ਕੈਨੇਡਾ ਮਗਰੋਂ ਆਸਟ੍ਰੇਲੀਆ ਵਿਚ ਵੀ ਘਿਰੇ ਪੰਜਾਬੀ

ਕੈਨੇਡਾ ਮਗਰੋਂ ਆਸਟ੍ਰੇਲੀਆ ਵਸਦੇ ਪੰਜਾਬੀਆਂ ਨੂੰ ਵੀ ਗੈਂਗਸਟਰਾਂ ਦੇ ਧਮਕੀਆਂ ਭਰੇ ਫੋਨ ਜਾਣੇ ਸ਼ੁਰੂ ਹੋ ਗਏ ਹਨ ਅਤੇ ਫੋਨ ਕਰਨ ਵਾਲੇ ਮੋਟੀ ਰਕਮ ਦੀ ਮੰਗ ਕਰ ਰਹੇ ਹਨ।

Update: 2024-07-26 11:30 GMT

ਸਿਡਨੀ : ਕੈਨੇਡਾ ਮਗਰੋਂ ਆਸਟ੍ਰੇਲੀਆ ਵਸਦੇ ਪੰਜਾਬੀਆਂ ਨੂੰ ਵੀ ਗੈਂਗਸਟਰਾਂ ਦੇ ਧਮਕੀਆਂ ਭਰੇ ਫੋਨ ਜਾਣੇ ਸ਼ੁਰੂ ਹੋ ਗਏ ਹਨ ਅਤੇ ਫੋਨ ਕਰਨ ਵਾਲੇ ਮੋਟੀ ਰਕਮ ਦੀ ਮੰਗ ਕਰ ਰਹੇ ਹਨ। ਸਿਡਨੀ ਰਹਿੰਦੇ ਪੰਜਾਬੀ ਸੁਖਚਰਨ ਸਿੰਘ ਬਲ ਦੇ ਪੰਜਾਬ ਵਿਚ ਘਰ ’ਤੇ ਗੋਲੀਆਂ ਚੱਲਣ ਦੀ ਰਿਪੋਰਟ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਲਾਰੈਂਸ ਬਿਸ਼ਨੋਈ ਦੇ ਸਾਥੀ ਸਨ। ਸੁਖਚਰਨ ਸਿੰਘ ਬੱਲ ਵੱਲੋਂ ਆਸਟ੍ਰੇਲੀਅਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਦਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ ਪੈਂਦੇ ਕੱਥੂਨੰਗਲ ਪੁਲਿਸ ਥਾਣੇ ਵਿਚ ਵੀ ਆਨਲਾਈਨ ਸ਼ਿਕਾਇਤ ਭੇਜੀ ਹੈ। ਪਿੰਡ ਜੈਂਤੀਪੁਰ ਵਿਖੇ ਸਥਿਤ ਸੁਖਚਰਨ ਸਿੰਘ ਦੇ ਜੱਦੀ ਘਰ ਦੇ ਬਾਹਰੋਂ ਅੱਠ ਚੱਲੇ ਹੋਏ ਕਾਰਤੂਸ ਬਰਾਮਦ ਹੋਣ ਦੀ ਰਿਪੋਰਟ ਹੈ ਅਤੇ ਪੁਲਿਸ ਵੱਲੋਂ ਅਣਪਛਾਤੇ ਸ਼ੱਕੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

ਗੈਂਗਸਟਰਾਂ ਤੋਂ ਜਬਰੀ ਵਸੂਲੀ ਦੀਆਂ ਕਾਲਾਂ ਜਾਣ ਲੱਗੀਆਂ

ਸੁਖਚਰਨ ਸਿੰਘ ਬੱਲ ਦਾ ਕਹਿਣਾ ਹੈ ਕਿ ਉਸ ਦੇ ਵਟਸਐਪ ਨੰਬਰ ’ਤੇ ਲਾਰੈਂਸ ਬਿਸ਼ਨੋਈ ਗਿਰੋਹ ਦੀ ਕਾਲ ਆਈ ਅਤੇ ਮੋਟੀ ਰਕਮ ਦੀ ਮੰਗ ਕੀਤੀ ਗਈ। ਸੁਖਚਰਨ ਸਿੰਘ ਵੱਲੋਂ ਕਾਲ ਕਰਨ ਵਾਲੇ ਦੀ ਆਵਾਜ਼ ਦਾ ਨਮੂਨਾ ਅਤੇ ਪਿੰਡ ਜੈਂਤੀਪੁਰ ਵਿਖੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਪੁਲਿਸ ਨੂੰ ਮੁਹੱਈਆ ਕਰਵਾਉਣ ਦਾ ਭਰੋਸਾ ਦਿਤਾ ਗਿਆ ਹੈ। ਦੂਜੇ ਪਾਸੇ ਪੁਲਿਸ ਦੀ ਇਕ ਪੈਟਰੋÇਲੰਗ ਪਾਰਟੀ ਨੇ ਵੀ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਤਿੰਨ ਨੌਜਵਾਨ ਮੋਟਰਸਾਈਕਲ ’ਤੇ ਫਰਾਰ ਹੋ ਗਏ। ਪੁਲਿਸ ਵੱਲੋਂ ਬੀ.ਐਨ.ਐਸ. ਦੀ ਧਾਰਾ 125 ਅਤੇ ਧਾਰਾ 25 ਤੇ 27 ਅਧੀਨ ਕਾਰਵਾਈ ਕਰਦਿਆਂ ਸ਼ੱਕੀਆਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੇ ਬੀ.ਸੀ., ਉਨਟਾਰੀਓ ਅਤੇ ਐਲਬਰਟਾ ਵਿਚ ਵਸਦੇ ਭਾਰਤੀ ਕਾਰੋਬਾਰੀਆਂ ਨੂੰ ਵੀ ਧਮਕੀਆਂ ਭਰੇ ਫੋਨ ਆ ਰਹੇ ਹਨ ਅਤੇ ਮੋਟੀਆਂ ਰਕਮਾਂ ਮੰਗੀਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਸਰੀ ਵਿਖੇ ਕੈਨੇਡੀਅਨ ਟ੍ਰਕਿੰਗ ਐਸੋਸੀਏਸ਼ਨ ਦੀ ਬੀ.ਸੀ. ਇਕਾਈ ਵੱਲੋਂ ਕਰਵਾਏ ਇਕੱਠ ਦੌਰਾਨ ਜਬਰੀ ਵਸੂਲੀ ਦੀਆਂ ਕਾਲਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ।

