ਅਮਰੀਕਾ : ਇੰਮੀਗ੍ਰੇਸ਼ਨ ਅਦਾਲਤਾਂ ਵਿਚੋਂ ਚੁੱਕੇ 16000 ਪ੍ਰਵਾਸੀ
ਅਮਰੀਕਾ ਦੀਆਂ ਇੰਮੀਗ੍ਰੇਸ਼ਨ ਅਦਾਲਤਾਂ ਆਈਸ ਏਜੰਟਾਂ ਦਾ ਨਵਾਂ ਅੱਡਾ ਬਣ ਚੁੱਕੀਆਂ ਹਨ ਜਿਥੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜ-ਫੜ ਕੇ ਡਿਪੋਰਟ ਕੀਤਾ ਜਾ ਰਿਹਾ ਹੈ।
ਨਿਊ ਯਾਰਕ : ਅਮਰੀਕਾ ਦੀਆਂ ਇੰਮੀਗ੍ਰੇਸ਼ਨ ਅਦਾਲਤਾਂ ਆਈਸ ਏਜੰਟਾਂ ਦਾ ਨਵਾਂ ਅੱਡਾ ਬਣ ਚੁੱਕੀਆਂ ਹਨ ਜਿਥੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜ-ਫੜ ਕੇ ਡਿਪੋਰਟ ਕੀਤਾ ਜਾ ਰਿਹਾ ਹੈ। ਨਿਊ ਯਾਰਕ, ਸਿਐਟਲ, ਸ਼ਿਕਾਗੋ, ਲੌਸ ਐਂਜਲਸ ਅਤੇ ਮਿਆਮੀ ਦੀਆਂ ਇੰਮੀਗ੍ਰੇਸ਼ਨ ਅਦਾਲਤਾਂ ਵਿਚੋਂ ਸੈਂਕੜਿਆਂ ਦੇ ਹਿਸਾਬ ਨਾਲ ਪ੍ਰਵਾਸੀਆਂ ਨੂੰ ਚੁੱਕਿਆ ਜਾ ਰਿਹਾ ਹੈ ਜੋ ਆਪਣੇ ਮੁਕੱਦਮੇ ਦੀ ਸੁਣਵਾਈ ਲਈ ਪੁੱਜਦੇ ਹਨ। ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਪ੍ਰਵਾਸੀਆਂ ਨਾਲ ਚਾਲ ਖੇਡੀ ਜਾ ਰਹੀ ਹੈ। ਮਾਮਲੇ ਦੀ ਸੁਣਵਾਈ ਕਰ ਰਿਹਾ ਜੱਜ ਜਦੋਂ ਪੇਸ਼ੀ ਦੀ ਅਗਲੀ ਤਰੀਕ ਤੈਅ ਕਰਨ ਲਗਦਾ ਹੈ ਤਾਂ ਸਰਕਾਰੀ ਵਕੀਲ ਮੁਕੱਦਮਾ ਵਾਪਸ ਲੈਣ ਦੀ ਇੱਛਾ ਜ਼ਾਹਰ ਕਰ ਦਿੰਦਾ ਹੈ ਜਿਸ ਮਗਰੋਂ ਅਦਾਲਤੀ ਫ਼ੈਸਲਾ ਪ੍ਰਵਾਸੀ ਦੇ ਹੱਕ ਵਿਚ ਆ ਜਾਂਦਾ ਹੈ ਪਰ ਇਥੋਂ ਹੀ ਅਸਲ ਖੇਡ ਸ਼ੁਰੂ ਹੁੰਦੀ ਹੈ। ਜਿਉਂ ਹੀ ਪ੍ਰਵਾਸੀ ਅਦਾਲਤ ਤੋਂ ਬਾਹਰ ਆਉਂਦਾ ਹੈ ਤਾਂ ਸਾਦੇ ਕੱਪੜਿਆਂ ਵਿਚ ਮੌਜੂਦ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲੇ ਉਸ ਨੂੰ ਹਥਕੜੀਆਂ ਲਾ ਕੇ ਲੈ ਜਾਂਦੇ ਹਨ ਅਤੇ ਕੁਝ ਹੀ ਦਿਨਾਂ ਵਿਚ ਇਕ ਅਣਜਾਣ ਮੁਲਕ ਵਿਚ ਡਿਪੋਰਟ ਕਰ ਦਿਤਾ ਜਾਂਦਾ ਹੈ।
