ਆਸਟ੍ਰੇਲੀਆ ਨੇ ਪੰਜਾਬੀ ਵਿਦਿਆਰਥੀਆਂ ’ਤੇ ਕਸ ਦਿਤਾ ਨਵਾਂ ਸ਼ਿਕੰਜਾ
ਆਸਟ੍ਰੇਲੀਆ ਨੇ ਕੌਮਾਂਤਰੀ ਵਿਦਿਆਰਥੀਆਂ ’ਤੇ ਇਕ ਹੋਰ ਸ਼ਿਕੰਜਾ ਕਸਦਿਆਂ ਵੀਜ਼ਾ ਫੀਸ ਵਿਚ ਢਾਈ ਗੁਣਾ ਵਾਧਾ ਕਰ ਦਿਤਾ ਹੈ। 1 ਜੁਲਾਈ ਤੋਂ ਕੌਮਾਂਤਰੀ ਵਿਦਿਆਰਥੀਆਂ ਦੀ ਵੀਜ਼ਾ ਫੀਸ 710 ਡਾਲਰ ਤੋਂ ਵਧਾ ਕੇ 1,600 ਆਸਟ੍ਰੇਲੀਅਨ ਡਾਲਰ ਕਰ ਦਿਤੀ ਗਈ ਹੈ;
ਸਿਡਨੀ : ਆਸਟ੍ਰੇਲੀਆ ਨੇ ਕੌਮਾਂਤਰੀ ਵਿਦਿਆਰਥੀਆਂ ’ਤੇ ਇਕ ਹੋਰ ਸ਼ਿਕੰਜਾ ਕਸਦਿਆਂ ਵੀਜ਼ਾ ਫੀਸ ਵਿਚ ਢਾਈ ਗੁਣਾ ਵਾਧਾ ਕਰ ਦਿਤਾ ਹੈ। 1 ਜੁਲਾਈ ਤੋਂ ਕੌਮਾਂਤਰੀ ਵਿਦਿਆਰਥੀਆਂ ਦੀ ਵੀਜ਼ਾ ਫੀਸ 710 ਡਾਲਰ ਤੋਂ ਵਧਾ ਕੇ 1,600 ਆਸਟ੍ਰੇਲੀਅਨ ਡਾਲਰ ਕਰ ਦਿਤੀ ਗਈ ਹੈ ਅਤੇ ਇਸ ਦੇ ਨਾਲ ਹੀ ਵਿਜ਼ਟਰ ਵੀਜ਼ਾ ’ਤੇ ਆਸਟ੍ਰੇਲੀਆ ਪੁੱਜਣ ਵਾਲੇ ਸਟੱਡੀ ਵੀਜ਼ਾ ਦੀ ਅਰਜ਼ੀ ਦਾਖਲ ਨਹੀਂ ਕਰ ਸਕਣਗੇ। ਆਸਟ੍ਰੇਲੀਆ ਦੀ ਗ੍ਰਹਿ ਮੰਤਰੀ ਕਲੇਰ ਓ ਨੀਲ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇੰਟਰਨੈਸ਼ਨਲ ਐਜੁਕੇਸ਼ਨ ਸਿਸਟਮ ਦੀ ਸੁਹਿਰਦਤਾ ਬਰਕਰਾਰ ਰੱਖਣ ਦੇ ਮਕਸਦ ਤਹਿਤ ਤਾਜ਼ਾ ਤਬਦੀਲੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਇੰਮੀਗ੍ਰੇਸ਼ਨ ਪ੍ਰਣਾਲ ਨੂੰ ਵਧੇਰੇ ਨਿਰਪੱਖ ਅਤੇ ਬਿਹਤਰ ਬਣਾਉਣ ਵਿਚ ਮਦਦ ਮਿਲੇਗੀ।
ਸਟੂਡੈਂਟ ਵੀਜ਼ਾ ਫੀਸ ਵਿਚ ਕੀਤਾ ਢਾਈ ਗੁਣਾ ਵਾਧਾ
