ਗਾਜ਼ਾ ਵਿਚ ਇਜ਼ਰਾਈਲ ਦੀ ਫੌਜ ਕਾਰਵਾਈ ਕਾਰਨ ਇਸਲਾਮਿਕ ਮੁਲਕਾਂ ਵਿਚ ਗੁੱਸਾ
ਇਜ਼ਰਾਈਲ ਵੱਲੋਂ ਗਾਜ਼ਾ ਵਿਚ ਕੀਤੀ ਜਾ ਰਹੀ ਫੌਜੀ ਕਾਰਵਾਈ ਦਾ ਇਸਲਾਮਿਕ ਮੁਲਕਾਂ ਵੱਲੋਂ ਖੁੱਲ੍ਹ ਕੇ ਵਿਰੋਧ ਸ਼ੁਰੂ ਹੋ ਗਿਆ ਹੈ।
ਰਿਆਧ : ਇਜ਼ਰਾਈਲ ਵੱਲੋਂ ਗਾਜ਼ਾ ਵਿਚ ਕੀਤੀ ਜਾ ਰਹੀ ਫੌਜੀ ਕਾਰਵਾਈ ਦਾ ਇਸਲਾਮਿਕ ਮੁਲਕਾਂ ਵੱਲੋਂ ਖੁੱਲ੍ਹ ਕੇ ਵਿਰੋਧ ਸ਼ੁਰੂ ਹੋ ਗਿਆ ਹੈ। ਜੀ ਹਾਂ, ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਇਜ਼ਰਾਈਲ ’ਤੇ ਗਾਜ਼ਾ ਅਤੇ ਲੈਬਨਾਨ ਵਿਚ ਕਤਲੇਆਮ ਕਰਨ ਦਾ ਦੋਸ਼ ਲਾਇਆ ਹੈ ਅਤੇ ਕਿਹਾ ਕਿ ਫਲਸਤੀਨ ਨੂੰ ਇਕ ਆਜ਼ਾਦ ਮੁਲਕ ਦਾ ਦਰਜਾ ਮਿਲਣਾ ਚਾਹੀਦਾ ਹੈ। ਸਲਮਾਨ ਨੇ ਇਜ਼ਰਾਈਲ ਨੂੰ ਚਿਤਾਵਨੀ ਦਿਤੀ ਕਿ ਈਰਾਨ ’ਤੇ ਹਮਲਾ ਕਰਨ ਦੀ ਭੁੱਲ ਕਦੇ ਵੀ ਨਾ ਕੀਤੀ ਜਾਵੇ ਅਤੇ ਪੱਛਮੀ ਤਟ ਅਤੇ ਗਾਜ਼ਾ ਵਿਚੋਂ ਇਜ਼ਰਾਇਲੀ ਫੌਜ ਵਾਪਸ ਸੱਦੀ ਜਾਵੇ। ਸਾਊਦੀ ਅਰਬ ਵੱਲੋਂ ਈਰਾਨ ਨਾਲ ਸਬੰਧਾਂ ਵਿਚ ਸੁਧਾਰ ਦੇ ਸੰਕੇਤ ਨਜ਼ਰ ਆਏ।
ਸਾਊਦੀ ਅਰਬ ਨੇ ਫੌਜੀ ਕਾਰਵਾਈ ਨੂੰ ਕਤਲੇਆਮ ਦੱਸਿਆ
ਦੱਸ ਦੇਈਏ ਕਿ ਗਾਜ਼ਾ ਵਿਚ ਜੰਗ ਸ਼ੁਰੂ ਹੋਣ ਮਗਰੋਂ ਪਹਿਲੀ ਵਾਰ ਹੈ ਜਦੋਂ ਇਸਲਾਮਿਕ ਮੁਲਕਾਂ ਵੱਲੋਂ ਇਜ਼ਰਾਈਲ ਦੀ ਤਿੱਖੇ ਸ਼ਬਦਾਂ ਵਿਚ ਨੁਕਤਾਚੀਨੀ ਕੀਤੀ ਗਈ। ਸਾਊਦੀ ਅਰਬ ਦੀ ਪਹਿਲਕਦਮੀ ’ਤੇ ਰਿਆਧ ਵਿਖੇ ਇਸਲਾਮਿਕ ਮੁਲਕਾਂ ਨੇ ਐਮਰਜੰਸੀ ਮੀਟਿੰਗ ਸੱਦੀ ਜਿਸ ਵਿਚ 50 ਤੋਂ ਜ਼ਿਆਦਾ ਮੁਲਕਾਂ ਦੇ ਨੁਮਾਇੰਦੇ ਸ਼ਾਮਲ ਹੋਏ। ਇਸਲਾਮਿਕ ਮੁਲਕਾਂ ਦਾ ਇਕੱਠ ਅਜਿਹੇ ਸਮੇਂ ਹੋਇਆ ਜਦੋਂ ਅਮਰੀਕਾ ਵਿਚ ਡੌਨਲਡ ਟਰੰਪ ਚੋਣ ਜਿੱਤ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸਲਾਮਿਕ ਮੁਲਕ ਟਰੰਪ ’ਤੇ ਦਬਾਅ ਪਾਉਣਾ ਚਾਹੁੰਦੇ ਹਨ ਤਾਂਕਿ ਇਜ਼ਰਾਈਲ ਦੀ ਕਾਰਵਾਈ ਰੋਕੀ ਜਾ ਸਕੇ। ਉਧਰ ਇਕ ਹੋਰ ਮੀਡੀਆ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਸੰਮੇਲਨ ਤੋਂ ਪਹਿਲਾਂ ਈਰਾਨ ਦੇ ਰਾਸ਼ਟਰਪਤੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੂੰ ਫੋਨ ਕਰ ਕੇ ਉਨ੍ਹਾਂ ਦੀ ਸ਼ਲਾਘਾ ਕੀਤੀ। ਈਰਾਨ ਵੱਲੋਂ ਸੰਮੇਲਨ ਵਿਚ ਉਪ ਰਾਸ਼ਟਰਪਤੀ ਮੁਹੰਮ ਰੇਜ਼ ਆਰਿਫ ਸ਼ਾਮਲ ਹੋਏ ਅਤੇ ਗਾਜ਼ਾ ਵਿਚ ਵਾਪਰ ਰਹੇ ਘਟਨਾਕ੍ਰਮ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਇਸਲਾਮਿਕ ਮੁਲਕਾਂ ਨੂੰ ਇਕਜੁਟ ਹੋਣ ਦਾ ਸੱਦਾ ਦਿਤਾ।