ਅਮਰੀਕਾ : ਸਿੱਖਾਂ ਉਤੇ ਨਸਲੀ ਹਮਲਿਆਂ ਵਿਚ ਆਈ ਕਮੀ

ਅਮਰੀਕਾ ਵਿਚ ਸਿੱਖਾਂ ਵਿਰੁੱਧ ਨਸਲੀ ਹਮਲਿਆਂ ਵਿਚ ਕਮੀ ਆਈ ਹੈ ਪਰ ਹੁਣ ਵੀ ਤੀਜਾ ਸਭ ਤੋਂ ਵੱਧ ਨਿਸ਼ਾਨਾ ਬਣਨ ਵਾਲਾ ਭਾਈਚਾਰਾ ਸਿੱਖ ਹੀ ਹਨ।;

Update: 2024-09-25 12:16 GMT

ਵਾਸ਼ਿੰਗਟਨ ਡੀ.ਸੀ.  : ਅਮਰੀਕਾ ਵਿਚ ਸਿੱਖਾਂ ਵਿਰੁੱਧ ਨਸਲੀ ਹਮਲਿਆਂ ਵਿਚ ਕਮੀ ਆਈ ਹੈ ਪਰ ਹੁਣ ਵੀ ਤੀਜਾ ਸਭ ਤੋਂ ਵੱਧ ਨਿਸ਼ਾਨਾ ਬਣਨ ਵਾਲਾ ਭਾਈਚਾਰਾ ਸਿੱਖ ਹੀ ਹਨ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਤਾਜ਼ਾ ਰਿਪੋਰਟ ਮੁਤਾਬਕ ਅਮਰੀਕਾ ਵਿਚ 2023 ਦੌਰਾਨ ਹਿੰਸਕ ਅਪਰਾਧਾਂ ਵਿਚ ਕਮੀ ਆਈ ਪਰ ਨਫ਼ਰਤੀ ਹਮਲਿਆਂ ਵਿਚ ਵਾਧਾ ਹੋਇਆ ਹੈ। ਪਿਛਲੇ ਸਾਲ ਅਮਰੀਕਾ ਵਿਚ 11,862 ਨਫ਼ਰਤੀ ਹਮਲੇ ਹੋਏ ਜਦਕਿ 2022 ਵਿਚ ਇਹ ਅੰਕੜਾ 11,634 ਦਰਜ ਕੀਤਾ ਗਿਆ ਸੀ। ਅਮਰੀਕਾ ਵਿਚ ਸਿੱਖਾਂ ਉਤੇ ਸਭ ਤੋਂ ਵੱਧ ਹਮਲੇ 2022 ਵਿਚ ਹੋਏ ਜਦੋਂ ਇਕ ਮਗਰੋਂ ਇਕ ਘਟਨਾਵਾਂ ਸਾਹਮਣੇ ਆਉਣ ਲੱਗੀਆਂ। ਸਿੱਖ ਕੋਲੀਸ਼ਨ ਦੀ ਫੈਡਰਲ ਪੌਲਿਸੀ ਮੈਨੇਰ ਮਨਨਿਰਮਲ ਕੌਰ ਨੇ ਦੱਸਿਆ ਕਿ ਜਥੇਬੰਦੀ ਦੀ ਨੀਂਹ ਉਸ ਵੇਲੇ ਰੱਖੀ ਗਈ ਜਦੋਂ ਪਛਾਣ ਦੇ ਭੁਲੇਖੇ ਕਾਰਨ ਸਿੱਖ ਡੂੰਘੇ ਸੰਕਟ ਵਿਚ ਘਿਰੇ ਹੋਏ ਸਨ।

2023 ਦੌਰਾਨ ਨਫ਼ਰਤੀ ਹਮਲਿਆਂ ਵਿਚ ਹੋਇਆ 2 ਫੀ ਸਦੀ ਵਾਧਾ

ਯਹੂਦੀਆਂ ਅਤੇ ਮੁਸਲਮਾਨਾਂ ਮਗਰੋਂ ਸਭ ਤੋਂ ਵੱਧ ਨਿਸ਼ਾਨਾ ਬਣਾਏ ਜਾਣ ਵਾਲੇ ਸਿੱਖਾਂ ਉਤੇ ਹਮਲਿਆਂ ਵਿਚ ਕਮੀ ਨਾਲ ਸਬੰਧਤ ਅੰਕੜੇ ਵੇਖ ਕੇ ਰਾਹਤ ਮਿਲੀ ਹੈ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਮੁਲਕ ਵਿਚ ਅਪਰਾਧਕ ਘਟਨਾਵਾਂ ਕਮੀ ਆਉਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਕਿਹਾ ਕਿ ਲੋਕ ਸੁਰੱਖਿਆ ਅਤੇ ਬੰਦੂਕਾਂ ਵਿਰੁੱਧ ਕੀਤੀ ਕਾਰਵਾਈ ਦਾ ਹਾਂਪੱਖੀ ਨਤੀਜਾ ਦੇਖਣ ਨੂੰ ਮਿਲ ਰਿਹਾ ਹੈ। ਐਫ਼.ਬੀ.ਆਈ. ਦੀ ਰਿਪੋਰਟ ਮੁਤਾਬਕ ਕਤਲ ਦੀਆਂ ਵਾਰਦਾਤਾਂ ਵਿਚ ਪਿਛਲੇ 20 ਸਾਲ ਦੀ ਸਭ ਤੋਂ ਵੱਡੀ ਕਮੀ 2023 ਦੌਰਾਨ ਦਰਜ ਕੀਤੀ ਗਈ। ਕਤਲ ਦੀਆਂ ਵਾਰਦਾਤਾਂ 11.6 ਫੀ ਸਦੀ ਘਟੀਆਂ ਜਦਕਿ ਜਬਰ ਜਨਾਹ ਦੇ ਮਾਮਲਿਆਂ ਵਿਚ 9.4 ਫੀ ਸਦੀ ਕਮੀ ਦਰਜ ਕੀਤੀ ਗਈ। ਪੀਓ ਰਿਸਰਚ ਸੈਂਟਰ ਵੱਲੋਂ ਕੀਤੀ ਪੁਣ-ਛਾਣ ਮੁਤਾਬਕ ਅਮਰੀਕਾ ਵਿਚ 1993 ਤੋਂ 2022 ਦਰਮਿਆਨ ਹਿੰਸਕ ਅਪਰਾਧਾਂ ਵਿਚ 49 ਫ਼ੀ ਸਦੀ ਕਮੀ ਦਰਜ ਕੀਤੀ ਗਈ। ਉਧਰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੌਨਲਡ ਟਰੰਪ ਵੱਲੋਂ ਐਫ਼.ਬੀ.ਆਈ. ਦੇ ਅੰਕੜਿਆਂ ਨੂੰ ਥੋਥੇ ਕਰਾਰ ਦਿਤਾ ਗਿਆ ਹੈ।

