ਅਮਰੀਕਾ ਜਾ ਰਹੇ 10 ਭਾਰਤੀਆਂ ਦੀ ਕਿਸ਼ਤੀ ਡੁੱਬੀ

ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਦਾ ਯਤਨ ਕਰ ਰਹੇ ਭਾਰਤੀ ਨਾਗਰਿਕਾਂ ਨਾਲ ਭਰੀ ਕਿਸ਼ਤੀ ਸੈਨ ਡਿਐਗੋ ਨੇੜੇ ਸਮੁੰਦਰ ਵਿਚ ਡੁੱਬਣ ਕਾਰਨ ਘੱਟੋ ਘੱਟ 5 ਜਣਿਆਂ ਦੀ ਮੌਤ ਹੋ ਗਈ

Update: 2025-05-07 12:28 GMT

ਸੈਨ ਡਿਐਗੋ : ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਦਾ ਯਤਨ ਕਰ ਰਹੇ ਭਾਰਤੀ ਨਾਗਰਿਕਾਂ ਨਾਲ ਭਰੀ ਕਿਸ਼ਤੀ ਸੈਨ ਡਿਐਗੋ ਨੇੜੇ ਸਮੁੰਦਰ ਵਿਚ ਡੁੱਬਣ ਕਾਰਨ ਘੱਟੋ ਘੱਟ 5 ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਮੈਕਸੀਕੋ ਦੇ ਸਮੁੰਦਰੀ ਕੰਢੇ ਤੋਂ ਕੈਲੇਫੋਰਨੀਆ ਵੱਲ ਰਵਾਨਾ ਹੋਈ ਕਿਸ਼ਤੀ ਵਿਚ 15 ਤੋਂ ਵੱਧ ਲੋਕ ਸਵਾਰ ਸਨ ਜੋ ਖਰਾਬ ਮੌਸਮ ਵਿਚ ਘਿਰ ਗਈ ਅਤੇ ਤੇਜ਼ ਹਵਾਵਾਂ ਨੇ ਇਸ ਨੂੰ ਪਲਟਾ ਦਿਤਾ। ਮੁਢਲੇ ਤੌਰ ’ਤੇ 9 ਜਣੇ ਲਾਪਤਾ ਦੱਸੇ ਜਾ ਰਹੇ ਸਨ ਪਰ ਇਨ੍ਹਾਂ ਵਿਚੋਂ ਅੱਠ ਜਣਿਆਂ ਨੂੰ ਚੂਲਾ ਵਿਜ਼ਟਾ ਨੇੜੇ ਕੋਸਟ ਗਾਰਡਜ਼ ਨੇ ਸਮੁੰਦਰ ਵਿਚੋਂ ਕੱਢ ਲਿਆ। ਹਾਦਸੇ ਦੌਰਾਨ ਮਰਨ ਵਾਲੇ 14 ਸਾਲ ਦੇ ਭਾਰਤੀ ਮੁੰਡੇ ਦੇ ਮਾਤਾ-ਪਿਤਾ ਹਸਪਤਾਲ ਵਿਚ ਦਾਖਲ ਹਨ ਜਦਕਿ ਉਸ ਦੀ 10 ਸਾਲਾ ਭੈਣ ਲਾਪਤਾ ਦੱਸੀ ਜਾ ਰਹੀ ਹੈ।

