ਅਮਰੀਕਾ ਇਕ ਨਵਾਂ ਅਧਿਆਏ ਸਿਰਜਣ ਵਾਸਤੇ ਤਿਆਰ ਬਰ ਤਿਆਰ : ਬਰਾਕ ਓਬਾਮਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਮੰਗਲਵਾਰ ਨੂੰ ਡੈਮੋਕ੍ਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ ਵਿਚ ਪੁੱਜੇ ਅਤੇ 2008 ਦੇ ਚੋਣ ਪ੍ਰਚਾਰ ਵਾਲਾ ਨਾਹਰਾ ਦੁਹਰਾਇਆ।

Update: 2024-08-21 10:39 GMT

ਸ਼ਿਕਾਗੋ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਮੰਗਲਵਾਰ ਨੂੰ ਡੈਮੋਕ੍ਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ ਵਿਚ ਪੁੱਜੇ ਅਤੇ 2008 ਦੇ ਚੋਣ ਪ੍ਰਚਾਰ ਵਾਲਾ ਨਾਹਰਾ ਦੁਹਰਾਇਆ। ਅਫ਼ਰੀਕੀ ਮੂਲ ਦੇ ਪਹਿਲੇ ਰਾਸ਼ਟਰਪਤੀ ਹੋਣ ਦਾ ਮਾਣ ਹਾਸਲ ਕਰਨ ਵਾਲੇ ਬਰਾਕ ਓਬਾਮਾ ਨੇ 2008 ਵਿਚ ਨਾਹਰਾ ਦਿਤਾ ਸੀ, ‘ਯੈਸ, ਵੀ ਕੈਨ’ ਅਤੇ ਕਮਲਾ ਹੈਰਿਸ ਦੇ ਹੱਕ ਵਿਚ ਕਿਹਾ, ‘ਯੈਸ, ਸ਼ੀ ਕੈਨ’। ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਹਜ਼ਾਰਾਂ ਦੇ ਇਕੱਠ ਨੂੰ ਆਪਣੇ ਪਤੀ ਨਾਲ ਮਿਲਵਾਉਂਦਿਆਂ ਕਿਹਾ, ‘‘ਅਮਰੀਕਾ ਵਾਲਿਓ, ਉਮੀਦ ਇਕ ਵਾਰ ਫਿਰ ਵਾਪਸੀ ਕਰ ਰਹੀ ਹੈ।’’ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਬਰਾਕ ਓਬਾਮਾ ਦੇ ਕੌਮੀ ਕਨਵੈਨਸ਼ਨ ਵਿਚ ਪੁੱਜਣ ਅਤੇ ਕਮਲਾ ਹੈਰਿਸ ਦੀ ਜ਼ੋਰਦਾਰ ਹਮਾਇਤ ਕਰਨ ਦਾ ਡੂੰਘਾ ਅਸਰ ਹੋਵੇਗਾ। ਸ਼ਿਕਾਗੋ ਵਿਖੇ ਕਨਵੈਨਸ਼ਨ ਦੇ ਦੂਜੇ ਦਿਨ ਬਰਾਕ ਓਬਾਮਾ ਤੋਂ ਪਹਿਲਾਂ ਮਿਸ਼ੇਲ ਓਬਾਮਾ ਨੇ ਸੰਬੋਧਨ ਕੀਤਾ ਅਤੇ ਕਿਹਾ ਕਿ ਟਰੰਪ ਨੇ ਲੋਕਾਂ ਨੂੰ ਡਰਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਦਕਿ ਇਸ ਤੋਂ ਪਹਿਲਾਂ ਕਦੇ ਵੀ ਅਜਿਹਾ ਨਹੀਂ ਹੋਇਆ।

