ਅਮਰੀਕਾ ’ਚ ਇਕ ਹੋਰ ਪ੍ਰਵਾਸੀ ਟਰੱਕ ਡਰਾਈਵਰ ਨਾਲ ਹਾਦਸਾ, 3 ਮੌਤਾਂ
ਅਮਰੀਕਾ ਵਿਚ ਪ੍ਰਵਾਸੀ ਟਰੱਕ ਡਰਾਈਵਰਾਂ ਹੱਥੋਂ ਹਾਦਸਿਆਂ ਦੀ ਲੜੀ ਵਿਚ ਇਕ ਹੋਰ ਮਾਮਲਾ ਜੁੜ ਗਿਆ ਜਦੋਂ ਨਿਊ ਜਰਸੀ ਦੇ ਈਸਟ ਵਿੰਡਸਰ ਕਸਬੇ ਨੇੜੇ ਇਕ ਟਰੈਕਟਰ-ਟ੍ਰੇਲਰ ਅਤੇ ਐਸ.ਯੂ.ਵੀ. ਦੀ ਟੱਕਰ ਦੌਰਾਨ ਤਿੰਨ ਜਣਿਆਂ ਦੀ ਮੌਤ ਹੋ ਗਈ
ਨਿਊ ਜਰਸੀ : ਅਮਰੀਕਾ ਵਿਚ ਪ੍ਰਵਾਸੀ ਟਰੱਕ ਡਰਾਈਵਰਾਂ ਹੱਥੋਂ ਹਾਦਸਿਆਂ ਦੀ ਲੜੀ ਵਿਚ ਇਕ ਹੋਰ ਮਾਮਲਾ ਜੁੜ ਗਿਆ ਜਦੋਂ ਨਿਊ ਜਰਸੀ ਦੇ ਈਸਟ ਵਿੰਡਸਰ ਕਸਬੇ ਨੇੜੇ ਇਕ ਟਰੈਕਟਰ-ਟ੍ਰੇਲਰ ਅਤੇ ਐਸ.ਯੂ.ਵੀ. ਦੀ ਟੱਕਰ ਦੌਰਾਨ ਤਿੰਨ ਜਣਿਆਂ ਦੀ ਮੌਤ ਹੋ ਗਈ। ਨਿਊ ਜਰਸੀ ਸਟੇਟ ਪੁਲਿਸ ਨੇ ਦੱਸਿਆ ਕਿ ਬਲੂਮਫ਼ੀਲਡ ਨਾਲ ਸਬੰਧਤ ਪਰਵਾਰ ਕਿਸੇ ਕਾਰਨ ਕਰ ਕੇ ਹਾਈਵੇਅ ਦੇ ਕਿਨਾਰੇ ਰੁਕਿਆ ਪਰ ਕੁਝ ਹੀ ਪਲਾਂ ਵਿਚ ਇਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿਤੀ ਅਤੇ ਇਕ ਬੱਚੇ ਸਣੇ ਤਿੰਨ ਜਣੇ ਦਮ ਤੋੜ ਗਏ। ਟਰੱਕ ਚਲਾ ਰਹੇ 33 ਸਾਲਾ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਉਸ ਦੇ ਇੰਮੀਗ੍ਰੇਸ਼ਨ ਸਟੇਟਸ ਬਾਰੇ ਕੋਈ ਜਾਣਕਾਰੀ ਸਾਂਝੀ ਨਾ ਕੀਤੀ ਗਈ।
ਨਿਊ ਜਰਸੀ ਦੇ ਹਾਈਵੇਅ ’ਤੇ ਖੜ੍ਹੀ ਗੱਡੀ ਵਿਚ ਵੱਜਿਆ ਟਰੱਕ
ਹਾਦਸੇ ਦੌਰਾਨ ਜ਼ਖਮੀ ਇਕ ਨਾਬਾਲਗ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਯੂਟਾਹ ਸੂਬੇ ਵਿਚ ਕਾਰ ਅਤੇ ਟਰੱਕ ਦੀ ਟੱਕਰ ਦੌਰਾਨ ਗਰੀਨ ਰਿਵਰ ਸ਼ਹਿਰ ਦੇ ਮੇਅਰ ਰੈਨ ਹੈਟ ਦੀ ਮੌਤ ਹੋ ਗਈ। ਯੂਟਾਹ ਹਾਈਵੇਅ ਪੈਟਰੋਲ ਦੇ ਅਫ਼ਸਰਾਂ ਨੇ ਦੱਸਿਆ ਕਿ ਹਾਦਸਾ ਯੂ.ਐਸ. ਰੂਟ 6 ’ਤੇ ਵਾਪਰਿਆ ਜਦੋਂ ਪੱਛਮ ਵੱਲ ਜਾ ਰਿਹਾ ਇਕ ਟ੍ਰਾਂਸਪੋਰਟ ਟਰੱਕ ਬੇਕਾਬੂ ਹੋ ਕੇ ਪੂਰਬ ਵੱਲ ਜਾ ਰਹੀਆਂ ਲੇਨਜ਼ ਵਿਚ ਦਾਖਲ ਹੋ ਗਿਆ ਅਤੇ ਮੇਅਰ ਦੀ ਗੱਡੀ ਨੂੰ ਦਰੜ ਦਿਤਾ।
ਯੂਟਾਹ ਦੇ ਮੇਅਰ ਨੂੰ ਬੇਕਾਬੂ ਟਰੱਕ ਨੇ ਦਰੜਿਆ, ਮੌਕੇ ’ਤੇ ਮੌਤ
ਹਾਦਸੇ ਦੌਰਾਨ ਮਰਨ ਵਾਲੇ ਸ਼ਖਸ ਦੀ ਪਛਾਣ ਮੁਢਲੇ ਤੌਰ ’ਤੇ ਪਤਾ ਨਾ ਲੱਗ ਸਕੀ ਪਰ ਗਰੀਨ ਰਿਵਰ ਸਿਟੀ ਕੌਂਸਲ ਨੇ ਸੋਸ਼ਲ ਮੀਡੀਆ ਰਾਹੀਂ ਤਸਦੀਕ ਕਰ ਦਿਤਾ ਕਿ ਮੇਅਰ ਇਸ ਦੁਨੀਆਂ ਵਿਚ ਨਹੀਂ ਰਹੇ। ਮੇਅਰ ਦੀ ਮੰਗੇਤਰ ਮਾਰੀਆ ਸਾਇਕਸ ਨੇ ਵੀ ਫੇਸਬੁਕ ਰਾਹੀਂ ਰੈਨ ਹੈਟ ਦੇ ਅਕਾਲ ਚਲਾਣੇ ਬਾਰੇ ਜਾਣਕਾਰੀ ਸਾਂਝੀ ਕਰ ਦਿਤੀ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਮੇਅਰ ਦੀ ਮੌਤ ਦੇ ਸੋਗ ਵਜੋਂ ਗਰੀਨ ਰਿਵਰ ਸ਼ਹਿਰ ਵਿਚ ਝੰਡੇ ਅੱਧੇ ਝੁਕੇ ਰਹੇ। ਹਾਦਸੇ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਦੀ ਸ਼ਨਾਖਤ ਸਾਹਮਣੇ ਨਹੀਂ ਆ ਸਕੀ ਜਿਸ ਨੂੰ ਡਾਕਟਰੀ ਮੁਆਇਨੇ ਲਈ ਹਸਪਤਾਲ ਲਿਜਾਇਆ ਗਿਆ।