ਫਰਾਂਸ ਵਿਚ ਅੰਤਮ ਚੋਣ ਨਤੀਜਿਆਂ ਮਗਰੋਂ ਮੁੜ ਸਾੜ-ਫੂਕ

ਫਰਾਂਸ ਵਿਚ ਅੰਤਮ ਚੋਣ ਨਤੀਜਿਆਂ ਮਗਰੋਂ ਮੁੜ ਦੰਗੇ ਭੜਕ ਉਠੇ ਅਤੇ ਸਾੜ-ਫੂਕ ਦਾ ਦੌਰ ਸ਼ੁਰੂ ਹੋ ਗਿਆ। ਮੁਢਲੇ ਗੇੜ ਵਿਚ ਸੱਜੀ ਪੱਖੀ ਨੈਸ਼ਨਲ ਰੈਲੀ ਪਾਰਟੀ ਦਾ ਹੱਥ ਉਪਰ ਰਿਹਾ ਪਰ ਹੁਣ ਖੱਬੇ ਪੱਖੀਆਂ ਦਾ ਨਿਊ ਪਾਪੂਲਰ ਫਰੰਟ 182 ਸੀਟਾਂ ਨਾਲ ਸਭ ਤੋਂ ਅੱਗੇ ਪੁੱਜ ਗਿਆ ਹੈ।

Update: 2024-07-08 12:34 GMT

ਪੈਰਿਸ : ਫਰਾਂਸ ਵਿਚ ਅੰਤਮ ਚੋਣ ਨਤੀਜਿਆਂ ਮਗਰੋਂ ਮੁੜ ਦੰਗੇ ਭੜਕ ਉਠੇ ਅਤੇ ਸਾੜ-ਫੂਕ ਦਾ ਦੌਰ ਸ਼ੁਰੂ ਹੋ ਗਿਆ। ਮੁਢਲੇ ਗੇੜ ਵਿਚ ਸੱਜੀ ਪੱਖੀ ਨੈਸ਼ਨਲ ਰੈਲੀ ਪਾਰਟੀ ਦਾ ਹੱਥ ਉਪਰ ਰਿਹਾ ਪਰ ਹੁਣ ਖੱਬੇ ਪੱਖੀਆਂ ਦਾ ਨਿਊ ਪਾਪੂਲਰ ਫਰੰਟ 182 ਸੀਟਾਂ ਨਾਲ ਸਭ ਤੋਂ ਅੱਗੇ ਪੁੱਜ ਗਿਆ ਹੈ। ਰਾਸ਼ਟਰਪਤੀ ਇਮੈਨੁਅਲ ਮੈਕ੍ਰੌਂ ਦੀ ਅਗਵਾਈ ਵਾਲਾ ਗਠਜੋੜ 163 ਸੀਟਾਂ ਨਾਲ ਦੂਜੇ ਸਥਾਨ ’ਤੇ ਆ ਚੁੱਕਾ ਹੈ ਜਦਕਿ ਨੈਸ਼ਨਲ ਰੈਲੀ ਪਾਰਟੀ 143 ਸੀਟਾਂ ਤੱਕ ਸੀਮਤ ਰਹਿ ਗਈ। ਖੱਬੇ ਪੱਖੀ ਆਗੂ ਜੌਨ ਲੂਕ ਮੈਲਨਸ਼ੌਨ ਵੱਲੋਂ ਜਿੱਤ ਦਾ ਦਾਅਵਾ ਕਰਦਿਆਂ ਲੋਕਾਂ ਵਾਸਤੇ 150 ਅਰਬ ਯੂਰੋ ਖਰਚ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਰਕਮ ਦੀ ਭਰਪਾਈ ਟੈਕਸਾਂ ਵਿਚ ਵਾਧੇ ਰਾਹੀਂ ਕਰਨ ਦੀ ਤਜਵੀਜ਼ ਹੈ।

