ਆਸਟ੍ਰੇਲੀਆ ਵਿਚ ਸਿੱਖ ਬੱਚੇ ਨੂੰ ਬੱਸ ਨੇ ਦਰੜਿਆ
ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਵਿਚ ਸਾਈਕਲ ’ਤੇ ਸਕੂਲ ਜਾ ਰਹੇ 11 ਸਾਲ ਦੇ ਸਿੱਖ ਬੱਚੇ ਨੂੰ ਬੱਸ ਨੇ ਦਰੜ ਦਿਤਾ। ਮੀਡੀਆ ਰਿਪੋਰਟਾਂ ਗੁਰਮੰਤਰ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਸਨਸ਼ਾਈਨ ਕੋਸਟ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ;
ਬ੍ਰਿਸਬੇਨ : ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਵਿਚ ਸਾਈਕਲ ’ਤੇ ਸਕੂਲ ਜਾ ਰਹੇ 11 ਸਾਲ ਦੇ ਸਿੱਖ ਬੱਚੇ ਨੂੰ ਬੱਸ ਨੇ ਦਰੜ ਦਿਤਾ। ਮੀਡੀਆ ਰਿਪੋਰਟਾਂ ਗੁਰਮੰਤਰ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਸਨਸ਼ਾਈਨ ਕੋਸਟ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਗੁਰਮੰਤਰ ਸਿੰਘ ਅਕਸਰ ਆਪਣੇ ਪਿਤਾ ਦਲਜਿੰਦਰ ਸਿੰਘ ਨਾਲ ਸਕੂਲ ਜਾਂਦਾ ਪਰ ਹਾਦਸੇ ਵਾਲੇ ਦਿਨ ਉਹ ਪਹਿਲੀ ਵਾਰ ਸਾਈਕਲ ’ਤੇ ਸਕੂਲ ਰਵਾਨਾ ਹੋਇਆ।
11 ਸਾਲ ਦਾ ਗੁਰਮੰਤਰ ਸਿੰਘ ਸਾਈਕਲ ’ਤੇ ਜਾ ਰਿਹਾ ਸੀ ਸਕੂਲ
ਉਹ ਆਪਣੇ ਘਰ ਸਿਰਫ 50 ਮੀਟਰ ਦੂਰੀ ’ਤੇ ਸੀ ਜਦੋਂ ਬੁਡਾਰਿਮ ਸ਼ਹਿਰ ਦੀ ਜਿੰਗਾਲਿਕ ਡਰਾਈਵ ਨੇੜੇ ਇਕ ਸਕੂਲ ਬੱਸ ਨੇ ਟੱਕਰ ਮਾਰ ਦਿਤੀ। ਮੋਗਾ ਜ਼ਿਲ੍ਹੇ ਦੇ ਪਿੰਡ ਚੂਹੜਚੱਕ ਨਾਲ ਸਬੰਧਤ ਗੁਰਮੰਤਰ ਸਿੰਘ ਗਿੱਲ ਗੌਲਫ ਦਾ ਬਿਹਤਰੀਨ ਖਿਡਾਰੀ ਸੀ ਅਤੇ ਪਿਛਲੇ ਦਿਨੀਂ ਉਸ ਨੇ ਇਕ ਗੌਲਫ ਟੂਰਨਾਮੈਂਟ ਜਿੱਤਿਆ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸੇ ਵੇਲੇ ਬੱਸ ਵਿਚ ਛੇ ਬੱਚੇ ਸਵਾਰ ਸਨ ਜਿਨ੍ਹਾਂ ਨੂੰ ਕੋਈ ਸੱਟ-ਫੇਟ ਨਹੀਂ ਵੱਜੀ। ਬੱਸ ਡਰਾਈਵਰ ਦੀ ਉਮਰ ਤਕਰੀਬਨ 65 ਸਾਲ ਦੱਸੀ ਜਾ ਰਹੀ ਹੈ ਜਿਸ ਵਿਰੁੱਧ ਪੁਲਿਸ ਵੱਲੋਂ ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ ਗਈ। ਸ਼ੁੱਕਰਵਾਰ ਨੂੰ ਗੁਰਮੰਤਰ ਸਿੰਘ ਦਾ ਅੰਤਮ ਸਸਕਾਰ ਕਰ ਦਿਤਾ ਗਿਆ ਜਿਸ ਦਾ ਪਰਵਾਰ ਡੂੰਘੇ ਸਦਮੇ ਵਿਚ ਹੈ।
ਮੋਗਾ ਜ਼ਿਲ੍ਹੇ ਦੇ ਪਿੰਡ ਚੂਹੜਚੱਕ ਨਾਲ ਸਬੰਧਤ ਪਰਵਾਰ ਸਦਮੇ ਵਿਚ
ਪਰਵਾਰ ਵੱਲੋਂ ਅੰਤਮ ਸਸਕਾਰ ਮੌਕੇ ਲਿਖੇ ਬਿਆਨ ਵਿਚ ਕਿਹਾ ਗਿਆ, ‘‘ਬੇਹੱਦ ਦੁਖੀ ਹਿਰਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਸਾਡੇ ਦਿਲ ਦਾ ਟੁਕੜਾ ਗੁਰਮੰਤਰ ਸਿੰਘ ਗਿੱਲ ਸੜਕ ਹਾਦਸੇ ਦੌਰਾਨ ਸਦੀਵੀ ਵਿਛੋੜਾ ਦੇ ਗਿਆ। ਗੁਰਮੰਤਰ ਸਿੰਘ ਸਾਡੇ ਨਾਲ ਬਹੁਤ ਥੋੜ੍ਹਾ ਸਮਾਂ ਰਿਹਾ ਪਰ ਉਸ ਦੀਆਂ ਯਾਦਾਂ ਸਾਡੇ ਦਿਲਾਂ ਵਿਚ ਹਮੇਸ਼ਾ ਤਾਜ਼ਾ ਰਹਿਣਗੀਆਂ।’’