ਇਥੇ ਦਸਣਾ ਬਣਦਾ ਹੈ ਕਿ 30 ਸਤੰਬਰ 2023 ਨੂੰ ਖਤਮ ਹੋਏ ਵਿੱਤੀ ਵਰ੍ਹੇ ਦੌਰਾਨ 5 ਲੱਖ 48 ਹਜ਼ਾਰ ਤੋਂ ਵੱਧ ਪ੍ਰਵਾਸੀ ਆਸਟ੍ਰੇਲੀਆ ਪੁੱਜੇ ਅਤੇ ਇਹ ਅੰਕੜਾ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ 60 ਫੀ ਸਦੀ ਵੱਧ ਬਣਦਾ ਹੈ। ਕੈਨੇਡਾ ਅਤੇ ਅਮਰੀਕਾ ਨਾਲ ਤੁਲਨਾ ਕੀਤੀ ਜਾਵੇ ਤਾਂ ਆਸਟ੍ਰੇਲੀਆ ਦੀ ਸਟੱਡੀ ਵੀਜ਼ਾ ਫੀਸ ਕਿਤੇ ਜ਼ਿਆਦਾ ਵਧ ਚੁੱਕੀ ਹੈ। ਅਮਰੀਕਾ ਦੇ ਸਟੱਡੀ ਵੀਜ਼ਾ ਲਈ ਵਿਦਿਆਰਥੀਆਂ ਨੂੰ 185 ਡਾਲਰ ਅਦਾ ਕਰਨੇ ਪੈਂਦੇ ਹਨ ਜਦਕਿ ਕੈਨੇਡੀਅਨ ਸਟੱਡੀ ਵੀਜ਼ਾ ਦੀ ਫੀਸ 150 ਡਾਲਰ ਬਣਦੀ ਹੈ। ਆਸਟ੍ਰੇਲੀਆ ਸਰਕਾਰ ਦਾ ਕਹਿਣਾ ਹੈ ਕਿ ਵੀਜ਼ਾ ਨਿਯਮਾਂ ਵਿਚ ਚੋਰ ਮੋਰੀਆਂ ਬੰਦ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਨਾਜਾਇਜ਼ ਫਾਇਦਾ ਉਠਾਇਆ ਜਾ ਰਿਹਾ ਸੀ। ਸਾਲ 2022-23 ਦੌਰਾਨ ਦੂਜੇ ਸਟੱਡੀ ਵੀਜ਼ਾ ਲਈ ਅਰਜ਼ੀ ਦਾਖਲ ਕਰਨ ਵਾਲਿਆਂ ਦੀ ਗਿਣਤੀ ਡੇਢ ਲੱਖ ਤੋਂ ਟੱਪ ਗਈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਸਰਕਾਰ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨਾਲ ਸਬੰਧਤ ਸ਼ਰਤਾਂ ਸਖਤ ਕਰ ਚੁੱਕੀ ਹੈ ਅਤੇ ਸਟੱਡੀ ਵੀਜ਼ਾ ਲਈ ਬੈਂਕ ਖਾਤੇ ਵਿਚ ਜਮ੍ਹਾਂ ਫੰਡਜ਼ ਦੀ ਸ਼ਰਤ 24,505 ਡਾਲਰ ਤੋਂ ਵਧਾ ਕੇ 29,710 ਡਾਲਰ ਕਰ ਦਿਤੀ ਗਈ। ਸਿਰਫ ਸੱਤ ਮਹੀਨੇ ਵਿਚ ਕੀਤੇ ਦੂਜੇ ਵਾਧੇ ਮਗਰੋਂ ਆਸਟ੍ਰੇਲੀਅਨ ਯੂਨੀਵਰਸਿਟੀਜ਼ ਵਿਚ ਨਾਰਾਜ਼ਦਗੀ ਦੇਖਣ ਨੂੰ ਮਿਲੀ।
ਵੀਜ਼ਾ ਫੀਸ 710 ਡਾਲਰ ਤੋਂ ਵਧਾ ਕੇ 1,600 ਡਾਲਰ ਕੀਤੀ
