ਹਮਾਸ ਦੇ ਮੁਖੀ ਦਾ ਤਹਿਰਾਨ ਵਿਚ ਕਤਲ

ਹਮਾਸ ਦੇ ਮੁਖੀ ਇਸਮਾਈਲ ਹਾਨੀਏ ਨੂੰ ਇਜ਼ਰਾਈਲ ਨੇ ਮਾਰ ਮੁਕਾਇਆ ਹੈ ਅਤੇ ਈਰਾਨ ਵੱਲੋਂ ਇਜ਼ਰਾਈਲ ’ਤੇ ਹਮਲਾ ਕਰਨ ਦੀ ਧਮਕੀ ਦਿਤੀ ਗਈ ਹੈ।

Update: 2024-07-31 11:15 GMT

ਤਹਿਰਾਨ : ਹਮਾਸ ਦੇ ਮੁਖੀ ਇਸਮਾਈਲ ਹਾਨੀਏ ਨੂੰ ਇਜ਼ਰਾਈਲ ਨੇ ਮਾਰ ਮੁਕਾਇਆ ਹੈ ਅਤੇ ਈਰਾਨ ਵੱਲੋਂ ਇਜ਼ਰਾਈਲ ’ਤੇ ਹਮਲਾ ਕਰਨ ਦੀ ਧਮਕੀ ਦਿਤੀ ਗਈ ਹੈ। ਈਰਾਨ ਦੇ ਨਵੇਂ ਚੁਣੇ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਹਾਨੀਏ ਤਹਿਰਾਨ ਪੁੱਜਾ ਸੀ ਅਤੇ ਭਾਰਤੀ ਸਮੇਂ ਮੁਤਾਬਕ ਬੁੱਧਵਾਰ ਸਵੇਰੇ ਤਕਰੀਬਨ 4 ਵਜੇ ਮਿਜ਼ਾਈਲ ਹਮਲੇ ਦੌਰਾਨ ਮਾਰਿਆ ਗਿਆ। ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਵੱਲੋਂ ਇਸਮਾਈਲ ਹਾਨੀਏ ਦੀ ਮੌਤ ਦੀ ਤਸਦੀਕ ਕਰ ਦਿਤੀ ਗਈ ਹੈ ਅਤੇ ਹਮਲੇ ਦੌਰਾਨ ਉਸ ਦਾ ਇਕ ਬੌਡੀਗਾਰਡ ਵੀ ਮਾਰਿਆ ਗਿਆ। ਹਾਨੀਏ ਦੀ ਅਗਵਾਈ ਹੇਠ ਹਮਾਸ ਨੇ ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ’ਤੇ ਇਕ ਵੱਡਾ ਹਮਲਾ ਕੀਤਾ ਅਤੇ 1200 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ।

ਈਰਾਨ ਵੱਲੋਂ ਇਜ਼ਰਾਈਲ ਨੂੰ ਸਿੱਟੇ ਭੁਗਤਣ ਦੀ ਧਮਕੀ

ਹਮਲੇ ਕਾਰਨ ਗੁੱਸੇ ਵਿਚ ਆਏ ਇਜ਼ਰਾਈਲ ਨੇ ਪੂਰੀ ਗਾਜ਼ਾ ਪੱਟੀ ਹੀ ਉਜਾੜ ਦਿਤੀ ਅਤੇ ਬਹਾਨਾ ਹਮਾਸ ਦੇ ਅਤਿਵਾਦੀ ਲੁਕੇ ਹੋਣ ਦਾ ਦਿਤਾ ਗਿਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਫੌਜ ਮੁਖੀਆਂ ਦੀ ਬੈਠਕ ਸੱਦੀ ਗਈ ਹੈ ਜਿਸ ਵਿਚ ਹਾਨੀਏ ਦੀ ਮੌਤ ਬਾਰੇ ਗੱਲਬਾਤ ਕੀਤੀ ਜਾਵੇਗੀ। ਉਧਰ ਈਰਾਨ ਦੇ ਰਾਸ਼ਟਰਪਤੀ ਮਸੂਦ ਪਜਸ਼ਕਿਆਨ ਵੱਲੋਂ ਇਜ਼ਰਾਈਲ ਨੂੰ ਸਿੱਟੇ ਭੁਗਤਣ ਦੀ ਧਮਕੀ ਦਿਤੀ ਗਈ ਹੈ। ਹਾਨੀਏ ਦੀ ਮੌਤ ਮਗਰੋਂ ਉਨ੍ਹਾਂ ਕਿਹਾ, ‘‘ਅਸੀਂ ਇਜ਼ਰਾਈਲ ਨੂੰ ਪਛਤਾਉਣ ਵਾਸਤੇ ਮਜਬੂਰ ਕਰ ਦਿਆਂਗੇ। ਈਰਾਨ ਆਪਣੀ ਖੁਦਮੁਖਤਿਆਰੀ ਅਤੇ ਰੁਤਬੇ ਦੀ ਰਾਖੀ ਜ਼ਰੂਰ ਕਰੇਗਾ।’’ ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਮੀਨੀ ਦੀ ਮੁਲਾਕਾਤ ਇਸਮਾਈਲ ਹਾਨੀਏ ਨਾਲ ਹੋਈ ਸੀ ਜਿਸ ਮਗਰੋਂ ਵੱਡੇ ਆਗੂਆਂ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਉਠਣ ਲੱਗੇ ਹਨ। ਸਿਰਫ ਦੋ ਮਹੀਨੇ ਪਹਿਲਾਂ ਹੀ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਸੀ।

ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਤਹਿਰਾਨ ਪੁੱਜਾ ਸੀ ਹਾਨੀਏ

ਮੰਨਿਆ ਜਾ ਰਿਹਾ ਹੈ ਕਿ ਹਾਨੀਏ ਦੀ ਰਿਹਾਇਸ਼ ’ਤੇ ਗਾਇਡਡ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ। ਕੌਮਾਂਤਰੀ ਪੱਧਰ ’ਤੇ ਇਸ ਘਟਨਾ ਬਾਰੇ ਵੱਖੋ ਵੱਖਰੀ ਪ੍ਰਤੀਕਿਰਿਆ ਆ ਰਹੀ ਹੈ। ਰੂਸ ਨੇ ਇਸ ਨੂੰ ਸਿਆਸੀ ਕਤਲ ਕਰਾਰ ਦਿੰਦਿਆਂ ਕਿਹਾ ਹੈ ਕਿ ਮੱਧ ਪੂਰਬ ਵਿਚ ਟਕਰਾਅ ਵਧ ਸਕਦਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਵੱਲੋਂ ਵੀ ਹਾਨੀਏ ਦੇ ਕਤਲ ਦਾ ਵਿਰੋਧ ਕੀਤਾ ਗਿਆ ਹੈ। ਤੁਰਕੀ ਵੱਲੋਂ ਇਸ ਘਟਨਾ ਨੂੰ ਗੰਭੀਰ ਅਪਰਾਧ ਕਰਾਰ ਦਿਤਾ ਗਿਆ ਹੈ। ਦੂਜੇ ਪਾਸੇ ਅਮਰੀਕਾ ਨੇ ਕਿਹਾ ਹੈ ਕਿ ਜੇ ਇਜ਼ਰਾਈਲ ’ਤੇ ਹਮਲਾ ਹੁੰਦਾ ਹੈ ਤਾਂ ਉਸ ਦੀ ਮਦਦ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸਮਾਈਲ ਹਾਨੀਏ ਪਿਛਲੇ ਸਾਲ ਕਤਰ ਵਿਚ ਰਹਿ ਰਿਹਾ ਸੀ।

Tags:    

Similar News