1993 ਤੋਂ 2022 ਦਰਮਿਆਨ ਹਿੰਸਕ ਅਪਰਾਧ 49 ਫੀ ਸਦੀ ਘਟੇ

ਟਰੰਪ ਨੇ ਕਿਹਾ ਕਿ ਮੁੜ ਰਾਸ਼ਟਰਪਤੀ ਚੁਣੇ ਜਾਣ ’ਤੇ ਉਹ ਮਨੁੱਖੀ ਤਸਕਰਾਂ ਅਤੇ ਨਸ਼ਾ ਤਸਕਰਾਂ ਵਾਸਤੇ ਮੌਤ ਦੀ ਸਜ਼ਾ ਤੈਅ ਕਰਨਗੇ। ਇਥੇ ਦਸਣਾ ਬਣਦਾ ਹੈ ਕਿ 2022 ਵਿਚ ਨਿਊ ਯਾਰਕ ਸ਼ਹਿਰ ਦੇ ਨਾਲ ਲਗਦੇ ਇਲਾਕਿਆਂ ਵਿਚ ਕਈ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਵਿਚ ਇਕ ਬਜ਼ੁਰਗ ਵੀ ਸ਼ਾਮਲ ਸੀ। ਟੂਰਿਸਟ ਵੀਜ਼ਾ ’ਤੇ ਅਮਰੀਕਾ ਆਏ 70 ਸਾਲ ਦੇ ਨਿਰਮਲ ਸਿੰਘ ਗੁਰਦਵਾਰਾ ਸਾਹਿਬ ਜਾ ਰਹੇ ਸਨ ਜਦੋਂ ਇਕ ਅੱਲ੍ਹੜ ਨੇ ਬਗੈਰ ਕਿਸੇ ਕਾਰਨ ਹਮਲਾ ਕਰ ਦਿਤਾ। ਕੁਈਨਜ਼ ਵਿਖੇ ਤਿੰਨ ਸਿੱਖਾਂ ਉਤੇ ਹਮਲਾ ਕਰਨ ਦੇ ਦੋਸ਼ ਹੇਠ 19 ਸਾਲ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੂਜੇ ਪਾਸੇ ਵਾਸ਼ਿੰਗਟਨ ਡੀ.ਸੀ. ਵਿਖੇ ਸਿੱਖ ਟੈਕਸੀ ਡਰਾਈਵਰ ਨੂੰ ਨਿਸ਼ਾਨਾ ਬਣਾਇਆ ਗਿਆ। 22 ਸਾਲ ਦੇ ਸ਼ੱਕੀ ਨੇ ਊਬਰ ਡਰਾਈਵਰ ਨੂੰ ਪਹਿਲਾਂ ਮੰਦਾ ਚੰਗਾ ਬੋਲਿਆ ਅਤੇ ਫਿਰ ਖਿੱਚਧੂਹ ਵੀ ਕੀਤੀ। ਪੁਲਿਸ ਮੁਤਾਬਕ ਸ਼ੱਕੀ ਨੇ ਸਿੱਖ ਡਰਾਈਵਰ ਦਾ ਗਲ ਘੁੱਟਣ ਦਾ ਯਤਨ ਵੀ ਕੀਤਾ। ਤਾਜ਼ਾ ਮਾਮਲਾ ਮੈਨਹਟਨ ਵਿਖੇ ਸਾਹਮਣੇ ਆਇਆ ਜਦੋਂ ਸਵਾਰੀ ਦੀ ਉਡੀਕ ਕਰ ਰਹੇ ਸਿੱਖ ਟੈਕਸੀ ਡਰਾਈਵਰ ਦੇ ਪਿੱਛੋਂ ਆ ਕੇ ਸ਼ੱਕੀ ਨੇ ਹਮਲਾ ਕਰ ਦਿਤਾ। ਇਸ ਤੋਂ ਪਹਿਲਾਂ ਨਿਊ ਯਾਰਕ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਅੰਮ੍ਰਿਤਧਾਰੀ ਨੌਜਵਾਨ ਨੂੰ ਕ੍ਰਿਪਾਨ ਧਾਰਨ ਕੀਤੀ ਹੋਣ ਕਾਰਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਪਰ ਬਾਅਦ ਵਿਚ ਉਸ ਵਿਰੁੱਧ ਲਾਏ ਸਾਰੇ ਦੋਸ਼ ਵਾਪਸ ਲੈ ਲਏ ਗਏ।

Tags:    

Similar News