ਅਮਰੀਕਾ ਵਿਚ ਸਮੁੰਦਰੀ ਤੂਫਾਨ ਮਗਰੋਂ 5 ਰਾਜਾਂ ਵਿਚ ਹਾਹਾਕਾਰ

ਅਮਰੀਕਾ ਦੇ ਪੰਜ ਰਾਜਾਂ ਵਿਚ ਸਮੁੰਦਰੀ ਤੂਫਾਨ ਦੀ ਤਬਾਹੀ ਮਗਰੋਂ ਹਾਹਾਕਾਰ ਮਚ ਗਈ ਜਦੋਂ ਬਿਜਲੀ ਸਪਲਾਈ ਬਹਾਲ ਨਾ ਹੋਣ ਕਾਰਨ ਭੀੜ ਨੇ ਜੈਨਰੇਟਰ ਲੁੱਟਣੇ ਸ਼ੁਰੂ ਕਰ ਦਿਤੇ।

Update: 2024-09-30 12:13 GMT

ਐਟਲਾਂਟਾ : ਅਮਰੀਕਾ ਦੇ ਪੰਜ ਰਾਜਾਂ ਵਿਚ ਸਮੁੰਦਰੀ ਤੂਫਾਨ ਦੀ ਤਬਾਹੀ ਮਗਰੋਂ ਹਾਹਾਕਾਰ ਮਚ ਗਈ ਜਦੋਂ ਬਿਜਲੀ ਸਪਲਾਈ ਬਹਾਲ ਨਾ ਹੋਣ ਕਾਰਨ ਭੀੜ ਨੇ ਜੈਨਰੇਟਰ ਲੁੱਟਣੇ ਸ਼ੁਰੂ ਕਰ ਦਿਤੇ। ਮੀਡੀਆ ਰਿਪੋਰਟਾਂ ਮੁਤਾਬਕ ਐਤਵਾਰ ਬਾਅਦ ਦੁਪਹਿਰ ਤੱਕ 25 ਲੱਖ ਘਰਾਂ ਦੀ ਬਿਜਲੀ ਗੁੱਲ ਸੀ ਅਤੇ ਗੈਸ ਸਟੇਸ਼ਨਾਂ ’ਤੇ ਲੰਮੀਆਂ ਕਤਾਰਾਂ ਨਜ਼ਰ ਆਈਆਂ। ਦੂਜੇ ਪਾਸੇ ਹਰੀਕੇਨ ‘ਹੈਲਨ’ ਕਾਰਨ ਮਰਨ ਵਾਲਿਆਂ ਦੀ ਗਿਣਤੀ 89 ਹੋ ਚੁੱਕੀ ਹੈ ਅਤੇ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਹੈ। ਫਲੋਰੀਡਾ ਤੋਂ ਇਲਾਵਾ ਜਾਰਜੀਆ, ਸਾਊਥ ਕੈਰੋਲਾਈਨਾ, ਨੌਰਥ ਕੈਰੋਲਾਈਨਾ ਅਤੇ ਵਰਜੀਨੀਆ ਵਿਚ ਬਿਜਲੀ ਸਪਲਾਈ ਨੂੰ ਲੈ ਕੇ ਬਦਤਰ ਹਾਲਾਤ ਦੇਖਣ ਨੂੰ ਮਿਲੇ। ਜਾਰਜੀਆ ਦੇ ਅਗਸਤਾ ਇਲਾਕੇ ਵਿਚ ਗੱਡੀਆਂ ਦੀ ਮੀਲਾਂ ਲੰਮੀ ਕਤਾਰ ਦਿਖਾਉਂਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜੋ ਸੰਭਾਵਤ ਤੌਰ ’ਤੇ ਸ਼ਨਿੱਚਰਵਾਰ ਨੂੰ ਰਿਕਾਰਡ ਕੀਤੀ ਗਈ।