ਰਾਜਧਾਨੀ ਪੈਰਿਸ ਸਣੇ ਵੱਖ-ਵੱਖ ਸ਼ਹਿਰਾਂ ਵਿਚ 30 ਹਜ਼ਾਰ ਪੁਲਿਸ ਮੁਲਾਜ਼ਮ ਤੈਨਾਤ

ਸਭ ਤੋਂ ਪਹਿਲਾਂ ਘੱਟੋ ਘੱਟ ਉਜਰਤ ਦਰਾਂ ਵਿਚ 14 ਫੀ ਸਦੀ ਵਾਧਾ ਕੀਤਾ ਜਾਵੇਗਾ ਅਤੇ ਜ਼ਰੂਰੀ ਚੀਜ਼ਾਂ ਦੀ ਕੀਮਤ ਵਧਾਉਣ ’ਤੇ ਪਾਬੰਦੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਪੈਨਸ਼ਨ ਲਈ ਘੱਟੋ ਘੱਟ ਉਮਰ 64 ਤੋਂ ਘਟਾ ਕੇ 60 ਕਰਨ ’ਤੇ ਵਿਚਾਰ ਵੀ ਕੀਤਾ ਜਾ ਰਿਹਾ ਹੈ। ਸਿਆਸੀ ਮਾਹਰਾਂ ਮੁਤਾਬਕ ਭਾਵੇਂ ਨਿਊ ਪਾਪੂਲਰ ਫਰੰਟ ਸਭ ਤੋਂ ਵੱਡੀ ਧਿਰ ਬਣ ਕੇ ਉਭਰੀ ਹੈ ਕਿ ਮੁਕੰਮਲ ਬਹੁਮਤ ਦਾ ਅੰਕੜਾ ਛੋਹਣ ਤੋਂ ਪਿੱਛੇ ਰਹਿ ਗਈ। ਪ੍ਰਧਾਨ ਮੰਤਰੀ ਗੈਬਰੀਅਲ ਅਟਲ ਅੱਜ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਸੌਂਪ ਸਕਦੇ ਹਨ। ਹੁਣ ਸਿਆਸੀ ਰੇੜਕਾ ਇਹ ਪੈਦਾ ਹੋ ਗਿਆ ਹੈ ਕਿ ਨਵਾਂ ਪ੍ਰਧਾਨ ਮੰਤਰੀ ਕੌਣ ਹੋਵੇਗਾ। ਰਾਸ਼ਟਰਪਤੀ ਇਮੈਨੁਅਲ ਮੈਕ੍ਰੌਂ ਸੰਸਦ ’ਤੇ ਆਪਣੇ ਪਕੜ ਗੁਆ ਚੁੱਕੇ ਹਨ ਅਤੇ ਕਿਸੇ ਧਿਰ ਕੋਲ ਸਪੱਸ਼ਟ ਬਹੁਮਤ ਨਹੀਂ। ਮੀਡੀਆ ਨਾਲ ਗੱਲਬਾਤ ਕਰਦਿਆਂ ਜੌਨ ਲੂਕ ਮੈਲਨਸ਼ੌਨ ਨੇ ਕਿਹਾ ਕਿ ਨੈਸ਼ਨਲ ਰੈਲੀ ਦੇ ਬਹੁਮਤ ਤੋਂ ਦੂਰ ਰਹਿਣ ਨਾਲ ਫਰਾਂਸ ਦੇ ਕਰੋੜਾਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਜੋ ਇਕ ਨਵੇਂ ਮੁਲਕ ਦੀ ਸਿਰਜਣਾ ਕਰਨਾ ਚਾਹੁੰਦੇ ਹਨ।

ਖੱਬੇ ਪੱਖੀਆਂ ਨੂੰ ਮਿਲੀਆਂ ਸਭ ਤੋਂ ਵੱਧ 182 ਸੀਟਾਂ

ਦੱਸ ਦੇਈਏ ਕਿ ਮੁਢਲੇ ਰੁਝਾਨਾਂ ਮੁਤਾਬਕ ਕੱਟੜਪੰਥੀ ਨੈਸ਼ਨਲ ਰੈਲੀ ਪਾਰਟੀ ਨੂੰ 34 ਫੀ ਸਦੀ ਵੋਟਾਂ ਮਿਲਦੀਆਂ ਨਜ਼ਰ ਆਈਆਂ ਅਤੇ ਖੱਬੇ ਪੱਖੀ ਨਿਊ ਪਾਪੂਲਰ ਫਰੰਟ ਅਲਾਇੰਸ 29 ਫੀ ਸਦੀ ਦੇ ਅੰਕੜੇ ਨਾਲ ਦੂਜੇ ਸਥਾਨ ’ਤੇ ਚੱਲ ਰਿਹਾ ਸੀ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਕੌਮੀ ਪੱਧਰ ’ਤੇ 67.5 ਫੀ ਸਦੀ ਲੋਕਾਂ ਨੇ ਵੋਟ ਪਾਈ ਜੋ 1981 ਤੋਂ ਬਾਅਦ ਸਭ ਤੋਂ ਉਚਾ ਅੰਕੜਾ ਬਣਦਾ ਹੈ। 2022 ਵਿਚ ਹੋਈਆਂ ਚੋਣਾਂ ਦੌਰਾਨ ਸਿਰਫ 47.5 ਫੀ ਸਦੀ ਵੋਟਾਂ ਪਈਆਂ ਅਤੇ ਇਮੈਨੁਅਲ ਮੈਕ੍ਰੌਂਅ ਮੁੜ ਸੱਤਾ ਵਿਚ ਪਰਤੇ। ਨੈਸ਼ਨਲ ਰੈਲੀ ਦੇ ਮੁਖੀ ਜੌਰਡਨ ਬਾਰਡੈਲਾ ਸਪੱਸ਼ਟ ਲਫ਼ਜ਼ਾਂ ਵਿਚ ਆਖ ਚੁੱਕੇ ਹਨ ਕਿ ਬਹੁਮਤ ਮਿਲਣ ਦੀ ਸੂਰਤ ਵਿਚ ਹੀ ਉਨ੍ਹਾਂ ਦੀ ਪਾਰਟੀ ਸਰਕਾਰ ਬਣਾਵੇਗੀ। ਚੋਣਾਂ ਨਤੀਜਿਆਂ ਦੇ ਬਾਵਜੂਦ ਇਮੈਨੁਅਲ ਮੈਕ੍ਰੌਂਅ 2027 ਵਿਚ ਆਪਣਾ ਕਾਰਜਕਾਲ ਖਤਮ ਹੋਣ ਤੱਕ ਰਾਸ਼ਟਰਪਤੀ ਬਣੇ ਰਹਿਣਗੇ। 

Tags:    

Similar News