ਅਮਰੀਕਾ ਦੀਆਂ ਚੋਣਾਂ ਵਿਚ ਸੱਟਾ ਲੱਗਣਾ ਸ਼ੁਰੂ
ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਪ੍ਰਚਾਰ ਸਿਖਰਾਂ ’ਤੇ ਹੈ ਅਤੇ ਸੱਟਾ ਲੱਗਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ।;
ਵਾਸ਼ਿੰਗਟਨ : ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਪ੍ਰਚਾਰ ਸਿਖਰਾਂ ’ਤੇ ਹੈ ਅਤੇ ਸੱਟਾ ਲੱਗਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ। ਫਿਲਹਾਲ ਸੱਟੇਬਾਜ਼ਾਂ ਦੀ ਪਹਿਲੀ ਪਸੰਦ ਡੌਨਲਡ ਟਰੰਪ ਬਣੇ ਹੋਏ ਹਨ ਅਤੇ ਕਈ ਚੋਣ ਸਰਵੇਖਣਾਂ ਵਿਚ ਉਨ੍ਹਾਂ ਨੂੰ ਕਮਲਾ ਹੈਰਿਸ ਤੋਂ ਅੱਗੇ ਵੀ ਮੰਨਿਆ ਜਾ ਰਿਹਾ ਹੈ ਪਰ ਜੋਅ ਬਾਇਡਨ ਵੱਲੋਂ ਉਮੀਦਵਾਰ ਛੱਡੇ ਜਾਣ ਮਗਰੋਂ ਟਰੰਪ ਦੀ ਲੀਡ ਬਹੁਤ ਜ਼ਿਆਦਾ ਘਟ ਚੁੱਕੀ ਹੈ। ਇਸੇ ਦੌਰਾਨ ਟਰੰਪ ਦੀ ਸਰਕਾਰ ਵੇਲੇ ਵਾਈਟ ਹਾਊਸ ਦੇ ਸੰਚਾਰ ਡਾਇਰੈਕਟਰ ਰਹਿ ਚੁੱਕੇ ਐਂਥਨੀ ਸਕੈਰਾਮੂਚੀ ਨੇ ਦਾਅਵਾ ਕੀਤਾ ਹੈ ਕਿ ਮਲਾਨੀਆ ਟਰੰਪ, ਆਪਣੇ ਪਤੀ ਨਾਲ ਨਫ਼ਰਤ ਕਰਦੀ ਹੈ ਅਤੇ ਕਮਲਾ ਹੈਰਿਸ ਦੀ ਜਿੱਤ ਵੇਖਣਾ ਚਾਹੁੰਦੀ ਹੈ। ਸਕੈਰਾਮੂਚੀ ਵੱਲੋਂ ਇਹ ਦਾਅਵਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਡੌਨਲਡ ਟਰੰਪ ਦੀਆਂ ਚੋਣ ਰੈਲੀਆਂ ਦੌਰਾਨ ਮਲਾਨੀਆ ਟਰੰਪ ਨਜ਼ਰ ਨਹੀਂ ਆ ਰਹੀ।
ਟਰੰਪ ’ਤੇ ਸੱਟਾ ਲਾਉਣ ਵਾਲਿਆਂ ਦੀ ਗਿਣਤੀ ਜ਼ਿਆਦਾ
ਉਧਰ ਡੌਨਲਡ ਟਰੰਪ ਵੱਲੋਂ ਸਕੈਰਾਮੂਚੀ ਦੇ ਦਾਅਵੇ ਨੂੰ ਸਰਾਸਰ ਬੇਬੁਨਿਆਦ ਕਰਾਰ ਦਿਤਾ ਗਿਆ ਹੈ। ਇਸੇ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ ਅਤੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਉਦਯੋਗਿਕ ਸ਼ਹਿਰ ਪਿਟਜ਼ਬਰਗ ਵਿਖੇ ਚੋਣ ਪ੍ਰਚਾਰ ਦੌਰਾਨ ਪਹਿਲੀ ਵਾਰ ਸਟੇਜ ਸਾਂਝੀ ਕੀਤੀ ਅਤੇ ਅਮਰੀਕਾ ਦੀ ਸਟੀਲ ਕੰਪਨੀ ਨੂੰ ਵਿਦੇਸ਼ੀ ਹੱਥਾਂ ਵਿਚ ਨਾ ਵੇਚਣ ਦਾ ਵਾਅਦਾ ਕੀਤਾ। ਇਸ ਤੋਂ ਪਹਿਲਾਂ ਵਾਈਟ ਹਾਊਸ ਜਾਪਾਨ ਦੀ ਨਿਪੌਨ ਸਟੀਲ ਵੱਲੋਂ ਅਮਰੀਕੀ ਸਟੀਲ ਕੰਪਨੀ ਦੀ ਸੰਭਾਵਤ ਖਰੀਦ ਦਾ ਵਿਰੋਧ ਵੀ ਕਰ ਚੁੱਕਾ ਹੈ। ਚੋਣ ਰੈਲੀ ਦੌਰਾਨ ਜੋਅ ਬਾਇਡਨ ਆਪਣੀ ਗੱਲ ਭੁੱਲ ਗਏ ਅਤੇ ਕਮਲਾ ਹੈਰਿਸ ਨੂੰ ਲੋਕਾਂ ਨਾਲ ਮਿਲਵਾਉਂਦਿਆਂ ਵੱਖਰੇ ਸ਼ਬਦਾਂ ਦੀ ਵਰਤੋਂ ਕਰਨ ਲੱਗੇ। ਹਾਲਾਂਕਿ ਕਮਲਾ ਹੈਰਿਸ ਨੇ ਗੱਲ ਸੰਭਾਲੀ ਅਤੇ ਕਿਰਤੀਆਂ ਨੂੰ ਤਕੜੇ ਹੋ ਕੇ ਡੈਮੋਕ੍ਰੈਟਿਕ ਪਾਰਟੀ ਦਾ ਸਾਥ ਦੇਣ ਦਾ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਉਹ ਜਿਥੇ ਵੀ ਜਾਂਦੇ ਹਨ ਤਾਂ ਲੋਕਾਂ ਨੂੰ ਯੂਨੀਅਨ ਮੈਂਬਰਾਂ ਦਾ ਸ਼ੁਕਰੀਆ ਅਦਾ ਕਰਨ ਲਈ ਆਖਦੇ ਹਨ ਜਿਨ੍ਹਾਂ ਸਦਕਾ ਕਿਰਤੀਆਂ ਨੂੰ ਹਫਤੇ ਵਿਚ ਪੰਜ ਦਿਨ ਕੰਮ ਅਤੇ ਦੋ ਦਿਨ ਛੁੱਟੀ ਦਾ ਹੱਕ ਮਿਲਿਆ।
ਟਰੰਪ ਨਾਲ ਨਫ਼ਰਤ ਕਰਦੀ ਹੈ ਮਲਾਨੀਆ ਟਰੰਪ : ਸਾਬਕਾ ਸਹਾਇਕ
ਦੂਜੇ ਪਾਸੇ ਚੋਣ ਸਰਵੇਖਣਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਵੇਲੇ ਟਰੰਪ, ਕਮਲਾ ਹੈਰਿਸ ਤੋਂ 0.9 ਫੀ ਸਦੀ ਅੰਕਾਂ ਨਾਲ ਅੱਗੇ ਚੱਲ ਰਹੇ ਹਨ। ਰੀਅਲ ਕਲੀਅਰ ਦੇ ਸਰਵੇਖਣ ਮੁਤਾਬਕ ਚੋਣਾਂ ਵਿਚ ਦੋ ਮਹੀਨੇ ਦਾ ਸਮਾਂ ਬਾਕੀ ਰਹਿਣ ਦਰਮਿਆਨ ਹੁਣ ਵੀ ਜ਼ਿਆਦਾਤਰ ਸੱਟੇਬਾਜ਼ ਟਰੰਪ ’ਤੇ ਦਾਅ ਖੇਡਣਾ ਚਾਹੁੰਦੇ ਹਨ। ਇਕ ਵੇਲੇ ਸੱਟਾ ਬਾਜ਼ਾਰ ਵਿਚ ਕਮਲਾ ਹੈਰਿਸ ਨੇ ਚੜ੍ਹਤ ਕਾਇਮ ਕੀਤੀ ਪਰ ਇਸ ਵੇਲੇ ਫਸਵੀਂ ਟੱਕਰ ਮੰਨੀ ਜਾ ਰਹੀ ਹੈ। ਸ਼ਿਕਾਗੋ ਵਿਖੇ ਡੈਮੋਕ੍ਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ ਮਗਰੋਂ ਕਮਲਾ ਹੈਰਿਸ ਦੀ ਲੀਡ ਵਧੀ ਜੋ ਜ਼ਿਆਦਾ ਦੇਰ ਕਾਇਮ ਨਾ ਰਹਿ ਸਕੀ।