2 ਬੱਚਿਆਂ ਸਣੇ ਤਿੰਨ ਜਣਿਆਂ ਦੀ ਮੌਤ

ਦੂਜੇ ਪਾਸੇ ਜ਼ਖਮੀਆਂ ਵਿਚ ਦੋ ਭਾਰਤੀ ਬੱਚੇ ਸ਼ਾਮਲ ਹਨ ਜਿਨ੍ਹਾਂ ਨਾਂ ਜਨਤਕ ਨਹੀਂ ਕੀਤੇ ਗਏ। ਕੈਲੇਫੋਰਨੀਆ ਦੇ ਦੱਖਣੀ ਜ਼ਿਲ੍ਹੇ ਦੇ ਅਟਾਰਨੀ ਦਫ਼ਤਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੱਚਿਆਂ ਦੀਆਂ ਮੌਤਾਂ ਇਸ ਦਿਲ ਕੰਬਾਊ ਹਾਦਸੇ ਦੀ ਅਸਲੀਅਤ ਬਿਆਨ ਕਰਦੀਆਂ ਹਨ ਕਿ ਕਿਵੇਂ ਮਨੁੱਖੀ ਤਸਕਰ ਕੁਝ ਪੈਸੇ ਕਮਾਉਣ ਖਾਤਰ ਕੀਮਤੀ ਜਾਨਾਂ ਦਾਅ ’ਤੇ ਲਾ ਦਿੰਦੇ ਹਨ। ਇਸੇ ਦੌਰਾਨ ਯੂ.ਐਸ. ਬਾਰਡਰ ਪੈਟਰੌਲ ਨੇ ਕਿਹਾ ਕਿ ਕਿਸ਼ਤੀ ਵਿਚ 16 ਜਣੇ ਸਵਾਰ ਸਨ ਅਤੇ ਇਨ੍ਹਾਂ ਵਿਚੋਂ ਕੁਝ ਹਾਲੇ ਵੀ ਲਾਪਤਾ ਹਨ। ਸੈਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਨੇ ਸੋਸ਼ਲ ਮੀਡੀਆ ਰਾਹੀਂ ਭਾਰਤੀਆਂ ਦੀ ਸ਼ਮੂਲੀਅਤ ਵਾਲੇ ਜਾਨਲੇਵਾ ਹਾਦਸੇ ’ਤੇ ਡੂੰਘੇ ਦੁੰਖ ਦਾ ਪ੍ਰਗਟਾਵਾ ਕੀਤਾ ਹੈ। ਕੌਂਸਲੇਟ ਮੁਤਾਬਕ ਦੋ ਭਾਰਤੀ ਬੱਚੇ ਲਾਪਤਾ ਹਨ ਅਤੇ ਮਾਪਿਆਂ ਦਾ ਸਕ੍ਰਿਪਸ ਮੈਮੋਰੀਅਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਧਰ ਯੂ.ਐਸ. ਕੋਸਟ ਗਾਰਡਜ਼ ਵੱਲੋਂ ਪੰਜ ਮੈਕਸੀਕਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਪ੍ਰਵਾਸੀਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੀ ਧਰਤੀ ’ਤੇ ਪਹੁੰਚਾਉਣ ਦੇ ਯਤਨ ਦੌਰਾਨ ਹਾਦਸਾ ਵਾਪਰਿਆ।

7 ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ

ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਨੇ ਕਿਹਾ ਕਿ ਉਹ ਮਨੁੱਖੀ ਤਸਕਰਾਂ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਨਿਆਂ ਵਿਭਾਗ ਨੂੰ ਗੁਜ਼ਾਰਿਸ਼ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਇਹ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਪਰ ਮਨੁੱਖੀ ਤਸਕਰਾਂ ਦੇ ਲਾਲਚ ਨੇ ਕਈ ਪਰਵਾਰ ਉਜਾੜ ਦਿਤੇ। ਅਮਰੀਕਾ ਦੇ ਇੰਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਅਤੇ ਏਲੀਅਨ ਸਮਗÇਲੰਗ ਐਕਟ ਅਧੀਨ ਮੌਤ ਹੋਣ ਦੀ ਸੂਰਤ ਵਿਚ ਦੋਸ਼ੀਆਂ ਨੂੰ ਸਜ਼ਾ ਏ ਮੌਤ ਦਿਤੀ ਜਾ ਸਕਦੀ ਹੈ। ਚੇਤੇ ਰਹੇ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਗੈਰਕਾਨੂੰਨੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬਣ ਕਾਰਨ ਜਾਨੀ ਨੁਕਸਾਨ ਹੋਇਆ ਹੈ। 2023 ਵਿਚ ਸੈਨ ਡਿਐਗੋ ਦੇ ਸਮੁੰਦਰੀ ਕੰਢੇ ਨੇੜੇ ਪ੍ਰਵਾਸੀਆਂ ਨਾਲ ਲੱਦੀਆਂ ਦੋ ਕਿਸ਼ਤੀਆਂ ਪਲਟਣ ਕਾਰਨ ਅੱਠ ਜਣਿਆਂ ਦੀ ਮੌਤ ਹੋ ਗਈ ਸੀ।

Tags:    

Similar News