ਕਮਲਾ ਹੈਰਿਸ ਦੀ ਹਮਾਇਤ ਕਰਨ ਕੌਮੀ ਕਨਵੈਨਸ਼ਨ ਵਿਚ ਪੁੱਜੇ ਸਾਬਕਾ ਰਾਸ਼ਟਰਪਤੀ

ਟਰੰਪ ਨੂੰ ਤੰਗ ਸੋਚ ਵਾਲਾ ਸਿਆਸਤਦਾਨ ਕਰਾਰ ਦਿੰਦਿਆਂ ਮਿਸ਼ੇਲ ਓਬਾਮਾ ਨੇ ਆਖਿਆ ਕਿ ਕਦੇ ਕਾਲਿਆਂ ਦੀਆਂ ਨੌਕਰੀਆਂ ਅਤੇ ਕਦੇ ਕਾਲਿਆਂ ਉਤੇ ਜ਼ੁਲਮ ਵਰਗੇ ਸ਼ਬਦ ਬੋਲਣ ਵਾਲਾ ਆਗੂ ਮੁਲਕ ਦੇ ਹਰ ਵਰਗ ਦਾ ਭਲਾ ਕਿਵੇਂ ਕਰ ਸਕਦਾ ਹੈ। ਦੂਜੇ ਪਾਸੇ ਕਮਲਾ ਹੈਰਿਸ ਵੀਡੀਓ ਕਾਨਫਰੰਸਿੰਗ ਰਾਹੀਂ ਕੈਨਵੈਨਸ਼ਨ ਵਿਚ ਸ਼ਾਮਲ ਹੋਏ ਜੋ ਮਿਲਵੌਕੀ ਵਿਖੇ ਚੋਣ ਰੈਲੀ ਵਿਚ ਗਏ ਹੋਏ ਸਨ। ਕਮਲਾ ਹੈਰਿਸ ਅਤੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਿਮ ਵਾਲਜ਼ ਵੱਲੋਂ ਬਿਲਕੁਲ ਉਸੇ ਥਾਂ ’ਤੇ ਰੈਲੀ ਕੀਤੀ ਗਈ ਜਿਥੇ ਪਿਛਲੇ ਮਹੀਨੇ ਰਿਪਬਲਿਕਨ ਪਾਰਟੀ ਦੀ ਕੌਮੀ ਕਨਵੈਨਸ਼ਨ ਹੋਈ। ਇਸੇ ਦੌਰਾਨ ਬਰਾਕ ਓਬਾਮਾ ਨੇ ਮੁਲਕ ਵਿਚ ਇਕ ਅਜਿਹੇ ਰਾਸ਼ਟਰਪਤੀ ਦੀ ਵਕਾਲਤ ਕੀਤੀ ਜੋ ਕਰੋੜਾਂ ਲੋਕਾਂ ਦਾ ਖਿਆਲ ਰੱਖ ਸਕੇ। ਟਰੰਪ ਅਤੇ ਉਨ੍ਹਾਂ ਦੀ ਪਾਰਟੀ ਵੱਲੋਂ ਦਿਤੇ ਜਾ ਰਹੇ ਬਿਆਨਾਂ ਨੂੰ ਝੂਠ ਦੀ ਪੰਡ ਕਰਾਰ ਦਿੰਦਿਆਂ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਮੈਡੀਕੇਅਰ ਬੇਹੱਦ ਮਕਬੂਲ ਹੋ ਗਈ ਤਾਂ ਵਿਰੋਧੀ ਧਿਰ ਵਾਲੇ ਇਸ ਨੂੰ ਓਬਾਮਾਕੇਅਰ ਕਹਿਣ ਤੋਂ ਵੀ ਡਰਨ ਲੱਗੇ। ਓਬਾਮਾ ਨੇ ਦੋਸ਼ ਲਾਇਆ ਕਿ ਟਰੰਪ ਅਤੇ ਉਨ੍ਹਾਂ ਦੇ ਅਮੀਰ ਦਾਨੀ ਸੱਜਣ ਦੁਨੀਆਂ ਨੂੰ ਸਿਰਫ ਮੁਨਾਫੇ ਵਾਲੀ ਜਗ੍ਹਾ ਵਜੋਂ ਦੇਖਦੇ ਹਨ ਅਤੇ ਲੋਕਾਂ ਦੀ ਆਜ਼ਾਦੀ ਉਨ੍ਹਾਂ ਵਾਸਤੇ ਕੋਈ ਅਹਿਮੀਅਤ ਨਹੀਂ ਰਖਦੀ। ਭਾਸ਼ਣ ਵਿਚ ਜੋਸ਼ ਭਰਦਿਆਂ ਓਬਾਮਾ ਨੇ ਕਿਹਾ ਕਿ ਅਮਰੀਕਾ ਇਕ ਨਵੇਂ ਅਧਿਆਏ ਵਾਸਤੇ ਤਿਆਰ ਬਰ ਤਿਆਰ ਹੈ ਅਤੇ ਅਸੀਂ ਕਮਲਾ ਹੈਰਿਸ ਨੂੰ ਸੱਤਾ ਵਿਚ ਲਿਆਉਣ ਲਈ ਤਿਆਰ ਬਰ ਤਿਆਰ ਹਾਂ।

Tags:    

Similar News