New York : ਜ਼ੌਹਰਾਨ ਮਮਦਾਨੀ ਦੇ ਸਹੁੰ ਚੁੱਕ ਸਮਾਗਮ ਵਿਚ ਪਏ ਭੰਗੜੇ
ਨਿਊ ਯਾਰਕ ਸ਼ਹਿਰ ਵਿਚ ਨਵਾਂ ਯੁਗ ਸ਼ੁਰੂ ਕਰਨ ਦਾ ਅਹਿਦ ਕਰਦਿਆਂ ਮੇਅਰ ਜ਼ੌਹਰਾਨ ਮਮਦਾਨੀ ਨੇ ਜਨਤਕ ਤੌਰ ’ਤੇ ਵੀ ਅਹੁਦੇ ਦੀ ਸਹੁੰ ਚੁੱਕ ਲਈ ਜਿਸ ਦੌਰਾਨ ਪੰਜਾਬੀ ਗਾਇਕੀ ਦੇ ਜੌਹਰ ਦੇਖਣ ਨੂੰ ਮਿਲੇ
ਨਿਊ ਯਾਰਕ : ਨਿਊ ਯਾਰਕ ਸ਼ਹਿਰ ਵਿਚ ਨਵਾਂ ਯੁਗ ਸ਼ੁਰੂ ਕਰਨ ਦਾ ਅਹਿਦ ਕਰਦਿਆਂ ਮੇਅਰ ਜ਼ੌਹਰਾਨ ਮਮਦਾਨੀ ਨੇ ਜਨਤਕ ਤੌਰ ’ਤੇ ਵੀ ਅਹੁਦੇ ਦੀ ਸਹੁੰ ਚੁੱਕ ਲਈ ਜਿਸ ਦੌਰਾਨ ਪੰਜਾਬੀ ਗਾਇਕੀ ਦੇ ਜੌਹਰ ਦੇਖਣ ਨੂੰ ਮਿਲੇ। ਸਿਰਫ਼ ਇਕ ਸਾਲ ਪਹਿਲਾਂ ਤੱਕ ਨਿਊ ਯਾਰਕ ਸੂਬਾ ਅਸੈਂਬਲੀ ਦੇ ਮੈਂਬਰ ਜ਼ੌਹਰਾਨ ਮਮਦਾਨੀ ਨੂੰ ਸ਼ਹਿਰ ਦੇ ਜ਼ਿਆਦਾਤਰ ਲੋਕ ਨਹੀਂ ਸਨ ਜਾਣਦੇ ਪਰ ਲੋਕਾਂ ਨੂੰ ਮਹਿੰਗਾਈ ਤੋਂ ਨਿਜਾਤ ਦਿਵਾਉਣ ਅਤੇ ਪ੍ਰਵਾਸੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾਅਵਿਆਂ ਮਗਰੋਂ ਘਰ-ਘਰ ਵਿਚ ਉਨ੍ਹਾਂ ਦਾ ਨਾਂ ਲਿਆ ਜਾਣ ਲੱਗਾ। ਨਿਊ ਯਾਰਕ ਸ਼ਹਿਰ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਰਤੀ ਅਤੇ ਮੁਸਲਮਾਨ ਮੇਅਰ ਸੱਤਾ ਵਿਚ ਆਇਆ ਹੈ।
ਨਿਊ ਯਾਰਕ ਵਿਚ ਨਵਾਂ ਯੁਗ ਆਰੰਭ ਕਰਨ ਦਾ ਐਲਾਨ
ਅਹੁਦਾ ਸੰਭਾਲਣ ਤੋਂ ਕੁਝ ਘੰਟੇ ਦੇ ਅੰਦਰ ਜ਼ੌਹਰਾਨ ਮਮਦਾਨੀ ਨੇ ਸਾਬਕਾ ਮੇਅਰ ਐਰਿਕ ਐਡਮਜ਼ ਵੱਲੋਂ 26 ਸਤੰਬਰ 2024 ਤੋਂ ਬਾਅਦ ਜਾਰੀ ਹਰ ਕਾਰਜਕਾਰੀ ਹੁਕਮ ਰੱਦ ਕਰ ਦਿਤਾ। ਐਰਿਕ ਐਡਮਜ਼ ਵਿਰੁੱਧ 26 ਸਤੰਬਰ ਨੂੰ ਹੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਜੋ ਬਾਅਦ ਵਿਚ ਟਰੰਪ ਸਰਕਾਰ ਨੇ ਵਾਪਸ ਲੈ ਲਏ। ਦੂਜੇ ਪਾਸੇ ਮਮਦਾਨੀ ਵੱਲੋਂ ਭਾਰਤ ਦੀ ਤਿਹਾੜ ਜੇਲ ਵਿਚ ਬੰਦ ਵਿਦਿਆਰਥੀ ਆਗੂ ਉਮਰ ਖਾਲਿਦ ਨੂੰ ਚਿੱਠੀ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਮਮਦਾਨ ਤੋਂ ਪਹਿਲਾਂ ਅਮਰੀਕਾ ਦੇ 8 ਸੰਸਦ ਮੈਂਬਰ ਭਾਰਤ ਦੇ ਰਾਜਦੂਤ ਵਿਨੇ ਮੋਹਨ ਕਵਾਤੜਾਂ ਨੂੰ ਪੱਤਰ ਲਿਖ ਕੇ ਉਮਰ ਖਾਲਿਦ ਨੂੰ ਜ਼ਮਾਨਤ ਦਿਤੇ ਜਾਣ ਦੀ ਮੰਗ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਗੈਰ ਮੁਕੱਦਮੇ ਤੋਂ ਪੰਜ ਸਾਲ ਤੱਕ ਕਿਸੇ ਨੂੰ ਜੇਲ ਵਿਚ ਰੱਖਣਾ ਵਾਜਬ ਨਹੀਂ ਜਿਸ ਦੇ ਮੱਦੇਨਜ਼ਰ ਉਸ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। ਜ਼ੌਹਰਾਨ ਮਮਦਾਨੀ ਨੇ ਅਮਰੀਕਾ ਵਿਚ ਉਮਰ ਖਾਲਿਦ ਦੇ ਮਾਪਿਆਂ ਨਾਲ ਮੁਲਾਕਾਤ ਵੀ ਕੀਤੀ।