ਯੂਨੀਵਰਸਿਟੀਜ਼ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਅਫਸਰ ਲੂਕ ਸ਼ੀਹੀ ਨੇ ਕਿਹਾ ਕਿ ਕੌਮਾਂਤਰੀ ਵਿਦਿਆਰਥੀਆਂ ਨਾਲ ਸਬੰਧਤ ਨੀਤੀਆਂ ਲਗਾਤਾਰ ਸਖਤ ਕਰਨ ਦਾ ਅਸਰ ਵਿਦਿਅਕ ਅਦਾਰਿਆਂ ’ਤੇ ਪਵੇਗਾ। ਅਜਿਹੇ ਕਦਮ ਆਸਟ੍ਰੇਲੀਅਲ ਅਰਥਚਾਰੇ ਵਾਸਤੇ ਠੀਕ ਨਹੀਂ ਅਤੇ ਨਾ ਹੀ ਵਿਦਿਅਕ ਸੰਸਥਾਵਾਂ ਦੇ ਹਿਤ ਵਿਚ ਹਨ। ਇੰਟਰਨੈਸ਼ਨਲ ਸਟੂਡੈਂਟਸ ਤੋਂ ਮਿਲਣ ਵਾਲੀ ਫੀਸ ਨਾਲ ਸਿਰਫ ਯੂਨੀਵਰਸਿਟੀਜ਼ ਨੂੰ ਫਾਇਦਾ ਨਹੀਂ ਹੁੰਦਾ ਸਗੋਂ ਸਰਕਾਰ ਦੀ ਆਮਦਨ ਵਿਚ ਵੀ ਵਾਧਾ ਹੁੰਦਾ ਹੈ। ਦੱਸ ਦੇਈਏ ਕਿ ਕੌਮਾਂਤਰੀ ਵਿਦਿਆਰਥੀਆਂ ਨੇ ਸਾਲ 2022-23 ਦੇ ਵਿੱਤੀ ਵਰ੍ਹੇ ਦੌਰਾਨ ਆਸਟ੍ਰੇਲੀਆ ਦੇ ਅਰਥਚਾਰੇ ਵਿਚ 36 ਅਰਬ ਡਾਲਰ ਤੋਂ ਵੱਧ ਯੋਗਦਾਨ ਪਾਇਆ ਅਤੇ ਹੁਣ ਫੀਸ ਵਿਚ ਢਾਈ ਗੁਣਾ ਵਾਧੇ ਮਗਰੋਂ ਇਸ ਰਕਮ ਵਿਚ ਭਾਰੀ ਕਮੀ ਆ ਸਕਦੀ ਹੈ। ਸਰਕਾਰੀ ਅੰਕੜਿਆਂ ਮੁਤਾਬਕ 2022 ਵਿਚ ਇਕ ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਆਸਟ੍ਰੇਲੀਅਨ ਵਿਦਿਅਕ ਸੰਸਥਾਵਾਂ ਵਿਚ ਦਾਖਲਾ ਲਿਆ। ਜਨਵਰੀ ਤੋਂ ਸਤੰਬਰ 2023 ਦਰਮਿਆਨ 1 ਲੱਖ 22 ਹਜ਼ਾਰ ਭਾਰਤੀ ਵਿਦਿਆਰਥੀ ਆਸਟ੍ਰੇਲੀਅਨ ਵਿਦਿਅਕ ਅਦਾਰਿਆਂ ਵਿਚ ਪੜ੍ਹ ਰਹੇ ਸਨ। ਤਾਜ਼ਾ ਵਾਧੇ ਨਾਲ ਪੰਜਾਬੀ ਵਿਦਿਆਰਥੀਆਂ ਲਈ ਮੁਸ਼ਕਲਾਂ ਹੋਰ ਵਧ ਜਾਣਗੀਆਂ ਜਿਨ੍ਹਾਂ ਨੂੰ ਦਾਖਲਾ ਦੇਣ ਤੋਂ ਪਹਿਲਾਂ ਹੀ ਕਈ ਯੂਨੀਵਰਸਿਟੀਜ਼ ਇਨਕਾਰ ਕਰ ਚੁੱਕੀਆਂ ਹਨ।