ਅਮਰੀਕਾ ਦੇ ਸਭ ਤੋਂ ਉਚੇ ਰੁਤਬੇ ਵੱਲ ਕਮਲਾ ਹੈਰਿਸ ਦਾ ਇਕ ਹੋਰ ਕਦਮ

ਅਮਰੀਕਾ ਦੇ ਸਭ ਤੋਂ ਉਚੇ ਰੁਤਬੇ ਵੱਲ ਇਕ ਹੋਰ ਕਦਮ ਅੱਗੇ ਵਧਾਉਂਦਿਆਂ ਕਮਲਾ ਹੈਰਿਸ ਨੇ ਰਸਮੀ ਤੌਰ ’ਤੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਪ੍ਰਵਾਨ ਕਰ ਲਈ।

Update: 2024-08-23 12:17 GMT

ਸ਼ਿਕਾਗੋ : ਅਮਰੀਕਾ ਦੇ ਸਭ ਤੋਂ ਉਚੇ ਰੁਤਬੇ ਵੱਲ ਇਕ ਹੋਰ ਕਦਮ ਅੱਗੇ ਵਧਾਉਂਦਿਆਂ ਕਮਲਾ ਹੈਰਿਸ ਨੇ ਰਸਮੀ ਤੌਰ ’ਤੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਪ੍ਰਵਾਨ ਕਰ ਲਈ। ਡੈਮੋਕ੍ਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ ਦੇ ਅੰਤਮ ਦਿਨ ਕਮਲਾ ਹੈਰਿਸ ਨੇ ਅਮਰੀਕਾ ਦੇ ਭਵਿੱਖ ਲਈ ਸੰਘਰਸ਼ ਕਰਨ ਦਾ ਅਹਿਦ ਕੀਤਾ ਅਤੇ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਸਾਡੇ ਮੁਲਕ ਵਾਸਤੇ ਬੇਹੱਦ ਅਹਿਮ ਹੋਣਗੀਆਂ ਕਿਉਂਕਿ ਰਿਪਬਲਿਕਨ ਪਾਰਟੀ ਵੱਲੋਂ ਮੈਦਾਨ ਵਿਚ ਉਤਾਰਿਆ ਉਮੀਦਵਾਰ ਸਿਰਫ਼ ਅਤੇ ਸਿਰਫ਼ ਆਪਣੇ ਬਾਰੇ ਸੋਚਦਾ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਨਾਲ ਉਸ ਦਾ ਕੋਈ ਵਾਹ-ਵਾਸਤਾ ਨਹੀਂ। ਡੌਨਲਡ ਟਰੰਪ ’ਤੇ ਤਾਬੜ-ਤੋੜ ਹਮਲੇ ਜਾਰੀ ਰਖਦਿਆਂ ਕਮਲਾ ਹੈਰਿਸ ਨੇ ਚਾਰ ਸਾਲ ਪਹਿਲਾਂ ਵਾਪਰਿਆ ਘਟਨਾਕ੍ਰਮ ਚੇਤੇ ਕਰਵਾਇਆ ਜਦੋਂ ਟਰੰਪ ਨੇ ਚੋਣ ਨਤੀਜੇ ਪ੍ਰਵਾਨ ਕਰਨ ਤੋਂ ਨਾਂਹ ਕਰ ਦਿਤੀ ਸੀ। ਕਮਲਾ ਹੈਰਿਸ ਨੇ ਕਿਹਾ ਕਿ ਜਦੋਂ ਟਰੰਪ ਹਾਰ ਗਏ ਤਾਂ ਹਥਿਆਰਬੰਦ ਭੀੜ ਨੂੰ ਅਮਰੀਕਾ ਦੀ ਸੰਸਦ ਵੱਲ ਭੇਜ ਦਿਤਾ।

ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਰਸਮੀ ਤੌਰ ’ਤੇ ਕੀਤੀ ਪ੍ਰਵਾਨ

ਰਿਪਬਲਿਕਨ ਪਾਰਟੀ ਦੇ ਆਗੂ ਭੀੜ ਨੂੰ ਕੰਟਰੋਲ ਕਰਨ ਲਈ ਤਰਲੇ ਕਰਦੇ ਰਹੇ ਪਰ ਟਰੰਪ ਨੇ ਬਿਲਕੁਲ ਉਲਟ ਕੀਤਾ। ਦੂਜੇ ਪਾਸੇ ਕਮਲਾ ਹੈਰਿਸ ਨੇ ਰਾਸ਼ਟਰਪਤੀ ਜੋਅ ਬਾਇਡਨ ਦੀ ਸ਼ਲਾਘਾ ਕਰਦਿਆਂ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਜੋਅ ਬਾਇਡਨ ਦਾ ਕਿਰਦਾਰ ਹਮੇਸ਼ਾ ਪ੍ਰੇਰਿਤ ਕਰਦਾ ਰਿਹਾ ਹੈ। ਆਪਣੀ ਮਾਂ ਸ਼ਾਮਲਾ ਗੋਪਾਲਨ ਨੂੰ ਯਾਦ ਕਰਦਿਆਂ ਕਮਲਾ ਹੈਰਿਸ ਨੇ ਕਿਹਾ ਕਿ 19 ਸਾਲ ਦੀ ਕੁੜੀ ਸੱਤ ਸਮੁੰਦਰ ਪਾਰ ਕਰ ਕੇ ਭਾਰਤ ਤੋਂ ਕੈਲੇਫੋਰਨੀਆ ਪੁੱਜ ਗਈ ਜੋ ਵਿਗਿਆਨੀ ਬਣਨਾ ਚਾਹੁੰਦੀ ਸੀ। ਮਾਂ ਨੇ ਸਾਡੀ ਪਰਵਰਿਸ਼ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਪੜ੍ਹਾ-ਲਿਖਾ ਕੇ ਵੱਡੇ ਕੀਤਾ। ਪਿਤਾ ਡੌਨਲਡ ਜੈਸਪਰ ਹੈਰਿਸ ਦਾ ਜ਼ਿਕਰ ਕਰਦਿਆਂ ਕਮਲਾ ਹੈਰਿਸ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਬੇਖੌਫ ਰਹਿਣ ਦੀ ਸਿੱਖਿਆ ਦਿਤੀ। ਇਥੇ ਦਸਣਾ ਬਣਦਾ ਹੈ ਕਿ ਚੋਣ ਸਰਵੇਖਣਾਂ ਵਿਚ ਕਮਲਾ ਹੈਰਿਸ ਦਾ ਹੱਥ ਉਪਰ ਦੱਸਿਆ ਜਾ ਰਿਹਾ ਹੈ ਅਤੇ ਡੈਮੋਕ੍ਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ ਚੋਣ ਮੁਹਿੰਮ ਨੂੰ ਹੋਰ ਹੁਲਾਰਾ ਦੇਵੇਗੀ। ਕਮਲਾ ਹੈਰਿਸ ਨੇ ਉਮੀਦਵਾਰੀ ਹਾਸਲ ਕਰਨ ਦੇ 10 ਦਿਨ ਦੇ ਅੰਦਰ ਹੀ ਐਨਾ ਚੰਦਾ ਇਕੱਤਰ ਕਰ ਲਿਆ ਸੀ ਜਿੰਨਾ ਜੋਅ ਬਾਇਡਨ 15 ਮਹੀਨੇ ਵਿਚ ਇਕੱਠਾ ਨਹੀਂ ਸਨ ਕਰ ਸਕੇ। ਆਮ ਲੋਕਾਂ ਵਿਚੋਂ ਕੁਝ ਡੈਮੋਕ੍ਰੈਟਿਕ ਪਾਰਟੀ ਦਾ ਹਮਾਇਤੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਵੋਟ ਪਾਉਣ ਤੋਂ ਪਾਸਾ ਵੱਟ ਰਹੇ ਸਨ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਬਿਲ ਕÇਲੰਟਨ ਦੇ ਕੌਮੀ ਕਨਵੈਨਸ਼ਨ ਵਿਚ ਸ਼ਾਮਲ ਹੋਣ ਮਗਰੋਂ ਡੈਮੋਕ੍ਰੈਟਿਕ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।

Tags:    

Similar News