ਪੰਜਾਬ ਵਿਚ ਐਨ.ਆਰ.ਆਈ. ਦੇ ਘਰ ’ਤੇ ਲਾਰੈਂਸ ਗਿਰੋਹ ਦਾ ਕਥਿਤ ਹਮਲਾ

ਇਕੱਠ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸੰਘੇੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਭਰੇ ਫੋਨ ਆ ਰਹੇ ਹਨ ਅਤੇ ਮੰਗੀ ਗਈ ਰਕਮ ਅਦਾ ਨਾ ਕਰਨ ’ਤੇ ਰੇਂਜ ਰੋਵਰ ਗੱਡੀ ਸਾੜਨ ਦਾ ਡਰਾਵਾ ਵੀ ਦਿਤਾ ਗਿਆ ਹੈ। ਰਿਲਾਇੰਸ ਲੌਜਿਸਟਿਕਸ ਨਾਂ ਦੀ ਕੰਪਨੀ ਚਲਾ ਰਹੇ ਪਰਮਿੰਦਰ ਸੰਘੇੜਾ ਨੇ ਕਿਹਾ ਕਿ ਉਹ 1996 ਵਿਚ ਕੈਨੇਡਾ ਆਏ ਸਨ ਅਤੇ ਆਪਣੀ ਮਿਹਨਤ ਨਾਲ ਕਾਰੋਬਾਰ ਖੜ੍ਹਾ ਕੀਤਾ ਜਦਕਿ ਹੁਣ ਕੁਝ ਗੈਂਗਸਟਰ ਇਸ ਕਮਾਈ ਦਾ ਹਿੱਸਾ ਮੰਗ ਰਹੇ ਹਨ। ਪਰਮਿੰਦਰ ਸੰਘੇੜਾ ਨੇ ਦੋਸ਼ ਲਾਇਆ ਕਿ ਕੈਨੇਡੀਅਨ ਕਾਨੂੰਨ ਬੇਹੱਦ ਨਰਮ ਹੋਣ ਕਾਰਨ ਗੈਂਗਸਟਰਾਂ ਦੀ ਹਿੰਮਤ ਵਧ ਜਾਂਦੀ ਹੈ। ਦੂਜੇ ਪਾਸੇ ਹਾਈਵੇਅ ਕਿੰਗ ਟ੍ਰਾਂਸਪੋਰਟ ਕੰਪਨੀ ਦੇ ਜਸ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਸਾਲ ਗਰਮੀਆਂ ਤੋਂ ਧਮਕੀਆਂ ਭਰੇ ਫੋਨ ਆ ਰਹੇ ਹਨ ਅਤੇ ਫੋਨ ਕਰਨ ਵਾਲੇ ਹਰ ਵਾਰ ਰਕਮ ਦੀ ਮੰਗ ਕਰਦੇ ਹਨ। ਵੈਦਿਕ ਹਿੰਦੂ ਕਲਚਰਲ ਸੋਸਾਇਟੀ ਦੀ ਬੀ.ਸੀ. ਇਕਾਈ ਦੇ ਪ੍ਰਧਾਨ ਸਤੀਸ਼ ਕੁਮਾਰ ਦਾ ਕਹਿਣਾ ਸੀ ਕਿ ਸਰਕਾਰ ਦੇ ਹਰ ਪੱਧਰ ’ਤੇ ਇਸ ਮਸਲੇ ਨਾਲ ਨਜਿੱਠਣ ਲਈ ਸਖਤ ਕਦਮ ਉਠਾਏ ਜਾਣ ਦੀ ਲੋੜ ਹੈ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਆਸਟ੍ਰੇਲੀਆ ਵਸਦੇ ਪੰਜਾਬੀਆਂ ਨੂੰ ਵੀ ਜਬਰੀ ਵਸੂਲੀਆਂ ਦੀਆਂ ਕਾਲਾਂ ਜਾਣ ਤੋਂ ਭਾਈਚਾਰਾ ਫਿਕਰਮੰਦ ਹੈ।

Tags:    

Similar News