ਆਈਸ ਨੇ ਟੀਚਾ ਪੂਰਾ ਲਈ ਅਦਾਲਤਾਂ ਦੇ ਬਾਹਰ ਲਾਏ ਡੇਰੇ
ਸਿਐਟਲ ਦੀ ਅਦਾਲਤ ਵਿਚ ਪੇਸ਼ ਇਕ ਭਾਰਤੀ ਦੀ ਮਿਸਾਲ ਇਥੇ ਦਿਤੀ ਜਾ ਸਕਦੀ ਹੈ ਜੋ ਪੇਸ਼ੀ ਭੁਗਤਣ ਪੁੱਜਾ ਤਾਂ ਜੱਜ ਨੇ ਸੁਣਵਾਈ ਦੀ ਅਗਲੀ ਤਰੀਕ 2 ਸਾਲ ਬਾਅਦ ਤੈਅ ਕਰ ਦਿਤੀ ਪਰ ਇਸੇ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ ਉਹ ਮੁਕੱਦਮਾ ਜਾਰੀ ਰੱਖਣਾ ਨਹੀਂ ਚਾਹੁੰਦੇ। ਜੱਜ ਨੂੰ ਵੀ ਤਸੱਲੀ ਹੋ ਗਈ ਅਤੇ ਭਾਰਤ ਤੋਂ ਆਏ ਪ੍ਰਵਾਸੀਆਂ ਨੂੰ ਆਖ ਦਿਤਾ ਗਿਆ ਕਿ ਉਹ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਬਤੀਤ ਕਰ ਸਕਦਾ ਹੈ। ਇੰਮੀਗ੍ਰੇਸ਼ਨ ਅਦਾਲਤ ਦਾ ਫੈਸਲਾ ਆਉਂਦਿਆਂ ਹੀ ਆਈਸ ਵਾਲਿਆਂ ਨੇ ਹਥਕੜੀਆਂ ਕੱਢ ਲਈਆਂ ਅਤੇ ਭਾਰਤੀ ਦੇ ਬਾਹਰ ਆਉਂਦਿਆਂ ਹੀ ਉਸ ਨੂੰ ਕਾਬੂ ਕਰ ਕੇ ਡਿਟੈਨਸ਼ਨ ਸੈਂਟਰ ਭੇਜ ਦਿਤਾ ਗਿਆ। ਅਮਰੀਕਾ ਵਿਚ ਹੁਣ ਤੱਕ ਇੰਮੀਗ੍ਰੇਸ਼ਨ ਅਦਾਲਤਾਂ ਦੇ ਅੰਦਰ ਜਾਂ ਬਾਹਰ ਗ੍ਰਿਫ਼ਤਾਰੀਆਂ ਕਦੇ-ਕਦਾਈਂ ਹੀ ਨਜ਼ਰ ਆਉਂਦੀਆਂ ਸਨ ਅਤੇ ਸਿਰਫ਼ ਅਪਰਾਧਕ ਪਿਛੋਕੜ ਵਾਲੇ ਪ੍ਰਵਾਸੀਆਂ ਨੂੰ ਹੀ ਅਦਾਲਤਾਂ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਜਾਂਦਾ। ਇਸੇ ਦੌਰਾਨ ਕੈਲੇਫੋਰਨੀਆ ਦੇ ਇੰਮੀਗ੍ਰੇਸ਼ਨ ਵਕੀਲ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਅਮਰੀਕਾ ਪੁੱਜਿਆਂ 2 ਸਾਲ ਤੋਂ ਘੱਟ ਸਮਾਂ ਹੋਇਆ ਅਤੇ ਅਦਾਲਤਾਂ ਵਿਚ ਬਿਆਨ ਦਰਜ ਨਹੀਂ ਹੋਏ।
2 ਸਾਲ ਪਹਿਲਾਂ ਅਮਰੀਕਾ ਆਏ ਪ੍ਰਵਾਸੀਆਂ ਨੂੰ ਵੱਧ ਖਤਰਾ
