇਰੂ ਦੇ ਸਿਹਤ ਮਾਮਲਿਆਂ ਡਾਇਰੈਕਟਰ ਕਲਿਫੌਰ ਕਰੀਪੈਕੋ ਨੇ ਦੱਸਿਆ ਕਿ ਮੰਦਭਾਗ ਬੱਸ ਕੌਮੀ ਰਾਜਧਾਨੀ ਲੀਮਾ ਤੋਂ ਐਮਾਜ਼ੌਨ ਦੇ ਜੰਗਲਾਂ ਵੱਲ ਜਾ ਰਹੀ ਸੀ ਜਦੋਂ ਇਹ ਤਰਾਸਦੀ ਵਾਪਰੀ। ਐਕਸਪ੍ਰੈਸੋ ਮੌਲੀਨਾ ਲਾਇਡਰ ਇੰਟਰਨੈਸ਼ਨਲ ਦੀ ਮਾਲਕੀ ਵਾਲੀ ਬੱਸ ਵਿਚ 60 ਤੋਂ ਵੱਧ ਮੁਸਾਫ਼ਰ ਸਵਾਰ ਸਨ ਜਦੋਂ ਹਾਦਸਾ ਵਾਪਰਿਆ।
48 ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ
ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਮੌਕੇ ’ਤੇ ਮੌਜੂਦ ਕੁਝ ਲੋਕਾਂ ਵੱਲੋਂ ਬਣਾਈ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬੱਸ ਦਰਿਆ ਵਿਚ ਡਿੱਗਣ ਮਗਰੋਂ ਖੇਰੂੰ ਖੇਰੂੰ ਹੋ ਗਈ। ਪੇਰੂ ਵਿਚ ਇਹ ਪਹਿਲਾ ਵੱਡਾ ਬੱਸ ਹਾਦਸਾ ਨਹੀਂ। ਇਸ ਤੋਂ ਪਹਿਲਾਂ ਜਨਵਰੀ ਵਿਚ ਇਕ ਬੱਸ ਦੇ ਖੱਡ ਵਿਚ ਡਿੱਗਣ ਕਾਰਨ ਛੇ ਜਣਿਆਂ ਦੀ ਜਾਨ ਗਈ ਅਤੇ 32 ਹੋਰ ਜ਼ਖਮੀ ਹੋਏ। ਅਪ੍ਰੈਲ 2024 ਵਿਚ ਵਾਪਰੇ ਇਕ ਹੋਰ ਦਰਦਨਾਕ ਹਾਦਸੇ ਦੌਰਾਨ 24 ਜਣਿਆਂ ਨੇ ਜਾਨ ਗਵਾਈ ਅਤੇ ਕਈ ਹੋਰ ਜ਼ਖਮੀ ਹੋਏ। ਪੇਰੂ ਵਿਚ ਪਿਛਲੇ ਸਾਲ ਸੜਕ ਹਾਦਸਿਆਂ ਦੌਰਾਨ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਜਿਸ ਦਾ ਮੁੱਖ ਕਾਰਨ ਸੜਕਾਂ ਦੀ ਖਸਤਾ ਹਾਲਤ ਅਤੇ ਵ੍ਹੀਕਲਜ਼ ਦੇ ਰੱਖ ਰਖਾਅ ਵਿਚ ਵਰਤੀ ਜਾਂਦੀ ਢਿੱਲ ਦੱਸੀ ਜਾ ਰਹੀ ਹੈ।