ਬਿਜਲੀ ਸਪਲਾਈ ਬਹਾਲ ਨਾ ਹੋਣ ਕਾਰਨ ਜੈਨਰੇਟਰ ਲੁੱਟਣ ਲੱਗੇ ਲੋਕ

ਹਜ਼ਾਰਾਂ ਘਰਾਂ ਵਿਚ ਖਾਣ ਲਈ ਕੁਝ ਨਹੀਂ ਬਚਿਆ ਜਦਕਿ ਗਰੌਸਰੀ ਸਟੋਰ ਵੀ ਖਾਲੀ ਨਜ਼ਰ ਆ ਰਹੇ ਹਨ। ਕਈ ਥਾਵਾਂ ’ਤੇ ਹਵਾਈ ਰਸਤੇ ਜ਼ਰੂਰੀ ਸਮਾਨ ਪਹੁੰਚਾਇਆ ਜਾ ਰਿਹਾ ਹੈ ਪਰ ਲੋੜਵੰਦਾਂ ਦੀ ਗਿਣਤੀ ਨੂੰ ਵੇਖਦਿਆਂ ਇਹ ਨਾਕਾਫ਼ੀ ਹੈ। ਨੌਰਥ ਕੈਰੋਲਾਈਨਾ ਦੇ ਐਸ਼ਵਿਲ ਵਿਖੇ ਸੰਚਾਰ ਪ੍ਰਣਾਲੀ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜਦਕਿ ਪੀੜਤ ਲੋਕ ਮਦਦ ਲਈ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਉਮੀਦ ਕਰ ਰਹੇ ਹਨ। ਐਸ਼ਵਿਲ ਤੋਂ ਡੇਢ ਹਜ਼ਾਰ ਕਿਲੋਮੀਟਰ ਦੂਰ ਟੈਕਸਸ ਵਿਚ ਮੌਜੂਦਾ ਜੈਸਿਕਾ ਸੋਸ਼ਲ ਮੀਡੀਆ ਰਾਹੀਂ ਮਦਦ ਦੀਆਂ ਅਪੀਲਾਂ ਕਰ ਰਹੀ ਹੈ ਜਿਸ ਦਾ ਪਰਵਾਰ ਐਸ਼ਵਿਲ ਦੇ ਘਰ ਦੀ ਛੱਤ ’ਤੇ ਫਸਿਆ ਹੋਇਆ ਹੈ। ਆਲੇ ਦੁਆਲੇ ਸਿਰਫ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ ਅਤੇ ਘਰਾਂ ਦੀਆਂ ਸਿਰਫ ਛੱਤਾਂ ਨਜ਼ਰ ਆ ਰਹੀਆਂ ਹਨ।

ਗੈਸ ਸਟੇਸ਼ਨਾਂ ’ਤੇ ਲੱਗੀਆਂ ਲੰਮੀਆਂ ਕਤਾਰਾਂ

ਇਸੇ ਦੌਰਾਨ ਜਾਰਜੀਆ ਦੇ ਗਵਰਨਰ ਬ੍ਰਾਇਨ ਕੈਂਪ ਨੇ ਕਿਹਾ ਕਿ ਸਮੁੰਦਰੀ ਤੂਫਾਨ ਇਕ ਬੰਬ ਵਾਂਗ ਫਟਿਆ ਅਤੇ ਤਬਾਹੀ ਮਚਾਉਂਦਾ ਹੋਇਆ ਚਲਾ ਗਿਆ। ਹਾਈਵੇਜ਼ ਮਲਬੇ ਨਾਲ ਭਰ ਗਏ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਰਿਕਾਰਡ ਤੋੜ ਮੀਂਹ ਕਾਰਨ ਕਈ ਡੈਮ ਓਵਰਫਲੋਅ ਹੋਣ ਦੇ ਕੰਢੇ ਪੁੱਜ ਗਏ ਅਤੇ ਫਲੱਡ ਗੇਟਸ ਖੋਲ੍ਹਣ ਕਰ ਕੇ ਨੁਕਸਾਨ ਵਧ ਗਿਆ। ਨੌਰਥ ਕੈਰੋਲਾਈਨਾ ਦੇ ਇੰਟਰਸਟੇਟ 40 ਅਤੇ ਹੋਰ ਸੜਕਾਂ ਬੰਦ ਹੋਣ ਕਾਰਨ ਲੋਕ ਸੁਰੱਖਿਅਤ ਥਾਵਾਂ ਵੱਲ ਨਾ ਜਾ ਸਕੇ ਅਤੇ ਹੁਣ ਇਨ੍ਹਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਲੋਕਾਂ ਵੱਲੋਂ ਰੀਝਾਂ ਨਾਲ ਬਣਾਏ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ ਅਤੇ ਉਹ ਰੋਅ ਰੋਅ ਆਪਣੀ ਕਹਾਣੀ ਸੁਣਾਉਣ ਲਈ ਮਜਬੂਰ ਹਨ।

Tags:    

Similar News