ਜਸਪ੍ਰੀਤ ਸਿੰਘ ਮੁਤਾਬਕ ਐਲਾਬਾਮਾ, ਲੂਈਜ਼ਿਆਨਾ, ਮਿਸੀਸਿਪੀ ਅਤੇ ਟੈਕਸਸ ਵਰਗੇ ਰਾਜਾਂ ਵਿਚ ਇਹ ਰੁਝਾਨ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਮਿਆਮੀ ਦੇ ਇੰਮੀਗ੍ਰੇਸ਼ਨ ਵਕੀਲ ਵਿਲਫਰੈਡੋ ਐਲਨ ਦਾ ਕਹਿਣਾ ਸੀ ਕਿ ਅਦਾਲਤੀ ਮੁਕੱਦਮਾ ਰੱਦ ਹੋਣ ਮਗਰੋਂ ਆਈਸ ਏਜੰਟਾਂ ਨੂੰ ਖੁੱਲ੍ਹ ਮਿਲ ਜਾਂਦੀ ਹੈ ਅਤੇ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ਦੇ ਰਾਹ ਵਿਚ ਕੋਈ ਅੜਿੱਕਾ ਬਾਕੀ ਨਹੀਂ ਰਹਿ ਜਾਂਦਾ। ਕੋਈ ਅਪਰਾਧਕ ਪਿਛੋਕੜ ਨਾ ਹੋਣ ਦੇ ਬਾਵਜੂਦ ਪ੍ਰਵਾਸੀਆਂ ਨੂੰ ਬਖਸ਼ਿਆ ਨਹੀਂ ਜਾ ਰਿਹਾ। ਇਕ ਹੋਰ ਮਿਸਾਲ ਜਲਦ ਵਿਆਹ ਕਰਵਾਉਣ ਦੀ ਯੋਜਨਾ ਬਣਾ ਚੁੱਕੇ ਇਕ ਜੋੜੇ ਦੀ ਹੈ। ਦੋਵੇਂ ਜਣੇ ਸਤੰਬਰ 2022 ਵਿਚ ਮਿਲੇ ਸਨ ਅਤੇ ਕਾਫ਼ੀ ਸਮਾਂ ਇਕੱਠੇ ਰਹਿਣ ਮਗਰੋਂ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ। ਮੁੰਡਾ ਇੰਮੀਗ੍ਰੇਸ਼ਨ ਅਦਾਲਤ ਵਿਚ ਪੇਸ਼ੀ ਭੁਗਤਣ ਗਿਆ ਤਾਂ ਆਈਸ ਵਾਲਿਆਂ ਨੇ ਫੜ ਕੇ ਡਿਪੋਰਟ ਕਰ ਦਿਤਾ ਜਦਕਿ ਉਸ ਦੀ ਮੰਗੇਤਰ ਉਡੀਕ ਕਰਦੀ ਰਹਿ ਗਈ। ਉਧਰ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਨੇ ਕਿਹਾ ਕਿ ਸਿਰਫ ਉਨ੍ਹਾਂ ਲੋਕਾਂ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਜਲਦ ਤੋਂ ਜਲਦ ਡਿਪੋਰਟ ਕੀਤਾ ਜਾਣਾ ਲਾਜ਼ਮੀ ਹੈ। ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਹੁਣ ਪ੍ਰਵਾਸੀਆਂ ਨੇ ਪੇਸ਼ੀਆਂ ’ਤੇ ਜਾਣਾ ਹੀ ਬੰਦ ਕਰ ਦੇਣਾ ਹੈ।