ਯੂਕਰੇਨ ਵੱਲੋਂ ਰੂਸ ’ਤੇ ਇਕ ਹੋਰ ਵੱਡਾ ਹਮਲਾ
ਯੂਕਰੇਨੀ ਫੌਜ ਨੇ ਰੂਸ ਉਤੇ ਇਕ ਹੋਰ ਵੱਡਾ ਹਮਲਾ ਕਰਦਿਆਂ ਸਪਲਾਈ ਚੇਨ ਵਾਸਤੇ ਅਹਿਮ ਪੁਲ ਉਡਾ ਦਿਤਾ। ਯੂਕਰੇਨੀ ਹਵਾਈ ਫੌਜ ਦੇ ਕਮਾਂਡਰ ਮਾਯਕੋਲਾ ਓਲੇਸ਼ਚੁਕ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਰਣਨੀਤਕ ਪੱਖੋਂ;
ਕੀਵ : ਯੂਕਰੇਨੀ ਫੌਜ ਨੇ ਰੂਸ ਉਤੇ ਇਕ ਹੋਰ ਵੱਡਾ ਹਮਲਾ ਕਰਦਿਆਂ ਸਪਲਾਈ ਚੇਨ ਵਾਸਤੇ ਅਹਿਮ ਪੁਲ ਉਡਾ ਦਿਤਾ। ਯੂਕਰੇਨੀ ਹਵਾਈ ਫੌਜ ਦੇ ਕਮਾਂਡਰ ਮਾਯਕੋਲਾ ਓਲੇਸ਼ਚੁਕ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਰਣਨੀਤਕ ਪੱਖੋਂ ਇਹ ਪੁਲ ਵੱਡੀ ਅਹਿਮੀਅਤ ਰਖਦਾ ਹੈ ਜਿਸ ਦੇ ਟੁੱਟ ਮਗਰੋਂ ਰੂਸ ਦੀ ਸਪਲਾਈ ਚੇਨ ਬੁਰੀ ਤਰ੍ਹਾਂ ਪ੍ਰਭਾਵਤ ਹੋਵੇਗੀ। ਦੋ ਦਿਨ ਪਹਿਲਾਂ ਯੂਕਰੇਨੀ ਫੌਜ ਨੇ ਗਲੁਸ਼ਕੋਵੋ ਵਿਖੇ ਇਕ ਪੁਲ ਉਡਾ ਦਿਤਾ ਸੀ। ਇਹ ਪੁਲ ਸੀਮ ਨਦੀ ’ਤੇ ਬਣਿਆ ਹੋਇਆ ਸੀ ਜੋ ਯੂਕਰੇਨ ਦੀ ਸਰਹੱਦ ਤੋਂ 15 ਕਿਲੋਮੀਟਰ ਦੂਰ ਹੈ। ਐਤਵਾਰ ਨੂੰ ਕੀਤੇ ਗਏ ਹਮਲੇ ਬਾਰੇ ਪਤਾ ਨਹੀਂ ਲੱਗ ਸਕਿਆ ਕਿ ਆਖਰਕਾਰ ਇਹ ਕਿਹੜੀ ਜਗ੍ਹਾ ’ਤੇ ਕੀਤਾ ਗਿਆ। ਰੂਸੀ ਚੈਨਲਾਂ ਵੱਲੋਂ ਪ੍ਰਸਾਰਤ ਰਿਪੋਰਟਾਂ ਮੁਤਾਬਕ ਸੀਮ ਨਦੀ ’ਤੇ ਬਣੇ ਇਕ ਹੋਰ ਪੁਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਪੁਲ ਉਡਾਉਂਦਿਆਂ ਸਪਲਾਈ ਲਾਈਨ ਬੰਦ ਕੀਤੀ
ਰੂਸ ਦੀ ਮੈਸ਼ ਨਿਊਜ਼ ਨੇ ਦੱਸਿਆ ਕਿ ਕੁਰਸਕ ਇਲਾਕੇ ਵਿਚ ਸੀਮ ਨਦੀ ’ਤੇ ਤਿੰਨ ਪੁਲਿਸ ਅਤੇ ਹੁਣ ਸਿਰਫ ਇਕ ਹੀ ਬਾਕੀ ਬਚਿਆ ਹੈ। ਇਥੇ ਦਸਣਾ ਬਣਦਾ ਹੈ ਕਿ ਯੂਕਰੇਨ ਵੱਲੋਂ ਬੇਲਾਰੂਸ ਦੀ ਸਰਹੱਦ ’ਤੇ ਹਜ਼ਾਰਾਂ ਫੌਜੀ ਤੈਨਾਤ ਕੀਤੇ ਹੋਏ ਹਨ। ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੈਂਕੋ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਯੂਕਰੇਨ ਵੱਲੋਂ ਬੇਲਾਰੂਸ ਦੀ ਸਰਹੱਦ ’ਤੇ ਜੁਲਾਈ ਵਿਚ 1 ਲੱਖ 20 ਹਜ਼ਾਰ ਫੌਜੀ ਤੈਨਾਤ ਕੀਤੇ ਗਏ ਅਤੇ ਬਾਅਦ ਵਿਚ ਨਫਰੀ ਹੋਰ ਵਧਾਈ ਗਈ। ਇਸ ਦੇ ਜਵਾਬ ਵਿਚ ਬੇਲਾਰੂਸ ਦੇ ਇਕ ਤਿਹਾਈ ਫੌਜ ਯੂਕਰੇਨੀ ਬਾਰਡਰ ’ਤੇ ਤੈਨਾਤ ਕਰਨੀ ਪਈ। ਬਰਤਾਨਵੀ ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ 2022 ਵਿਚ ਬੇਲਾਰੂਸ ਕੋਲ 60 ਹਜ਼ਾਰ ਦੀ ਫੌਜ ਸੀ ਅਤੇ ਅਜਿਹੇ ਵਿਚ 20 ਹਜ਼ਾਰ ਫੌਜੀ ਯੂਕਰੇਨੀ ਸਰਹੱਦ ’ਤੇ ਤੈਨਾਤ ਕੀਤੇ ਗਏ। ਯੂਕਰੇਨ ਦੇ ਰਾਸ਼ਟਰਪਤੀ ਵਲੌਦੀਮੀਰ ਜ਼ੈਲੈਂਸਕੀ ਨੇ ਐਤਵਾਰ ਨੂੰ ਕਿਹਾ ਕਿ ਰੂਸੀ ਇਲਾਕੇ ਨੂੰ ਬਫ਼ਰ ਜ਼ੋਨ ਬਣਾਇਆ ਜਾਵੇਗਾ। ਦੱਸ ਦੇਈਏ ਕਿ ਬਫਰ ਜ਼ੋਨ ਦੋ ਮੁਲਕਾਂ ਦਰਮਿਆਨ ਇਕ ਖਾਲੀ ਇਲਾਕਾ ਹੁੰਦਾ ਹੈ ਜਿਥੇ ਕਿਸੇ ਦਾ ਕਬਜ਼ਾ ਨਹੀਂ ਹੁੰਦਾ।